ਭਾਰਤ ਅਤੇ ਆਸਟਰੇਲੀਆ ਦਾ 100 ਅਰਬ ਡਾਲਰ ਤੱਕ ਵਪਾਰ ਦਾ ਟੀਚਾ – ਦੋਨੋ ਦੇਸ਼ਾਂ ਦੇ ਮੰਤਰੀਆਂ ਨੇ ਕੀਤੀ ਮੀਟਿੰਗ – ਸੁਣੋ ਕੀ ਕਿਹਾ ਕੇਂਦਰੀ ਵਣਜ ਮੰਤਰੀ ਨੇ

 

ਨਵੀ ਦਿੱਲੀ , 11 ਮਾਰਚ – ਭਾਰਤ ਅਤੇ ਆਸਟਰੇਲੀਆ ਇਸ ਸਾਲ ਦੇ ਅੰਤ ਤੱਕ ਮੁਕਤ ਵਪਾਰ ਸਮਝੌਤੇ ਦੇ ਦਾਇਰੇ ਨੂੰ ਵਧਾਉਣ ਲਈ ਯਤਨਸ਼ੀਲ ਹਨ। ਦੋਵਾਂ ਦੇਸ਼ਾਂ ਨੇ ਦੁਵੱਲੇ ਵਪਾਰ ਨੂੰ 100 ਅਰਬ ਡਾਲਰ ਤੱਕ ਵਧਾਉਣ ਦਾ ਟੀਚਾ ਰੱਖਿਆ ਹੈ। ਇਸ ਮੁੱਦੇ ‘ਤੇ ਦੋਵਾਂ ਦੇਸ਼ਾਂ ਨੇ ਸ਼ਨੀਵਾਰ ਨੂੰ ਆਪਣੀ ਵਚਨਬੱਧਤਾ ਨੂੰ ਫਿਰ ਦੁਹਰਾਇਆ ਹੈ।
ਭਾਰਤ ਦੇ ਵਣਜ ਮੰਤਰੀ ਪਿਊਸ਼ ਗੋਇਲ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਡੌਨ ਫਰੇਲ ਵਿਚਕਾਰ ਗੱਲਬਾਤ ਦੌਰਾਨ ਇਹ ਮੁੱਦਾ ਵਿਚਾਰਿਆ ਗਿਆ। ਫੈਰਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੇ ਨਾਲ ਭਾਰਤ ਦੇ ਅਧਿਕਾਰਤ ਦੌਰੇ ‘ਤੇ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਇਲ ਨੇ ਕਿਹਾ ਕਿ ਸੀਟੀਏ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਆਰਥਿਕ ਸ਼ਮੂਲੀਅਤ ਦਾ ਪਹਿਲਾ ਪੜਾਅ ਸੀ। ਅਸੀਂ ਹੁਣ ਗੱਲਬਾਤ ਦੇ ਦੂਜੇ ਪੜਾਅ ਵਿੱਚ ਦਾਖਲ ਹੋ ਰਹੇ ਹਾਂ। ਇਸ ਦੌਰ ਵਿੱਚ, ਅਸੀਂ ਗੱਲਬਾਤ ਨੂੰ ਇੱਕ ਵਿਸ਼ਾਲ ਦਾਇਰੇ ਵਿੱਚ ਲੈ ਜਾਵਾਂਗੇ।

ਇਸ ਤੋਂ ਪਹਿਲਾਂ 10 ਮਾਰਚ ਨੂੰ ਇੰਡੀਆ ਆਸਟ੍ਰੇਲੀਆ ਸਮਿਟ ਦੌਰਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕਿਹਾ ਸੀ ਕਿ ਦੋਵੇਂ ਦੇਸ਼ 2023 ਤੱਕ ਸੀਈਸੀਏ ਨੂੰ ਅੰਤਿਮ ਰੂਪ ਦੇਣਾ ਚਾਹੁੰਦੇ ਹਨ। ਇਸ ਦੌਰਾਨ ਇੱਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਗਿਆ ਕਿ ਦੋਵੇਂ ਦੇਸ਼ ਅਗਲੇ ਤਿੰਨ ਮਹੀਨਿਆਂ ਵਿੱਚ ਮਾਈਗ੍ਰੇਸ਼ਨ ਐਂਡ ਮੋਬਿਲਿਟੀ ਪਾਰਟਨਰਸ਼ਿਪ ਆਰੇਂਜਮੈਂਟ (ਐੱਮਐੱਮਪੀਏ) ਨੂੰ ਲਾਗੂ ਕਰਨ ‘ਤੇ ਕੰਮ ਕਰ ਰਹੇ ਹਨ। ਇਸ ਦੇ ਲਈ ਦੋਹਾਂ ਦੇਸ਼ਾਂ (ਭਾਰਤ ਅਤੇ ਆਸਟ੍ਰੇਲੀਆ) ਦੇ ਪ੍ਰਧਾਨ ਮੰਤਰੀਆਂ ਨੇ ਆਪੋ-ਆਪਣੇ ਮੰਤਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਪਿਛਲੇ ਸਾਲ 29 ਦਸੰਬਰ ਨੂੰ ਭਾਰਤ ਅਤੇ ਆਸਟ੍ਰੇਲੀਆ ਨੇ ਦੋਹਾਂ ਦੇਸ਼ਾਂ ਵਿਚਾਲੇ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤਾ (ECTA) ਲਾਗੂ ਕੀਤਾ ਸੀ। ਦੋਵੇਂ ਦੇਸ਼ ਇਸ ਸਮੇਂ ਵਿਆਪਕ ਆਰਥਿਕ ਸਹਿਯੋਗ ਸਮਝੌਤੇ (CECA) ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਕਰ ਰਹੇ ਹਨ।