ਜਗਰਾਓਂ ਚ ਬੇਰਹਿਮੀ ਨਾਲ ਪਾਠੀ ਸਿੰਘ ਨੂੰ ਕੁੱਟਣ ਦੀ ਵੀਡੀਓ ਵਾਈਰਲ ਹੋਣ ‘ਤੇ ਬਾਬੇ ਸਮੇਤ ਸੇਵਾਦਾਰ ਚੁੱਕੇ
ਜਗਰਾਉਂ ਦੇ ਪਿੰਡ ਕਮਾਲਪੁਰਾ ਤੋਂ ਬਿਜੰਲ ਰਸਤੇ ‘ਚ ਸਥਿਤ ਇਕ ਧਾਰਮਿਕ ਡੇਰੇ ਦੇ ਬਾਬੇ ਵੱਲੋਂ ਆਪਣੇ ਸੇਵਾਦਾਰਾਂ ਨਾਲ ਮਿਲ ਕੇ ਨੌਜਵਾਨ ਪਾਠੀ ਸਿੰਘ ਨੂੰ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਹਠੂਰ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਨੌਜਵਾਨ ਪਾਠੀ ਨੂੰ ਕੁੱਟਣ ਵਾਲੇ ਬਾਬੇ ਅਤੇ ਉਸ ਦੇ ਚਾਰੇ ਸੇਵਾਦਾਰਾਂ ਨੂੰ ਪੁੱਛ-ਗਿੱਛ ਲਈ ਰਾਉਂਡ ਅੱਪ ਕਰ ਲਿਆ ਹੈ। ਜਾਣਕਾਰੀ ਅਨੁਸਾਰ ਉਕਤ ਧਾਰਮਿਕ ਡੇਰੇ ‘ਚ ਬਚਪਨ ਤੋਂ ਹੀ ਇਕ ਪਰਵਾਸੀ ਨੌਜਵਾਨ ਸੇਵਾ ਕਰ ਰਿਹਾ ਹੈ। ਉਹ ਧਾਰਮਿਕ ਸੰਖਿਆ ਲੈਂਦਿਆਂ ਪਾਠੀ ਸਿੰਘ ਬਣ ਗਿਆ। ਇਸ ਪਾਠੀ ਸਿੰਘ ਨੂੰ ਡੇਰੇ ਦੇ ਮੁਖੀ ਬਾਬਾ ਸੁਰਿੰਦਰ ਸਿੰਘ ਅਤੇ ਸੇਵਾਦਾਰ ਮਿਲ ਕੇ ਚੋਰੀ ਦੇ ਇਕ ਮਾਮਲੇ ‘ਚ ਪੁੱਛ-ਗਿੱਛ ਕਰਨ ਲਈ ਬੇਰਿਹਮੀ ਨਾਲ ਕੁੱਟ ਰਹੇ ਹਨ।
ਥੱਪੜਾਂ, ਡਾਂਗਾਂ, ਲੱਤਾਂ, ਬਾਹਾਂ ਨਾਲ ਸਾਰਿਆਂ ਵੱਲੋਂ ਤਾਬੜਤੋੜ ਨੌਜਵਾਨ ਪਾਠੀ ਸਿੰਘ ‘ਤੇ ਵਾਰ ਕੀਤੇ ਜਾਂਦੇ ਹਨ। ਚੀਕਦਾ-ਕੁਰਲਾਉਂਦਾ ਪਾਠੀ ਸਿੰਘ ਆਪ ਦੇ ਨਿਰਦੋਸ਼ ਹੋਣ ਦੀ ਦੁਹਾਈ ਦੇ ਰਿਹਾ ਹੈ, ਪਰ ਉਸਨੂੰ ਕੁੱਟਣ ਵਾਲੇ ਤਸ਼ੱਦਦ ਕਰਨ ਤੋਂ ਨਹੀਂ ਰੁਕਦੇ। ਕੁੱਟਦਿਆਂ-ਕੁਟਦਿਆਂ ਡਾਂਗ ਟੁੱਟ ਜਾਂਦੀ ਹੈ ਤਾਂ ਵੀ ਇਨ੍ਹਾਂ ਨੂੰ ਤਰਸ ਨਹੀਂ ਆਉਂਦਾ। ਨੌਜਵਾਨ ਪਾਠੀ ਸਿੰਘ ਦੀ ਅੰਨ੍ਹੀ ਕੁੱਟਮਾਰ ਦੀ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਗਈ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਹਠੂਰ ਦੇ ਮੁਖੀ ਸੁਰਜੀਤ ਸਿੰਘ ਪੁਲਿਸ ਪਾਰਟੀ ਅਤੇ ਪਿੰਡ ਵਾਸੀਆਂ ਨਾਲ ਧਾਰਮਿਕ ਡੇਰੇ ‘ਚ ਪਹੁੰਚਦੇ ਹਨ। ਇਸ ਦੌਰਾਨ ਇਸ ਮਾਮਲੇ ਦੀ ਪੁੱਛਗਿੱਛ ਲਈ ਡੇਰੇ ਦੇ ਮੁਖੀ ਬਾਬੇ ਸੁਰਿੰਦਰ ਸਿੰਘ ਅਤੇ ਚਾਰੇ ਸੇਵਾਦਾਰਾਂ ਨੂੰ ਰਾਊਂਡਅਪ ਕਰ ਕੇ ਲੈ ਜਾਂਦੀ ਹੈ। ਇਸ ਮਾਮਲੇ ‘ਚ ਥਾਣਾ ਰਾਏਕੋਟ ਦੇ ਡੀਐਸਪੀ ਰਛਪਾਲ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਪੀੜਤ ਪਾਠੀ ਸਿੰਘ ਨੂੰ ਬਿਆਨ ਦੇਣ ਲਈ ਬੁਲਾਇਆ ਗਿਆ ਹੈ ਤਾਂਕਿ ਉਕਤ ਸਰਿਆਂ ਖਿਲਾਫ਼ ਕਾਰਵਾਈ ਕੀਤੀ ਜਾ ਸਕੇ।