ਮਨਪ੍ਰੀਤ ਬਾਦਲ ਖਿਲਾਫ਼ ਜਾਂਚ ਆਖਰੀ ਪੜਾਅ ‘ਤੇ, ਕਿਸੇ ਵੇਲੇ ਵੀ ਵਿਜੀਲੈਂਸ ਕਰ ਸਕਦੀ ਸਖਤ ਕਾਰਵਾਈ
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਬੀਜੇਪੀ ਲੀਡਰ ਮਨਪ੍ਰੀਤ ਸਿੰਘ ਬਾਦਲ ਦੀਆਂ ਆਉਣ ਵਾਲੇ ਸਮੇਂ ਵਿੱਚ ਮੁਸ਼ਕਲਾਂ ਵੱਧ ਸਕਦੀਆਂ ਹਨ। ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਸਿੰਘ ਬਾਦਲ ਖਿਲਾਫ਼ ਸ਼ੁਰੂ ਕੀਤੀ ਜਾਂਚ ਲਗਭਗ ਪੂਰੀ ਕਰ ਲਈ ਹੈ। ਵਿਜੀਲੈਂਸ ਹੁਣ ਇਸ ਪੜਤਾਲ ਨੂੰ ਅੰਤਿਮ ਛੋਹਾਂ ਦੇ ਰਹੀ ਹੈ ਅਤੇ ਆਪਣੀ ਇਸ ਜਾਂਚ ਨੂੰ ਕਾਨੂੰਨੀ ਰੂਪ ਤਿਆਰ ਕਰਨ ਵਿੱਚ ਜੁੱਟ ਗਈ ਹੈ। ਸੂਤਰਾਂ ਮੁਤਾਬਕ ਮਨਪ੍ਰੀਤ ਸਿੰਘ ਬਾਦਲ ਵਿਦੇਸ਼ ਵਿੱਚ ਹਨ। ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਬਾਦਲ ਦਾ ਨਜਦੀਕੀ ਰਿਸ਼ਤੇਦਾਰ ਵੀ ਦੇਸ਼ ਤੋਂ ਬਾਹਰ ਹਨ। ਇਸ ਪਿੱਛੋਂ ਵਿਜੀਲੈਂਸ ਦੇ ਹੱਥ ਕੁਝ ਅਹਿਮ ਤੱਥ ਲੱਗ ਗਏ ਹਨ। ਇਹਨਾਂ ਤਕਨੀਕੀ ਨੁਕਤਿਆਂ ਨੂੰ ਆਪਣੀ ਪੜਤਾਲ ਵਿੱਚ ਵਿਜੀਲੈਂਸ ਨੇ ਸ਼ਾਮਲ ਕਰ ਲਿਆ ਹੈ। ਵਿਜੀਲੈਂਸ ਮਨਪ੍ਰੀਤ ਸਿੰਘ ਬਾਦਲ ਤੋਂ ਪੁੱਛਗਿੱਛ ਵੀ ਕਰ ਚੁੱਕੀ ਹੈ। ਵਿਜੀਲੈਂਸ ਦੀ ਜਾਂਚ ‘ਚ ਬਠਿੰਡਾ ਵਿਕਾਸ ਅਥਾਰਿਟੀ ਦੇ ਸੀਨੀਅਰ ਅਧਿਕਾਰੀ ਵੀ ਨਿਸ਼ਾਨੇ `ਤੇ ਆ ਗਏ ਹਨ ਜਿਨ੍ਹਾਂ ਨੇ ਸਾਬਕਾ ਮੰਤਰੀ ਨੂੰ ਅਸਿੱਧੇ ਤਰੀਕੇ ਨਾਲ 1560 ਵਰਗ ਗਜ਼ ਦੇ 2 ਪਲਾਂਟ ਦੇਣ ਵਿਚ ਭੂਮਿਕਾ ਨਿਭਾਈ ਹੈ। ਮਨਪ੍ਰੀਤ ਬਾਦਲ ਨੇ ਕਾਂਗਰਸ ਸਰਕਾਰ ਦੌਰਾਨ ਬਠਿੰਡਾ ਦੇ ਅਰਬਨ ਅਸਟੇਟ ਵਿਚ ਦੋ ਰਿਹਾਇਸ਼ੀ ਪਲਾਟ ਰਾਜੀਵ ਕੁਮਾਰ ਅਤੇ ਵਿਕਾਸ ਕੁਮਾਰ ਤੋਂ ਖ਼ਰੀਦੇ ਸਨ।
ਬਠਿੰਡਾ ਵਿਕਾਸ ਅਥਾਰਿਟੀ ਤੋਂ ਪਲਾਟ ਖ਼ਰੀਦਣ ਲਈ ਵਿਕਾਸ ਤੇ ਰਾਜੀਵ ਨੇ 27 ਸਤੰਬਰ 2021 ਨੂੰ ਆਨਲਾਈਨ ਬੋਲੀ ਦਿੱਤੀ ਸੀ। ਬੋਲੀ ਵਿਚ ਅਮਨਦੀਪ ਨਾਂ ਦੇ ਤੀਜੇ ਵਿਅਕਤੀ ਨੇ ਵੀ ਸ਼ਮੂਲੀਅਤ ਕੀਤੀ ਸੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬੋਲੀਕਾਰਾਂ ਨੇ ਇੱਕ ਕੰਪਿਊਟਰ ਤੋਂ ਬੋਲੀ ਦਿੱਤੀ। ਰਾਜੀਵ ਤੇ ਵਿਕਾਸ ਦੇ ਬੋਲੀ ਵਿਚ ਸ਼ਮੂਲੀਅਤ ਲਈ ਐਡਵਾਂਸ ਰਾਸ਼ੀ ਦੇ ਚਲਾਨ ਵੀ ਇੱਕੋ ਸੀਰੀਅਲ ਨੰਬਰ ਵਾਲੇ ਸਨ। ਦੋਵਾਂ ਦੇ ਅਸ਼ਟਾਮ ਇੱਕੋ ਸੀਰੀਅਲ ਨੰਬਰ ਵਾਲੇ ਤੇ ਦੋਵਾਂ ਦੇ ਗਵਾਹ ਵੀ ਇਕੋ ਹੀ ਸਨ। ਮਨਪ੍ਰੀਤ ਸਿੰਘ ਬਾਦਲ ਕਾਂਗਰਸ ਦੀ ਸਰਕਾਰ ਵਿੱਚ ਵਿੱਤ ਮੰਤਰੀ ਰਹਿ ਚੁੱਕੇ ਹਨ। ਮਨਪ੍ਰੀਤ ਸਿੰਘ ਨੇ ਸਭ ਤੋਂ ਪਹਿਲਾਂ ਅਕਾਲੀ ਦਲ ਨਾਲੋਂ ਵੱਖ ਹੋ ਕੇ ਆਪਣੀ PPP ਪਾਰਟੀ ਬਣਾਈ ਸੀ। ਜਿਸ ਤੋਂ ਬਾਅਦ ਮਨਪ੍ਰੀਤ ਬਾਦਲ ਕਾਂਗਰਸ ਵਿੱਚ ਆ ਗਏ ਸਨ। ਵਿਧਾਨ ਸਭਾ 2022 ਦੀਆਂ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਫਿਰ ਮਨਪ੍ਰੀਤ ਬਾਦਲ ਨੇ ਕਾਂਗਰਸ ਨੂੰ ਵੀ ਅਲਵਿਦਾ ਆਖ ਦਿੱਤਾ ਸੀ ਅਤੇ ਬੀਜੇਪੀ ਦਾ ਪੱਲਾ ਫੜ੍ਹ ਲਿਆ ਸੀ।