ਨਫ਼ਰਤ ਭਰੇ ਭਾਸ਼ਣ – ਦੂਜਿਆਂ ਨੂੰ ਬਦਨਾਮ ਕਰਨ ਲਈ ਟੀਵੀ ‘ਤੇ ਬਿਆਨਬਾਜ਼ੀ ਕਰ ਰਹੇ ਲੋਕਾਂ ਬਾਰੇ ਕੀ ਕਿਹਾ ਸੁਪਰੀਮ ਕੋਰਟ ਨੇ
ਐਡਵੋਕੇਟ ਕਰਨਦੀਪ ਸਿੰਘ ਕੈਰੋਂ
ਸੁਪਰੀਮ ਕੋਰਟ ਨੇ ਨਫ਼ਰਤ ਭਰੇ ਭਾਸ਼ਣ ਦੇਣ ਵਾਲੇ ਸ਼ਰਾਰਤੀ ਅਨਸਰਾਂ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਅਦਾਲਤ ਨੇ ਸਵਾਲ ਕੀਤਾ ਕਿ ਲੋਕ ਆਪਣੇ ਆਪ ‘ਤੇ ਕਾਬੂ ਕਿਉਂ ਨਹੀਂ ਰੱਖਦੇ। ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਅਟਲ ਬਿਹਾਰੀ ਵਾਜਪਾਈ ਦੇ ਭਾਸ਼ਣਾਂ ਦਾ ਵੀ ਹਵਾਲਾ ਦਿੱਤਾ। ਸਿਖਰਲੀ ਅਦਾਲਤ ਨੇ ਨੋਟ ਕੀਤਾ ਕਿ ਲੋਕ ਉਨ੍ਹਾਂ ਦੇ ਭਾਸ਼ਣਾਂ ਨੂੰ ਸੁਣਨ ਲਈ ਦੂਰ-ਦੁਰਾਡੇ ਤੋਂ ਇਕੱਠੇ ਹੁੰਦੇ ਸਨ।
ਸੁਪਰੀਮ ਕੋਰਟ ਨੇ ਪੁੱਛਿਆ ਕਿ ਭਾਰਤ ਦੇ ਲੋਕ ਦੂਜੇ ਨਾਗਰਿਕਾਂ ਜਾਂ ਭਾਈਚਾਰਿਆਂ ਦਾ ਅਪਮਾਨ ਨਾ ਕਰਨ ਦਾ ਪ੍ਰਣ ਕਿਉਂ ਨਹੀਂ ਲੈ ਸਕਦੇ? ਹਰ ਰੋਜ਼ ਅਜਿਹੇ ਅਨਸਰ ਦੂਜਿਆਂ ਨੂੰ ਬਦਨਾਮ ਕਰਨ ਲਈ ਟੀਵੀ ਅਤੇ ਜਨਤਕ ਮੰਚਾਂ ‘ਤੇ ਬਿਆਨਬਾਜ਼ੀ ਕਰ ਰਹੇ ਹਨ। ਜਿਸ ਪਲ ਰਾਜਨੀਤੀ ਅਤੇ ਧਰਮ ਵੱਖ ਹੋ ਜਾਣਗੇ ਅਤੇ ਨੇਤਾ ਰਾਜਨੀਤੀ ਵਿਚ ਧਰਮ ਦੀ ਵਰਤੋਂ ਬੰਦ ਕਰ ਦੇਣਗੇ, ਨਫ਼ਰਤ ਭਰੀ ਬੋਲੀ ਖਤਮ ਹੋ ਜਾਵੇਗੀ।
ਜਸਟਿਸ ਕੇਐਮ ਜੋਸੇਫ ਅਤੇ ਬੀ ਵੀ ਨਾਗਰਤਨ ( Justices KM Joseph and BV Nagarathna ) ਦੀ ਬੈਂਚ ਨੇ ਹੈਰਾਨੀ ਜਤਾਈ ਕਿ ਅਦਾਲਤਾਂ ਕਿੰਨੇ ਲੋਕਾਂ ਵਿਰੁੱਧ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰ ਸਕਦੀਆਂ ਹਨ। ਬੈਂਚ ਨੇ ਨਫ਼ਰਤ ਭਰੇ ਭਾਸ਼ਣ ਦੇਣ ਵਾਲਿਆਂ ਵਿਰੁੱਧ ਐਫਆਈਆਰ ਦਰਜ ਕਰਨ ਵਿੱਚ ਅਸਫਲ ਰਹਿਣ ਲਈ ਵੱਖ-ਵੱਖ ਰਾਜਾਂ ਦੇ ਅਧਿਕਾਰੀਆਂ ਵਿਰੁੱਧ ਮਾਣਹਾਨੀ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕਿਹਾ ਕਿ ਹਰ ਦਿਨ, ਕਾਨੂੰਨ ਵਿਰੋਧੀ ਤੱਤ ਟੀਵੀ ਅਤੇ ਜਨਤਕ ਮੰਚਾਂ ‘ਤੇ ਦੂਜਿਆਂ ਨੂੰ ਬਦਨਾਮ ਕਰਨ ਲਈ ਭਾਸ਼ਣ ਦੇ ਰਹੇ ਹਨ।
ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕੇਰਲ ਵਿੱਚ ਇੱਕ ਵਿਅਕਤੀ ਵੱਲੋਂ ਇੱਕ ਵਿਸ਼ੇਸ਼ ਭਾਈਚਾਰੇ ਵਿਰੁੱਧ ਦਿੱਤੇ ਅਪਮਾਨਜਨਕ ਭਾਸ਼ਣ ਵੱਲ ਵੀ ਅਦਾਲਤ ਦਾ ਧਿਆਨ ਖਿੱਚਿਆ। ਉਨ੍ਹਾਂ ਕਿਹਾ ਕਿ ਪਟੀਸ਼ਨਰ ਸ਼ਾਹੀਨ ਅਬਦੁੱਲਾ ਨੇ ਚੋਣਵੇਂ ਢੰਗ ਨਾਲ ਦੇਸ਼ ਵਿੱਚ ਨਫ਼ਰਤ ਭਰੇ ਭਾਸ਼ਣਾਂ ਦੀਆਂ ਘਟਨਾਵਾਂ ਵੱਲ ਧਿਆਨ ਦਿੱਤਾ ਹੈ।