ਪੱਛਮੀ ਬੰਗਾਲ ਸਰਕਾਰ ਦਾ ਵੱਡਾ ਐਲਾਨ- ਵਿਧਾਇਕਾਂ ਦੀ ਤਨਖਾਹ ‘ਚ 40 ਹਜ਼ਾਰ ਰੁਪਏ ਦਾ ਹੋਵੇਗਾ ਵਾਧਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ। ਮੁੱਖ ਮੰਤਰੀ ਬੈਨਰਜੀ ਨੇ ਰਾਜ ਦੇ ਵਿਧਾਇਕਾਂ, ਰਾਜ ਮੰਤਰੀਆਂ ਅਤੇ ਕੈਬਨਿਟ ਮੰਤਰੀਆਂ ਦੀਆਂ ਤਨਖਾਹਾਂ ਵਿੱਚ 40,000 ਰੁਪਏ ਪ੍ਰਤੀ ਮਹੀਨਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਮਮਤਾ ਬੈਨਰਜੀ ਨੇ ਵਿਧਾਨ ਸਭਾ ‘ਚ ਇਸ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਤਨਖਾਹ ਵਿੱਚ ਕੋਈ ਸੋਧ ਨਹੀਂ ਹੋਵੇਗੀ। ਉਹ ਲੰਬੇ ਸਮੇਂ ਤੋਂ ਕੋਈ ਤਨਖਾਹ ਨਹੀਂ ਲੈ ਰਹੀ ਹੈ। ਉਨ੍ਹਾਂ ਕਿਹਾ- ਸੂਬੇ ਦੇ ਵਿਧਾਇਕਾਂ ਦੀ ਤਨਖਾਹ ਦੂਜੇ ਰਾਜਾਂ ਦੇ ਮੁਕਾਬਲੇ ਬਹੁਤ ਘੱਟ ਹੈ। ਇਸ ਲਈ ਵਿਧਾਇਕਾਂ ਦੀ ਤਨਖਾਹ ਵਿੱਚ 40,000 ਰੁਪਏ ਪ੍ਰਤੀ ਮਹੀਨਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ।ਆਈਏਐਨਐਸ ਦੀ ਰਿਪੋਰਟ ਮੁਤਾਬਕ ਕੈਬਨਿਟ ਮੰਤਰੀਆਂ, ਰਾਜ ਮੰਤਰੀਆਂ ਅਤੇ ਵਿਧਾਇਕਾਂ ਨੂੰ ਇਸ ਤਨਖਾਹ ਤੋਂ ਇਲਾਵਾ ਹੋਰ ਭੱਤੇ ਮਿਲਣੇ ਜਾਰੀ ਰਹਿਣਗੇ।

ਇਸ ਵਾਧੇ ਨਾਲ ਵਿਧਾਇਕਾਂ ਨੂੰ ਹੁਣ 10,000 ਰੁਪਏ ਦੀ ਬਜਾਏ 50,000 ਰੁਪਏ ਤਨਖਾਹ ਮਿਲੇਗੀ। ਇਸ ਦੇ ਨਾਲ ਹੀ ਰਾਜ ਮੰਤਰੀਆਂ ਦੀ ਮਹੀਨਾਵਾਰ ਤਨਖਾਹ 10,900 ਰੁਪਏ ਤੋਂ ਵਧਾ ਕੇ 50,900 ਰੁਪਏ ਕਰ ਦਿੱਤੀ ਗਈ ਹੈ। ਕੈਬਨਿਟ ਮੰਤਰੀਆਂ ਦੀ ਤਨਖਾਹ 11,000 ਰੁਪਏ ਤੋਂ ਵਧ ਕੇ 51,000 ਰੁਪਏ ਹੋ ਜਾਵੇਗੀ। ਰਾਜ ਸਰਕਾਰ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਤਨਖਾਹ ਅਤੇ ਭੱਤਿਆਂ ਸਮੇਤ ਵਿਧਾਇਕਾਂ ਦੀ ਅਸਲ ਤਨਖਾਹ ਹੁਣ 81,000 ਰੁਪਏ ਤੋਂ ਵਧ ਕੇ 1.21 ਲੱਖ ਰੁਪਏ ਹੋ ਜਾਵੇਗੀ। ਇਸੇ ਤਰ੍ਹਾਂ ਹੁਣ ਤੋਂ ਮੰਤਰੀਆਂ ਦੀ ਤਨਖਾਹ 1.10 ਲੱਖ ਰੁਪਏ ਤੋਂ ਵਧ ਕੇ ਲਗਭਗ 1.50 ਲੱਖ ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਰਾਜ ਸਰਕਾਰ ਦੇ ਮੁਲਾਜ਼ਮ ਮਹਿੰਗਾਈ ਭੱਤੇ (ਡੀਏ) ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ।