ਸ਼ਰਮਨਾਕ ਘਟਨਾ – ਅਕਾਲ ਤਖ਼ਤ ਐਕਸਪ੍ਰੈਸ ਟ੍ਰੇਨ ਵਿੱਚ ਯਾਤਰਾ ਕਰ ਰਹੀ ਔਰਤ ਦੇ ਸਿਰ ਤੇ ਟੀ ਟੀ ਨੇ ਪਿਸ਼ਾਬ ਕਰ ਦਿੱਤਾ – ਪੜ੍ਹੋ ਯਾਤਰੂਆਂ ਨੇ ਕੀ ਕੀਤਾ ਟੀ ਟੀ ਨਾਲ
ਨਿਊਜ਼ ਪੰਜਾਬ
ਲਖਨਊ: ਅੰਮ੍ਰਿਤਸਰ ਤੋਂ ਕੋਲਕਾਤਾ ਜਾ ਰਹੀ ਅਕਾਲ ਤਖ਼ਤ ਐਕਸਪ੍ਰੈਸ ਵਿੱਚ ਐਤਵਾਰ ਰਾਤ ਨੂੰ ਸ਼ਰਮਨਾਕ ਘਟਨਾ ਵਾਪਰੀ। ਇਸ ਟਰੇਨ ‘ਚ ਮੌਜੂਦ ਟੀਟੀ ਨੇ ਇਕ ਔਰਤ ਦੇ ਸਿਰ ‘ਤੇ ਪਿਸ਼ਾਬ ਕਰ ਦਿੱਤਾ। ਜਦੋਂ ਔਰਤ ਨੇ ਰੌਲਾ ਪਾਇਆ ਤਾਂ ਉਸ ਦੇ ਪਤੀ ਅਤੇ ਹੋਰ ਯਾਤਰੂਆਂ ਨੇ ਟੀਟੀ ਨੂੰ ਫੜ ਲਿਆ ਅਤੇ ਸੋਮਵਾਰ ਸਵੇਰੇ ਚਾਰਬਾਗ ਸਥਿਤ ਜੀਆਰਪੀ ਨੂੰ ਸੌਂਪ ਦਿੱਤਾ। ਇਸ ਤੋਂ ਬਾਅਦ ਜੀਆਰਪੀ ਨੇ ਮੁਲਜ਼ਮ ਟੀਟੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਦੋਂ ਟੀਟੀ ਨੇ ਇਹ ਹਰਕਤ ਕੀਤੀ ਤਾਂ ਉਹ ਨਸ਼ੇ ਦੀ ਹਾਲਤ ‘ਚ ਸੀ।
ਇੰਸਪੈਕਟਰ ਜੀਆਰਪੀ ਚਾਰਬਾਗ ਨਵਰਤਨ ਗੌਤਮ ਨੇ ਮੀਡੀਆ ਨੂੰ ਦੱਸਿਆ ਕਿ ਅੰਮ੍ਰਿਤਸਰ ਵਾਸੀ ਰਾਜੇਸ਼ ਆਪਣੀ ਪਤਨੀ ਨਾਲ ਅਕਾਲ ਤਖ਼ਤ ਐਕਸਪ੍ਰੈਸ ਦੇ ਏ-1 ਕੋਚ ਵਿੱਚ ਸਫ਼ਰ ਕਰ ਰਿਹਾ ਸੀ। ਰਾਤ ਕਰੀਬ 12 ਵਜੇ ਉਸ ਦੀ ਪਤਨੀ ਆਪਣੀ ਸੀਟ ‘ਤੇ ਸੌਂ ਰਹੀ ਸੀ। ਇਸੇ ਦੌਰਾਨ ਬਿਹਾਰ ਦੇ ਟੀਟੀ ਮੁੰਨਾ ਕੁਮਾਰ ਨੇ ਉਸ ਦੇ ਸਿਰ ‘ਤੇ ਪਿਸ਼ਾਬ ਕਰ ਦਿੱਤਾ। ਪਤਨੀ ਨੇ ਰੌਲਾ ਪਾਇਆ ਤਾਂ ਸਵਾਰੀਆਂ ਨੇ ਇਕੱਠੇ ਹੋ ਕੇ ਟੀਟੀ ਨੂੰ ਫੜ ਲਿਆ। ਭੀੜ ਨੇ ਟੀਟੀ ਦੀ ਕੁੱਟਮਾਰ ਕੀਤੀ। ਲੋਕਾਂ ਨੇ ਦੱਸਿਆ ਕਿ ਟੀਟੀ ਉਸ ਸਮੇਂ ਨਸ਼ੇ ਵਿੱਚ ਸੀ। ਨਵਰਤਨ ਗੌਤਮ ਦਾ ਕਹਿਣਾ ਹੈ ਕਿ ਰਿਪੋਰਟ ਦਰਜ ਕਰਨ ਤੋਂ ਬਾਅਦ ਟੀ ਟੀ ਮੁੰਨਾ ਨੂੰ ਨਿਆਂਇਕ ਹਿਰਾਸਤ ‘ਚ ਜੇਲ੍ਹ ਭੇਜ ਦਿੱਤਾ ਗਿਆ ਹੈ।
ਕਰਤੂਤ – ਪਿਛਲੇ 1-2 ਮਹੀਨਿਆਂ ‘ਚ ਅਜਿਹੀਆਂ ਘਟਨਾਵਾਂ ਨਾ ਸਿਰਫ ਟਰੇਨਾਂ ‘ਚ ਸਗੋਂ ਫਲਾਈਟਾਂ ‘ਚ ਵੀ ਸਾਹਮਣੇ ਆਈਆਂ ਹਨ। ਹਾਲ ਹੀ ‘ਚ ਨਿਊਯਾਰਕ ਤੋਂ ਦਿੱਲੀ ਜਾ ਰਹੀ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ‘ਚ ਇਕ ਸ਼ਰਾਬੀ ਵਿਅਕਤੀ ਨੇ ਕੋਲ ਬੈਠੇ ਇਕ ਯਾਤਰੀ ‘ਤੇ ਪਿਸ਼ਾਬ ਕਰ ਦਿੱਤਾ। ਇਸ ਤੋਂ ਬਾਅਦ ਯਾਤਰੀ ਨੂੰ ਆਈਜੀਆਈ ਏਅਰਪੋਰਟ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ। ਇਸੇ ਸਾਲ ਨਿਊਯਾਰਕ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ‘ਚ ਵੀ ਅਜਿਹੀ ਹੀ ਘਟਨਾ ਵਾਪਰੀ ਸੀ। ਜਨਵਰੀ ‘ਚ ਵਾਪਰੀ ਇਸ ਘਟਨਾ ‘ਚ ਅਮਰੀਕਾ ‘ਚ ਕੰਮ ਕਰਦੇ ਭਾਰਤੀ ਮੂਲ ਦੇ ਸ਼ੰਕਰ ਮਿਸ਼ਰਾ ਨੇ ਇਕ ਬਜ਼ੁਰਗ ਔਰਤ ‘ਤੇ ਪਿਸ਼ਾਬ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 4 ਮਹੀਨਿਆਂ ਲਈ ਏਅਰ ਇੰਡੀਆ ਦੇ ਜਹਾਜ਼ ‘ਚ ਯਾਤਰਾ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ।
ਤਸਵੀਰ / ਵੇਰਵਾ – ਸ਼ੋਸਲ ਮੀਡੀਆ / ਟਵੀਟਰ