ਬੇ ਮੌਸਮੀ ਬਰਸਾਤ – 16 ਫ਼ੀਸਦੀ ਰਕਬੇ ’ਤੇ ਕਣਕ ਦੀ ਫ਼ਸਲ ਵਿਛ ਗਈ – ਬਿਜਲੀ ਦੀ ਮੰਗ ਵੀ ਘਟੀ – ਖ਼ਰਾਬ ਮੌਸਮ ਕਾਰਨ ਉਡਾਣਾਂ ਪ੍ਰਭਾਵਿਤ ਹੋਈਆਂ – ਪੜ੍ਹੋ ਕਦੋਂ ਤੱਕ ਰਹੇਗਾ ਖ਼ਰਾਬ ਮੌਸਮ
ਖੇਤੀਬਾੜੀ ਵਿਭਾਗ ਅਨੁਸਾਰ ਕੁੱਲ ਰਕਬੇ ਦੇ ਕਰੀਬ 16 ਫ਼ੀਸਦੀ ਰਕਬੇ ’ਤੇ ਕਣਕ ਦੀ ਫ਼ਸਲ ਵਿਛ ਗਈ ਹੈ। ਇਸ ਦਾ ਰਕਬਾ ਲਗਭਗ 35 ਹਜ਼ਾਰ ਹੈਕਟੇਅਰ ਹੈ। ਇਸ ਕਾਰਨ ਕਣਕ ਦਾ ਝਾੜ 20 ਫੀਸਦੀ ਘਟਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਮੌਸਮ ਦਾ ਇਹ ਪੈਟਰਨ 25 ਮਾਰਚ ਤੱਕ ਜਾਰੀ ਰਹੇਗਾ। ਪੂਰਾ ਹਫ਼ਤਾ ਬੱਦਲਵਾਈ ਰਹੇਗੀ ਅਤੇ 24 ਮਾਰਚ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਦਿਨ ਦਾ ਤਾਪਮਾਨ ਵਧਣਾ ਸ਼ੁਰੂ ਹੋ ਜਾਵੇਗਾ।
ਬੇ ਮੌਸਮੀ ਬਰਸਾਤ ਫਸਲਾਂ ਲਈ ਮਾਰੂ ਸਾਬਤ ਹੋਣ ਲੱਗੀ ਹੈ। ਸੋਮਵਾਰ ਨੂੰ ਪਟਿਆਲਾ ਜ਼ਿਲ੍ਹੇ ਵਿੱਚ ਗੜੇਮਾਰੀ ਦੇ ਨਾਲ ਭਾਰੀ ਮੀਂਹ ਪਿਆ। ਕਰੀਬ 35 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਣਕ ਦੀ ਫ਼ਸਲ ਖੇਤਾਂ ਵਿੱਚ ਵਿਛ ਗਈ ਹੈ। ਸ਼ਨੀਵਾਰ ਨੂੰ ਵੀ ਤੇਜ਼ ਮੀਂਹ ਅਤੇ ਹਵਾਵਾਂ ਕਾਰਨ ਜ਼ਿਲ੍ਹੇ ਦੇ ਕੁੱਲ 2 ਲੱਖ 33 ਹਜ਼ਾਰ ਹੈਕਟੇਅਰ ਰਕਬੇ ਵਿੱਚੋਂ 20 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਣਕ ਦੀ ਫ਼ਸਲ ਵਿਛ ਗਈ। ਪਹਿਲਾਂ ਹੀ ਮੌਸਮ ਦੀ ਮਾਰ ਝੱਲ ਰਹੇ ਕਿਸਾਨਾਂ ਦੀ ਚਿੰਤਾ ਹੋਰ ਵਧ ਗਈ ਹੈ।
ਬਾਰਿਸ਼ ਅਤੇ ਠੰਡੀ ਹਵਾ ਕਾਰਨ ਪਾਰਾ 5 ਡਿਗਰੀ ਤੱਕ ਡਿੱਗ ਗਿਆ I ਐਤਵਾਰ ਨੂੰ ਬਿਜਲੀ ਦੀ ਮੰਗ 6000 ਮੈਗਾਵਾਟ ਦੇ ਕਰੀਬ ਸੀ ਪਰ ਸੋਮਵਾਰ ਨੂੰ ਪਏ ਮੀਂਹ ਕਾਰਨ ਇਹ ਮੰਗ 5033 ਮੈਗਾਵਾਟ ਹੀ ਰਹਿ ਗਈ। ਪਾਵਰਕੌਮ ਨੇ ਮੰਗ ਵਿੱਚ ਭਾਰੀ ਕਮੀ ਕਾਰਨ ਰੋਪੜ ਅਤੇ ਲਹਿਰਾ ਮੁਹੱਬਤ ਵਿੱਚ ਤਿੰਨ-ਤਿੰਨ ਯੂਨਿਟ ਬੰਦ ਕਰ ਦਿੱਤੇ ਹਨ। ਦੂਜੇ ਪਾਸੇ ਪਾਵਰਕੌਮ ਨੂੰ ਬਰਸਾਤ ਕਾਰਨ ਬਿਜਲੀ ਸਪਲਾਈ ਵਿੱਚ ਵਿਘਨ ਪੈਣ ਦੀਆਂ ਕਰੀਬ 19197 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।
ਤੇਜ਼ ਹਵਾ ਅਤੇ ਖਰਾਬ ਮੌਸਮ ਕਾਰਨ ਸੋਮਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਡਾਣ ਸੇਵਾਵਾਂ ਪ੍ਰਭਾਵਿਤ ਹੋਈਆਂ। ਇਸ ਕਾਰਨ ਦਿੱਲੀ ਆਉਣ-ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਖ਼ਰਾਬ ਮੌਸਮ ਕਾਰਨ 10 ਉਡਾਣਾਂ ਨੂੰ ਹੋਰ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਸੱਤ ਨੂੰ ਜੈਪੁਰ ਅਤੇ ਤਿੰਨ ਨੂੰ ਲਖਨਊ ਵੱਲ ਮੋੜ ਦਿੱਤਾ ਗਿਆ।