ਰੋਸ ਮੁਜ਼ਾਹਰੇ ਕਰਨ ਅਤੇ ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ – ਹਥਿਆਰਾਂ ਦੇੇ ਜਨਤਕ ਪ੍ਰਦਰਸ਼ਨ ਅਤੇ ਸੋਸ਼ਲ ਮੀਡੀਆ ਦਿਖਾਵੇ ਦੀ ਵੀ ਮਨਾਹ
ਜ਼ਿਲ੍ਹਾ ਮੈਜਿਸਟ੍ਰੇਟ ਅਤੇ ਐਸ ਐਸ ਪੀ ਵੱਲੋਂ ਜ਼ਿਲ੍ਹੇ ’ਚ ਲਾਗੂ ਮਨਾਹੀ ਦੇ ਹੁਕਮਾਂ ਦੀ ਪਾਲਣਾ ਦੀ ਅਪੀਲ
ਨਵਾਂਸ਼ਹਿਰ, 18 ਮਾਰਚ – ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਇੱਥੇ ਦੱਸਿਆ ਕਿ ਜ਼ਿਲ੍ਹੇ ’ਚ ਵਿੱਚ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਅਮਨ-ਕਾਨੂੰਨ ਦੀ ਕਾਇਮੀ ਰੱਖਣ ਵਾਸਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਜਾਂ ਮੀਟਿੰਗ ਕਰਨ, ਨਾਅਰੇ ਲਾਉਣ/ਭੜਕਾਊ ਭਾਸ਼ਣ ਦੇਣ, ਬਿਨਾਂ ਪ੍ਰਵਾਨਗੀ ਜਨਤਕ ਥਾਂਵਾਂ ’ਤੇ ਜਲੂਸ ਕੱਢਣ/ਮੀਟਿੰਗ ਕਰਨ/ਰੈਲੀ ਕਰਨ ’ਤੇ 8 ਮਾਰਚ ਤੋਂ 7 ਮਈ, 2023 ਤੱਕ ਪਾਬੰਦੀ ਦੇ ਹੁਕਮ ਪਹਿਲਾਂ ਹੀ ਲਾਗੂ ਹਨ, ਜਿਸ ਲਈ ਆਮ ਲੋਕ ਇਨ੍ਹਾਂ ਮਨਾਹੀ ਦੇ ਹੁਕਮਾਂ ਦੀ ਪੂਰਣ ਰੂਪ ’ਚ ਪਾਲਣਾ ਅਮਲ ’ਚ ਲਿਆਉਣ।
ਉਨ੍ਹਾਂ ਕਿਹਾ ਕਿ ਮਨਾਹੀ ਦੇ ਇਨ੍ਹਾਂ ਹੁਕਮਾਂ ਤਹਿਤ ਵਿਸ਼ੇਸ਼ ਹਾਲਤਾਂ ਵਿਚ ਉੱਪ ਮੰਡਲ ਮੈਜਿਸਟ੍ਰੇਟ ਪਾਸੋਂ ਅਗਾਊਂ ਪ੍ਰਵਾਨਗੀ ਲੈ ਕੇ ਜਨਤਕ ਮੀਟਿੰਗਾਂ, ਜਲੂਸ ਜਾਂ ਰੈਲੀ ਕੀਤੀ ਜਾ ਸਕਦੀ ਹੈ ਪਰੰਤੂ ਕੋਵਿਡ-19 ਦੇ ਪ੍ਰੋਟੋਕਾਲ ਦੀ ਪਾਲਣਾ ਲਾਜ਼ਮੀ ਹੋਵੇਗੀ। ਉਨ੍ਹਾਂ ਨੇ ਪੁਲਿਸ/ਆਰਮੀ ਵਰਦੀ ਵਿਚ ਮਿਲਟਰੀ ਅਮਲਾ ਅਤੇ ਸਰਕਾਰੀ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਅਤੇ ਵਿਆਹ/ਸੋਗਮਈ ਇਕੱਠਾਂ/ਧਾਰਮਿਕ ਸਥਾਨਾਂ ਤੇ ਸੰਸਥਾਵਾਂ ਦੇ ਅੰਦਰ ਪ੍ਰਮਾਤਮਾ ਦੀ ਉਸਤਤ-ਸ਼ਬਦ ਕੀਰਤਨ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸਿਵਲ ਰਿਟ ਪਟੀਸ਼ਨ 6213/2016 ’ਚ ਦਿੱਤੀਆਂ ਮਿਤੀ 22.07.2019 ਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਅਤੇ ਪ੍ਰਮੁੱਖ ਸਕੱਤਰ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਅਮਨ-ਕਾਨੂੰਨੀ ਦੀ ਸਥਿਤੀ ਕਾਇਮ ਰੱਖਣ ਦੇ ਮੱਦੇਨਜ਼ਰ ਪ੍ਰਾਪਤ ਆਦੇਸ਼ਾਂ ਦੀ ਪਾਲਣਾ ’ਚ ਜ਼ਿਲ੍ਹੇ ’ਚ ਮੇਲਿਆਂ, ਸਮਾਗਮਾਂ ਤੇ ਵਿਦਿਅਕ ਅਦਾਰਿਆਂ ’ਚ ਹਥਿਆਰ ਲੈ ਕੇ ਜਾਣ ਤੇ ਉਨ੍ਹਾਂ ਦੇ ਪ੍ਰਦਰਸ਼ਨ ਦੀ ਮਨਾਹੀ ਵੀ ਲਾਗੂ ਹੈ। ਉੁਨ੍ਹਾਂ ਦੱਸਿਆ ਕਿ 14 ਮਾਰਚ ਤੋਂ 13 ਮਈ 2023 ਤੱਕ ਲਾਗੂ ਇਹ ਮਨਾਹੀ ਦੇ ਹੁਕਮ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ’ਤੇ ਵੀ ਪੂਰਣ ਰੂਪ ’ਚ ਲਾਗੂ ਰਹਿਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਇਨ੍ਹਾਂ ਮਨਾਹੀ ਦੇ ਹੁਕਮਾਂ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀਆਂ ਨੂੰ ਫੌਜਦਾਰੀ ਜ਼ਾਬਤਾ ਸੰਘਤਾ 1973 (1974) ਦੇ ਐਕਟ 2 ਦੀ ਧਾਰਾ 144 ਤਹਿਤ ਜ਼ਿਲ੍ਹੇ ’ਚ ਕਿਸੇ ਵੀ ਤਰ੍ਹਾਂ ਦੇ ਮੈਰਿਜ ਪੈਲੇਸ/ਰਿਜ਼ੋਰਟ, ਮੇਲੇ, ਧਾਰਮਿਕ ਸਥਾਨਾਂ, ਜਲੂਸ, ਬਰਾਤ, ਵਿਆਹ ਪਾਰਟੀਆਂ ਜਾਂ ਹੋਰ ਸਮਾਗਮ/ਜਨਤਕ ਇਕੱਠਾਂ ਅਤੇ ਵਿਦਿਅਕ ਅਦਾਰਿਆਂ ’ਚ ਅਸਲਾ/ਹਥਿਆਰ ਲਿਜਾਣ ਅਤੇ ਪ੍ਰਦਰਸ਼ਨ ਕਰਨ ਤੋਂ ਗੁਰੇਜ਼ ਕਰਨ ਦੀ ਹਦਾਇਤ ਕੀਤੀ ਹੈ।
ਇਸ ਤੋਂ ਇਲਾਵਾ ਹਥਿਆਰਾਂ ਦੇੇ ਜਨਤਕ ਪ੍ਰਦਰਸ਼ਨ, ਸੋਸ਼ਲ ਮੀਡੀਆ ’ਤੇ ਪ੍ਰਦਰਸ਼ਨ ’ਤੇ ਵੀ ਉਕਤ ਪਾਬੰਦੀ ਲਾਗੂ ਰਹੇਗੀ। ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤ ਵੀ ਇਸ ਪਾਬੰਦੀ/ਮਨਾਹੀ ਦੇ ਘੇਰੇ ’ਚ ਸ਼ਾਮਿਲ ਹਨ।
ਐਸ ਐਸ ਪੀ ਭਾਗੀਰਥ ਸਿੰਘ ਮੀਣਾ ਨੇ ਉਕਤ ਪਾਬੰਦੀਆਂ ਅਤੇ ਮਨਾਹੀ ਦੇ ਹੁਕਮਾਂ ਦੀ ਪਾਲਣਾ ਲਈ ਜ਼ਿਲ੍ਹਾ ਵਾਸੀਆਂ ਦੇ ਪੂਰਣ ਸਹਿਯੋਗ ਦੀ ਮੰਗ ਕਰਦਿਆਂ ਜ਼ਿਲ੍ਹੇ ਦੀ ਸ਼ਾਂਤੀ-ਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੀ ਅਜਿਹੀ ਕਿਸੇ ਵੀ ਅਫ਼ਵਾਹ ’ਤੇ ਯਕੀਨ ਨਾ ਕਰਨ ਲਈ ਆਖਿਆ ਹੈ। ਉਨ੍ਹਾਂ ਕਿਹਾ ਜ਼ਿੰਮੇਂਵਾਰ ਨਾਗਰਿਕ ਹੋਣ ਦਾ ਫ਼ਰਜ਼ ਅਦਾ ਕਰਦਿਆਂ ਕਿਸੇ ਭੜਕਾਹਟ ਵਾਲੀ ਜਾਂ ਅਫ਼ਵਾਹ ਪੂਰਣ ਸੂਚਨਾ ਨੂੰ ਸੋਸ਼ਲ ਮੀਡੀਆ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਅੱਗੇ ਨਾ ਫੈਲਾਇਆ ਜਾਵੇ।