ਪੰਜਾਬ ਦੇ 15 ਸਕੂਲਾਂ ਵਿੱਚ ਸਾਇੰਸ ਅਤੇ ਕਾਮਰਸ ਬਲਾਕ ਬਣਾਉਣ ਵਾਸਤੇ 4.53 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ: ਹਰਜੋਤ ਸਿੰਘ ਬੈਂਸ
ਨਿਊਜ਼ ਪੰਜਾਬ
ਚੰਡੀਗੜ੍ਹ, 24 ਜਨਵਰੀ ( ) :
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸੂਬੇ ਦੇ 15 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਚਾਲੂ ਕੀਤੇ ਗਏ ਸਾਇੰਸ ਅਤੇ ਕਾਮਰਸ ਗਰੁੱਪਾਂ ਦੇ ਨਵੇਂ ਵਿੱਦਿਅਕ ਬਲਾਕ ਬਣਾਉਣ ਵਾਸਤੇ 4.53 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਨਿਸ਼ਾਨਾ ਸੂਬੇ ਦੇ ਸਿੱਖਿਆ ਢਾਂਚੇ ਨੂੰ ਪੂਰੇ ਦੇਸ਼ ਵਿੱਚੋਂ ਨੰਬਰ ਇੱਕ ਬਣਾਉਣ ਦਾ ਹੈ ਜਿਸਦੀ ਪੂਰਤੀ ਵਾਸਤੇ ਸਿੱਖਿਆ ਦੀ ਕੁਆਲਿਟੀ ਵਿੱਚ ਸੁਧਾਰ ਲਿਆਉਣ ਅਤੇ ਇਮਾਰਤਾਂ ਨੂੰ ਸ਼ਾਨਦਾਰ ਬਣਾਉਣ ਦਾ ਕੰਮ ਜਾਰੀ ਹੈ।
ਸ. ਬੈਂਸ ਨੇ ਦੱਸਿਆ ਕਿ ਸੂਬੇ ਦੇ 12 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਨਵੇਂ ਸਾਇੰਸ ਗਰੁੱਪ ਚਾਲੂ ਕੀਤੇ ਗਏ ਹਨ ਜਿੰਨਾਂ ਵਿੱਚ ਜਿਲਾ ਬਠਿੰਡਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੱਦਾ ਅਤੇ ਕੰਨਿਆਂ ਸਕੂਲ ਮੰਡੀ ਕਲਾਂ, ਜਿਲਾ ਫਾਜਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੰਡਲ ਅਤੇ ਧਰਪਮੁਰਾ, ਜਿਲਾ ਜਲੰਧਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਸਾੜਾ, ਜਿਲਾ ਮਾਨਸਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰੇਟਾ ਕੁੜੀਆਂ, ਝੁਨੀਰ, ਖਿਆਲਾ ਕਲਾਂ ਕੁੜੀਆਂ ਅਤੇ ਕਰੰਡੀ, ਜਿਲਾ ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਗੜ-ਸ਼ਤਰਾਣਾ, ਜਿਲਾ ਸੰਗਰੂਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਣਕ ਕੁੜੀਆਂ ਅਤੇ ਜਿਲਾ ਤਰਨਤਾਰਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ ਕੁੜੀਆਂ ਨੂੰ ਸਾਇੰਸ ਬਲਾਕ ਦੇ ਨਿਰਮਾਣ ਵਾਸਤੇ 33 ਲੱਖ ਰੁਪਏ ਪ੍ਰਤੀ ਸਕੂਲ ਦੀ ਰਾਸ਼ੀ ਮਨਜ਼ੂਰ ਕਰਕੇ ਕੁੱਲ 3.96 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਦੌੜ ਲੜਕੀਆਂ, ਜਿਲਾ ਫਾਜਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਲਰ ਖੇੜਾ ਅਤੇ ਜਿਲਾ ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਗੜ-ਸ਼ਤਰਾਣਾ ਵਿੱਚ ਕਾਮਰਸ ਬਲਾਕਾਂ ਦੀ ਉਸਾਰੀ ਵਾਸਤੇ 19.15 ਲੱਖ ਰੁਪਏ ਪ੍ਰਤੀ ਸਕੂਲ ਦੀ ਰਾਸ਼ੀ ਮਨਜ਼ੂਰ ਕਰਕੇ ਕੁੱਲ 57.45 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।
ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਸਕੂਲਾਂ ਦੇ ਸੁਧਾਰ ਵਾਸਤੇ ਲਗਾਤਾਰ ਯਤਨਸ਼ੀਲ ਹਨ ਅਤੇ ਉਹਨਾਂ ਦਾ ਨਿਸ਼ਾਨਾ ਹੈ ਕਿ ਪੰਜਾਬ ਵਿੱਚ ਅਜਿਹਾ ਸਿੱਖਿਆ ਸਿਸਟਮ ਵਿਕਸਿਤ ਹੋਵੇ ਜਿੱਥੇ ਗਰੀਬ ਆਰਥਿਕਤਾ ਕਰਕੇ ਸਿੱਖਿਆ ਤੋਂ ਕੋਈ ਵੀ ਬੱਚਾ ਵਾਂਝਾ ਨਾਂ ਰਹੇ।