ਯੂ ਪੀ ਹਨੇਰੇ ਵਿੱਚ – ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਪੈਦਾ ਹੋਇਆ ਬਿੱਜਲੀ ਸੰਕਟ – ਹਾਈ ਕੋਰਟ ਨੇ ਮੁਲਾਜ਼ਮ ਆਗੂਆਂ ਨੂੰ ਭੇਜੇ ਨੋਟਿਸ 

ਉੱਤਰ ਪ੍ਰਦੇਸ਼ ਵਿੱਚ ਬਿਜਲੀ ਮੁਲਾਜ਼ਮਾਂ ਦੀ 3 ਦਿਨਾ ਹੜਤਾਲ ਕਾਰਨ ਕਈ ਥਾਵਾਂ ਤੇ ਬਿਜਲੀ ਸਪਲਾਈ ਠੱਪ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਲਖਨਊ, ਕਾਨਪੁਰ, ਵਾਰਾਣਸੀ ਅਤੇ ਮੇਰਠ ਸਮੇਤ ਕਈ ਸ਼ਹਿਰਾਂ ਵਿੱਚ ਹੜਤਾਲ ਦੇ ਪਹਿਲੇ ਹੀ ਦਿਨ ਜਬਰਦਸਤ ਸੰਕਟ ਪੈਦਾ ਹੋ ਗਿਆ। ਗੋਰਖਪੁਰ ਅਤੇ ਕਾਨਪੁਰ ਦੀਆਂ ਫੈਕਟਰੀਆਂ ਵਿੱਚ ਉਦਯੋਗਿਕ ਉਤਪਾਦਨ ਤੇ ਵੱਡਾ ਫਰਕ ਪਿਆ ਹੈ । ਰਾਜਧਾਨੀ ਲਖਨਊ ਦਾ ਕਰੀਬ ਇੱਕ ਚੌਥਾਈ ਹਿੱਸਾ ਬਿਜਲੀ ਸੰਕਟ ਦੀ ਲਪੇਟ ਵਿੱਚ ਰਿਹਾ। ਇਸ ਦੇ ਨਾਲ ਹੀ ਸਰਕਾਰ ਨੇ ਹੜਤਾਲ ਨੂੰ ਲੈ ਕੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ।ਸਰਕਾਰ ਨੇ ਬਿਜਲੀ ਸਪਲਾਈ ਬਹਾਲ ਕਰਨ ਵਿੱਚ ਸਹਿਯੋਗ ਨਾ ਦੇਣ ਵਾਲੇ ਕਈ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦਾ ਨਿਰਣਾ ਲੈ ਲਿਆ ਹੈ । ਯੂ ਪੀ ਦੇ ਊਰਜਾ ਮੰਤਰੀ ਅਰਵਿੰਦ ਕੁਮਾਰ ਸ਼ਰਮਾ ਨੇ ਹੜਤਾਲੀ ਮੁਲਾਜ਼ਮਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਲਾਈਨ ਵਿੱਚ ਨੁਕਸ ਪਾਉਣ ਵਾਲਿਆਂ ਦੀ ਭਾਲ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਪਲਾਈ ਨੂੰ ਪੂਰੀ ਤਰ੍ਹਾਂ ਕੰਟਰੋਲ ਹੇਠ ਦੱਸਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ 4000 ਮੈਗਾਵਾਟ ਵਾਧੂ ਬਿਜਲੀ ਹੈ। ਦੂਜੇ ਪਾਸੇ ਇਲਾਹਾਬਾਦ ਹਾਈ ਕੋਰਟ ਨੇ ਮੁਲਾਜ਼ਮ ਆਗੂਆਂ ਨੂੰ ਮਾਣਹਾਨੀ ਦੇ ਨੋਟਿਸ ਜਾਰੀ ਕੀਤੇ ਹਨ।
ਹੜਤਾਲ ਲਈ ਪਾਵਰ ਕਾਰਪੋਰੇਸ਼ਨ ਦੇ ਉੱਚ ਮੈਨੇਜਮੈਂਟ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸੰਘਰਸ਼ ਕਮੇਟੀ ਨੇ ਕਿਹਾ ਕਿ ਬਿਜਲੀ ਕਾਮੇ ਊਰਜਾ ਮੰਤਰੀ ਨਾਲ ਹੋਏ ਸਮਝੌਤੇ ਦਾ ਸਨਮਾਨ ਕਰਨ ਲਈ ਸੰਘਰਸ਼ ਕਰ ਰਹੇ ਹਨ। ਕਮੇਟੀ ਦਾ ਦਾਅਵਾ ਹੈ ਕਿ 16 ਮਾਰਚ ਨੂੰ ਰਾਤ 10 ਵਜੇ ਹੜਤਾਲ ਸ਼ੁਰੂ ਹੋਣ ਤੋਂ ਬਾਅਦ ਇੱਕ ਵੀ ਇਲੈਕਟ੍ਰੀਸ਼ੀਅਨ ਜਨਰੇਟਿੰਗ ਹਾਊਸ, ਐਸਐਲਡੀਸੀ ਅਤੇ ਟਰਾਂਸਮਿਸ਼ਨ ਪਾਵਰ ਸਬ ਸਟੇਸ਼ਨਾਂ ਦੀ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਲਈ ਡਿਊਟੀ ਲਈ ਨਹੀਂ ਆਇਆ। ਹੜਤਾਲ 100% ਸਫਲ ਰਹੀ ਹੈ।