ਮੀਤ ਹੇਅਰ ਨੇ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਦੇ ਕੰਮਕਾਜ ਦਾ ਜਾਇਜ਼ਾ ਲਿਆ
ਨਿਊਜ਼ ਪੰਜਾਬ
ਚੰਡੀਗੜ੍ਹ, 24 ਜਨਵਰੀ
ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੂਬੇ ਦੇ ਵੱਕਾਰੀ ਪ੍ਰਾਜੈਕਟ ਸ਼ਾਹਪੁਰ ਕੰਢੀ ਡੈਮ ਦੇ ਕੰਮਕਾਜ ਦਾ ਜਾਇਜ਼ਾ ਲੈਂਦਿਆਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਅੱਜ ਇਥ ਇਸ ਪ੍ਰਾਜੈਕਟ ਦੇ ਕੰਮਕਾਜ ਦਾ ਜਾਇਜ਼ਾ ਲੈਂਦਿਆਂ ਮੀਤ ਹੇਅਰ ਨੇ ਕਿਹਾ ਕਿ ਇਸ ਨਾਲ ਜਿੱਥੇ ਹੜ੍ਹਾਂ ਦੀ ਸਮੱਸਿਆ ਅਤੇ ਵਿਅਰਥ ਜਾਂਦੇ ਪਾਣੀ ਦੀ ਸਮੱਸਿਆ ਦੂਰ ਹੋਵੇਗੀ ਉਥੇ ਸੂਬੇ ਦੇ ਕਿਸਾਨਾਂ ਨੂੰ ਸਿੰਜਾਈ ਲਈ ਮਿਲਦੇ ਨਹਿਰੀ ਪਾਣੀ ਦੀ ਸਮਰੱਥਾ ਵੀ ਵਧੇਗੀ ਅਤੇ ਵਾਧੂ ਬਿਜਲੀ ਉਤਪਾਦਨ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸੂਬੇ ਦੀ ਤਰੱਕੀ ਲਈ ਮੀਲ ਪੱਥਰ ਸਾਬਤ ਹੋਵੇਗਾ, ਇਸ ਲਈ ਇਸ ਦੇ ਕੰਮ ਵਿੱਚ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਆਖਿਆ।
ਮੀਤ ਹੇਅਰ ਨੇ ਕਿਹਾ ਕਿ 2715 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਨਾਲ ਪੰਜਾਬ ਨੂੰ ਜਿੱਥੇ ਹੋਰ 5000 ਏਕੜ ਸਿੰਜਾਈ ਯੋਗ ਰਕਬੇ ਨੂੰ ਪਾਣੀ ਮਿਲੇਗਾ ਉਥੇ 206 ਮੈਗਾਵਾਟ ਬਿਜਲੀ ਵੀ ਪੈਦਾ ਹੋਵੇਗੀ। ਅਪਰਬਾਰੀ ਦੁਆਬ ਨਹਿਰ ਨੂੰ ਨਿਰੰਤਰ ਪਾਣੀ ਮਿਲੇਗੀ। ਇਸ ਤੋਂ ਇਲਾਵਾ ਰਣਜੀਤ ਸਾਗਰ ਡੈਮ ਵਿਖੇ ਬਿਜਲੀ ਉਤਪਾਦਨ ਦੇ ਚਾਰ ਯੂਨਿਟ ਲਗਾਤਾਰ ਚੱਲਣਗੇ।
ਇਸ ਤੋਂ ਪਹਿਲਾਂ ਪ੍ਰਮੁੱਖ ਸਕੱਤਰ ਜਲ ਸਰੋਤ ਕ੍ਰਿਸ਼ਨ ਕੁਮਾਰ ਨੇ ਪੀ.ਪੀ.ਟੀ. ਰਾਹੀਂ ਕੈਬਨਿਟ ਮੰਤਰੀ ਨੂੰ ਪ੍ਰਾਜੈਕਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਚੀਫ ਇੰਜਨੀਅਰ ਡੈਮ ਸ਼ੇਰ ਸਿੰਘ, ਸੁਪਰਡੈਂਟ ਇੰਜਨੀਅਰ ਡੈਮ ਸਰਕਲ ਗੁਰਪਿੰਦਰ ਸਿੰਘ, ਡੈਮ ਬਣਾ ਰਹੀ ਸੋਮਾ ਕੰਪਨੀ ਦੇ ਜਨਰਲ ਮੈਨੇਜਰ ਪੀ. ਵੈਂਕੇਸ਼ ਤੇ ਸੀਨੀਅਰ ਮੈਨੇਜਰ ਰਾਜਾਸ਼ੇਖਰ ਵੀ ਹਾਜ਼ਰ ਸਨ।