ਅਮਰੀਕਾ ਦੇ ਰਾਸ਼ਟਰਪਤੀ ਬਾਈਡੇਨ ਅਚਾਨਕ ਯੂਕ੍ਰੇਨ ਪੁੱਜੇ – ਕਈ ਕੀਤੇ ਐਲਾਨ


ਕੀਵ (ਯੂਕ੍ਰੇਨ ) – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਅੱਜ ਸੋਮਵਾਰ ਨੂੰ ਅਚਾਨਕ ਯੂਕ੍ਰੇਨ ਦਾ ਦੌਰਾ ਕੀਤਾ। ਯੂਕ੍ਰੇਨ ‘ਤੇ ਰੂਸ ਦੇ ਹਮਲੇ ਦਾ ਇਕ ਸਾਲ ਪੂਰਾ ਹੋਣ ਤੋਂ ਕੁਝ ਦਿਨ ਪਹਿਲਾਂ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕਰਨ ਲਈ ਬਾਈਡੇਨ ਦੀ ਇਸ ਯਾਤਰਾ ਨੂੰ ਇਕਜੁੱਟਤਾ ਦਿਖਾਉਣ ਦੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਬਾਈਡੇਨ ਨੇ ਮੈਨਿਨਸਕੀ ਪੈਲੇਸ ਵਿੱਚ ਜ਼ੇਲੇਸਕੀ ਨਾਲ ਮੁਲਾਕਾਤ ਕੀਤੀ ਅਤੇ ਦੇਸ਼ ਨੂੰ ਕਰੋੜਾਂ ਡਾਲਰ ਦੀ ਵਾਧੂ ਅਮਰੀਕੀ ਸਹਾਇਤਾ ਦੇਣ ਦਾ ਐਲਾਨ ਕੀਤਾ। ਅਮਰੀਕੀ ਰਾਸ਼ਟਰਪਤੀ ਨੇ ਰੂਸ ਅਤੇ ਯੂਕਰੇਨ ਦੀ ਜੰਗ ਦਾ ਇੱਕ ਸਾਲ ਪੂਰਾ ਹੋਣ ਤੋਂ ਠੀਕ ਪਹਿਲਾਂ ਕੀਵ ਪਹੁੰਚ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਰੂਸ ਨੇ 24 ਫਰਵਰੀ 2022 ਨੂੰ ਯੂਕਰੇਨ ‘ਤੇ ਹਮਲਾ ਕੀਤਾ ਸੀ। ਉਸ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਯੂਕਰੇਨ ਪਹੁੰਚੇ ਹਨ।

ਬਾਈਡੇਨ ਦੀ ਇਸ ਫੇਰੀ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਦਰਅਸਲ ਅਮਰੀਕਾ ਹੁਣ ਤੱਕ ਯੂਕਰੇਨ ਨੂੰ ਦੂਰੋਂ ਹੀ ਫੌਜੀ ਮਦਦ ਦਿੰਦਾ ਆ ਰਿਹਾ ਹੈ। ਜੋ ਬਾਈਡੇਨ ਕਈ ਮੌਕਿਆਂ ‘ਤੇ ਐਲਾਨ ਕਰ ਚੁੱਕੇ ਹਨ ਕਿ ਉਹ ਹਰ ਕੀਮਤ ‘ਤੇ ਯੂਕਰੇਨ ਦੇ ਨਾਲ ਖੜੇ ਹੋਣਗੇ। ਹਾਲਾਂਕਿ, ਸੋਮਵਾਰ ਨੂੰ ਉਨ੍ਹਾਂ ਦੀ ਯੂਕਰੇਨ ਯਾਤਰਾ ਨੇ ਕ੍ਰੇਮਲਿਨ ਦੇ ਰਣਨੀਤੀਕਾਰਾਂ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਹਨ।

ਬਾਈਡੇਨ ਯੂਕਰੇਨ ਨੂੰ ਹੋਰ ਹਥਿਆਰ ਦੇਣਗੇ

ਯੂਕਰੇਨ ਪਹੁੰਚ ਕੇ ਬਿਡੇਨ ਨੇ ਯੁੱਧਗ੍ਰਸਤ ਦੇਸ਼ ਨੂੰ ਹੋਰ ਮਦਦ ਦੇਣ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ ਯੂਕਰੇਨ ਨੂੰ ਵੱਧ ਤੋਂ ਵੱਧ ਨਵੇਂ ਹਥਿਆਰ ਮੁਹੱਈਆ ਕਰਵਾਉਣਗੇ। ਉਸ ਨੇ ਯੂਕਰੇਨ ਦੀ ਸੁਰੱਖਿਆ ਲਈ ਹਵਾਈ ਨਿਗਰਾਨੀ ਰਾਡਾਰ ਦੇਣ ਦਾ ਐਲਾਨ ਕੀਤਾ ਹੈ।