ਕੋਰੋਨਾ ਵਿਰੁੱਧ ਜੰਗ — ਵੈਂਟੀਲੇਟਰ ਤਿਆਰ ਹੋਵੇਗਾ ਲੁਧਿਆਣਾ ਵਿੱਚ – ਸਿਟੀਜ਼ਨ ਗਰੁੱਪ ਨੇ ਕੀਤੀ ਪਹਿਲ

 ਲੁਧਿਆਣਾ , 9 ਅਪ੍ਰੈਲ ( ਨਿਊਜ਼ ਪੰਜਾਬ ) – ਕੋਰੋਨਾ ਵਾਇਰਸ COVID – 19 ਨਾਲ ਲੜਣ ਵਾਲਾ ਸਭ ਤੋਂ ਵੱਡਾ ਹਥਿਆਰ ਵੈਂਟੀਲੇਟਰ ਜਿਸ ਨੂੰ ਲੈਣ ਵਾਸਤੇ ਦੁਨੀਆ  ਭਰ ਦੀਆਂ ਸਰਕਾਰਾਂ ਦਾ ਜ਼ੋਰ ਲਗਾ ਹੋਇਆ ਨੂੰ ਲੁਧਿਆਣਾ ਦੇ ਸਨਅਤਕਾਰਾਂ ਨੇ ਆਪਣੀ ਤਕਨੀਕ ਨਾਲ ਤਿਆਰ ਕਰਨ ਵਿਚ ਸਫਲਤਾ ਹਾਸਲ ਕਰ ਲਈ ਹੈ | ਲੁਧਿਆਣਾ ਵਿਚ ਇਸ ਨੂੰ ਬਣਾਉਣ ਵਿਚ ਇਥੋਂ ਦੇ ਪ੍ਰਸਿੱਧ ਸਨਅਤੀ ਘਰਾਣੇ ਸਿਟੀਜ਼ਨ ਗਰੁੱਪ ਨੇ ਪਹਿਲ ਕੀਤੀ ਹੈ | ਗਰੁੱਪ ਦੇ ਸੀ ਐਮ ਡੀ ਸਰਦਾਰ ਮਨਜਿੰਦਰ ਸਿੰਘ ਸਚਦੇਵਾ ਨੇ ਅੱਜ ” ਨਿਊਜ਼ ਪੰਜਾਬ ” ਨਾਲ ਗੱਲ ਕਰਦਿਆਂ ਇਸ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਦੱਸਿਆ ਕਿ ਇਸ ਨੂੰ ਤਿਆਰ ਕਰਨ ਦਾ ਅਧਾਰ ਮੈਨੂਅਲ ਵੈਂਟੀਲੇਟਰ ਨੂੰ ਰਖਿਆ ਗਿਆ ਹੈ ਜਿਸ ਨੂੰ ਆਮ ਤੋਰ ਤੇ ਮਰੀਜ਼ ਨੂੰ ਔਖੇ ਸਮੇ ਡਾਕਟਰ ਹੱਥ ਨਾਲ ਵਰਤੋਂ ਵਿਚ ਲਿਆ ਕੇ ਮਰੀਜ਼ ਦੀ ਜਿੰਦਗੀ ਬਚਾਉਣ ਦਾ ਯਤਨ ਕਰਦੇ ਹਨ , ਇਸ ਤਕਨੀਕ ਨੂੰ ਉਨ੍ਹਾਂ ਔਟੋਮੇਸ਼ਨ ਵਿਚ ਤਬਦੀਲ ਕਰ ਕੇ ਵਲੈਤੀ ਵੈਂਟੀਲੇਟਰ ਦੇ ਮੁਕਾਬਲੇ ਵਰਤਣ ਯੋਗ ਬਣਾ ਦਿੱਤਾ ਹੈ |ਇਸ ਵਿਚ ਆਕਸੀਜ਼ਨ ਮਰੀਜ਼ ਤਕ ਭੇਜਣ ਲਈ ਸਿਲੀਕਾਨ ਦਾ ਇੱਕ ਬੈਗ ( Ambu Bag ) ਵਰਤਿਆ ਗਿਆ ਹੈ ਜੋ ਆਕਸੀਜ਼ਨ ਦੇ ਸਿਲੰਡਰ ਤੋਂ ਆਕਸੀਜ਼ਨ ਲੈ ਕੇ ਮਰੀਜ਼ ਤਕ ਭੇਜੇਗਾ ,ਆਕਸੀਜ਼ਨ ਨੂੰ ਵੱਧ – ਘੱਟ ਕਰਨ ਲਈ ਪੀ ਐਲ ਸੀ ਕੰਟਰੋਲਰ ਦੇ ਨਾਲ ਟਾਈਮਿੰਗ ਸੈੱਟ ਲਾਇਆ ਗਿਆ ਹੈ | ਆਕਸੀਜ਼ਨ ਦੇ ਪ੍ਰੈਸ਼ਰ ਨੂੰ ਕਾਬੂ ਵਿਚ ਰੱਖਣ ਲਈ ਐਫ ਆਰ ਐਲ ਰੈਗੂਲੇਟਰ ਲਾਇਆ ਗਿਆ ਹੈ ਜੋ ਆਕਸੀਜ਼ਨ ਸਿਲੰਡਰ ਦੇ 16 ਕਿਲੋ ਗ੍ਰਾਮ ਪਰ ਸੇਂਟੀਮੀਟਰ ਸਿਕੇਵਰ ਤੋਂ 3 ਕਿਲੋ ਗ੍ਰਾਮ ਪਰ ਸੇਂਟੀਮੀਟਰ ਸਿਕੇਵਰ ਤੇ ਰੱਖੇਗਾ | ਵੈਂਟੀਲੇਟਰ ਨੂੰ ਨੁਮੇਟਿਕ ਤਕਨੀਕ ਨਾਲ ਬਿਜਲੀ ਰਹੀ ਚਲਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਦੀ ਲਾਗਤ ਵੱਧ ਤੋਂ ਵੱਧ ਦੱਸ ਹਜ਼ਾਰ ਰੁਪਏ ਆ ਸਕਦੀ ਹੈ ਪਰ ਵਧੇਰੇ ਉਤਪਾਦਨ ਕਰਨ ਨਾਲ ਕੀਮਤ ਹੋਰ ਵੀ ਘੱਟ ਸਕਦੀ ਹੈ |  ਇਸ ਦੀ ਵਰਤੋਂ ਭਾਰਤ ਦੀ ਮੈਡੀਕਲ ਇੰਸਟਰੂਮੈਂਟ ਪਾਸ ਕਰਨ ਵਾਲੀ ਅਥਾਰਟੀ ਵਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਹੋ ਸਕੇਗੀ