NIA ਦੀ ਟੀਮ ਨੂੰ ਮੱਥਾ ਟਿਕਾਉਣ ਦਾ ਸਹੀ ਪ੍ਰਬੰਧ ਨਾ ਕਰਨ ’ਤੇ ਪਰਿਕਰਮਾ ਇੰਚਾਰਜਾਂ ਦੀ ਬਦਲੀ ਨੂੰ ਲੈ ਕੇ ਛਿੜਿਆ ਵਿਵਾਦ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਐੱਨਆਈਏ ਦੀ ਟੀਮ ਨੂੰ ਮੱਥਾ ਟਕਾਉਣ ਲਈ ਵੀਆਈਪੀ ਸਹੂਲਤਾਂ ਨਾ ਮਿਲਣ ਦਾ ਖਮਿਆਜ਼ਾ ਦੋ ਪਰਿਕਰਮਾ ਦੇ ਇੰਚਾਰਜਾਂ ਨੂੰ ਭੁਗਤਨਾ ਪਿਆ ਹੈ। ਜਿਸ ਤੋਂ ਖ਼ਫਾ ਅਕਾਲੀ ਆਗੂ ਤਲਬੀਰ ਸਿੰਘ ਗਿੱਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀਆਈਪੀ ਦਰਸ਼ਨਾਂ ਦੇ ਚਾਹਵਾਨ ਪੁਲਿਸ ਅਧਿਕਾਰੀਆਂ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਲੈਂਦਿਆਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਨੂੰ ਵੀ ਕਿਹਾ ਕਿ ਇਥੇ ਸਾਰੀ ਸੰਗਤ ਇਕ ਸਮਾਨ ਹੈ, ਨਾ ਕੋਈ ਅਧਿਕਾਰੀ ਤੇ ਨਾ ਹੀ ਕੋਈ ਅਹੁਦੇਦਾਰ ਹੈ। ਪਰਿਕਰਮਾ ਵਿਚ ਦਾਖ਼ਲ ਹੁੰਦਿਆਂ ਸਭ ਬਦਾਸ਼ਾਹੀਆਂ ਬਾਹਰ ਰਹਿ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੂੰ ਕਿਸੇ ਦੇ ਕਹਿਣ ’ਤੇ ਇਸ ਤਰ੍ਹਾਂ ਬਦਲੀਆਂ ਨਹੀਂ ਕਰਨੀਆਂ ਚਾਹੀਦੀਆਂ। ਗਿੱਲ ਦੀ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਚਰਚਾਵਾਂ ਛਿੜ ਗਈਆਂ ਹਨ, ਜਿਸ ਤੋਂ ਬਾਅਦ ਮੈਨੇਜਰ ਨੂੰ ਵੀ ਸਪੱਸ਼ਟੀਕਰਨ ਦੇ ਰੂਪ ਵਿਚ ਵੀਡੀਓ ਜਾਰੀ ਕਰਨੀ ਪਈ ਹੈ।ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਨੇ ਪਰਿਕਰਮਾ ’ਚ ਤਾਇਨਾਤ ਭਾਈ ਮਲਕੀਤ ਸਿੰਘ ਕਲਰਕ ਤੇ ਭਾਈ ਪ੍ਰਭਪ੍ਰੀਤ ਸਿੰਘ ਹੈਲਪਰ ਦੀ ਪਰਿਕਰਮਾ ਤੋਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਆਡਰ ਨੰ 997 ਮਿਤੀ 8 ਅਗਸਤ 2023 ਰਾਹੀਂ ਬਦਲੀ ਕਰ ਦਿੱਤੀ ਸੀ। ਜਿਸ ਨੂੰ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਵੀਡੀਓ ਜਾਰੀ ਕਰ ਕੇ ਇਨ੍ਹਾਂ ਦੋਵਾਂ ਸੇਵਾਦਾਰਾਂ ਦੀਆਂ ਬਦਲੀਆਂ ਪ੍ਰਬੰਧਕੀ ਬਦਲੀਆਂ ਦਾ ਹਵਾਲਾ ਦਿੱਤਾ ਹੈ ਅਤੇ ਇਸ ਨੂੰ ਐੱਨਆਈਏ ਦੀ ਟੀਮ ਨੂੰ ਦਰਸ਼ਨ ਕਰਵਾਉਣ ਦਾ ਹਵਾਲਾ ਨਾ ਦੇਣ ਲਈ ਵੀ ਕਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸਾਰੀ ਸੰਗਤ ਇਕ ਸਮਾਨ ਹੈ ਅਤੇ ਕੋਈ ਵੀ ਵੀਆਈਪੀ ਨਹੀਂ ਹੈ। ਇਥੇ ਕਿਸੇ ਨੂੰ ਵੀਆਈਪੀ ਬਣ ਕੇ ਨਹੀਂ ਆਉਣਾ ਚਾਹੀਦਾ। ਜੇਕਰ ਕੋਈ ਇਸ ਤਰ੍ਹਾਂ ਦੀਆਂ ਸਹੂਲਤਾਂ ਭਾਲਦਾ ਹੈ ਤਾਂ ਉਹ ਸਰਾਸਰ ਗ਼ਲਤ ਹੈ।