73ਵੀਂ ਸੀਨੀਅਰ ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ – ਲੁਧਿਆਣਾ ਬਾਸਕਟਬਾਲ ਅਕਾਦਮੀ ਨੇ ਦੋਵੇਂ ਵਰਗਾਂ ਦੇ ਖ਼ਿਤਾਬ ਜਿੱਤੇ

ਲੁਧਿਆਣਾ, 24 ਮਾਰਚ – ਪਿੰਡ ਗੁੜ੍ਹੇ ਦੇ ਸ਼ਾਨਦਾਰ ਖੇਡ ਸਟੇਡੀਅਮ ਵਿਖੇ ਅਰਜਨਾ ਐਵਾਰਡੀ ਸ੍ਰ ਗੁਰਦਿਆਲ ਸਿੰਘ ਮੱਲ੍ਹੀ ਦੀ ਯਾਦ ਵਿੱਚ ਖੇਡੀ ਗਈ 73ਵੀਂ ਸੀਨੀਅਰ ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਲੁਧਿਆਣਾ ਬਾਸਕਟਬਾਲ ਅਕਾਦਮੀ ਨੇ ਲੜਕੇ ਅਤੇ ਲੜਕੀਆਂ ਦੇ ਦੋਵੇਂ ਖ਼ਿਤਾਬ ਆਪਣੇ ਨਾਮ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਸਾਬਕਾ ਪੰਜਾਬ ਪੁਲਿਸ ਮੁਖੀ ਅਤੇ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਰਾਜਦੀਪ ਸਿੰਘ ਗਿੱਲ ਨੇ ਇਨਾਮਾਂ ਦੀ ਵੰਡ ਕੀਤੀ।

ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਲੜਕਿਆਂ ਦੇ ਵਰਗ ਵਿੱਚ ਲੁਧਿਆਣਾ ਬਾਸਕਟਬਾਲ ਅਕਾਦਮੀ ਦੀ ਟੀਮ ਨੇ ਜ਼ਿਲ੍ਹਾ ਜਲੰਧਰ ਦੀ ਟੀਮ ਨੂੰ 73-65 ਅੰਕਾਂ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ਲੜਕੀਆਂ ਦੇ ਵਰਗ ਵਿੱਚ ਲੁਧਿਆਣਾ ਬਾਸਕਟਬਾਲ ਅਕਾਦਮੀ ਦੀ ਟੀਮ ਨੇ ਅੰਮ੍ਰਿਤਸਰ ਨੂੰ 79-74 ਅੰਕਾਂ ਨਾਲ ਹਰਾਇਆ ਅਤੇ ਖ਼ਿਤਾਬ ਆਪਣੇ ਨਾਮ ਕੀਤਾ।

ਅੱਜ ਇਸ ਮੌਕੇ ਸਾਬਕਾ ਪੁਲਿਸ ਅਧਿਕਾਰੀ ਅਤੇ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਸ੍ਰ ਯੁਰਿੰਦਰ ਸਿੰਘ ਹੇਅਰ, ਸ੍ਰ ਗੁਰਜੀਤ ਸਿੰਘ ਰੋਮਾਣਾ, ਸਾਬਕਾ ਸਰਪੰਚ ਸੋਹਣ ਸਿੰਘ, ਸ੍ਰ ਅਵਤਾਰ ਸਿੰਘ ਭੋਲਾ, ਸ੍ਰ ਵੀਰਪਾਲ ਸਿੰਘ, ਸ੍ਰ ਮਲਵਿੰਦਰ ਸਿੰਘ, ਨਰਿੰਦਰਪਾਲ ਸਿੰਘ, ਸ੍ਰ ਅਮਨ ਖੈਹਰਾ, ਸ੍ਰ ਬਲਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।