15 ਸਾਲ ਪੁਰਾਣੇ ਸਾਰੇ ਸਰਕਾਰੀ ਵਾਹਨ ਕਬਾੜ ’ਚ ਜਾਣਗੇ: ਗਡਕਰੀ
ਨਾਗਪੁਰ, 25 ਨਵੰਬਰ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ 15 ਸਾਲ ਦੀ ਮਿਆਦ ਪੂਰੀ ਕਰ ਚੁੱਕੇ ਸਾਰੇ ਸਰਕਾਰੀ ਵਾਹਨਾਂ ਨੂੰ ਕਬਾੜ ਵਿੱਚ ਭੇਜਿਆ ਜਾਵੇਗਾ। ਇਸ ਸਬੰਧੀ ਨੀਤੀ ਸੂਬਿਆਂ ਨੂੰ ਭੇਜ ਦਿੱਤੀ ਗਈ ਹੈ। ਕੇਂਦਰੀ ਮੰਤਰੀ ਗਡਕਰੀ ਇੱਥੇ ਸਾਲਾਨਾ ‘ਐਗਰੋ-ਵਿਜ਼ਨ’ ਖੇਤੀਬਾੜੀ ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ। ਗਡਕਰੀ ਨੇ ਕਿਹਾ ਕਿ ਪਾਣੀਪਤ ਵਿੱਚ ਇੰਡੀਅਨ ਆਇਲ ਦੇ ਦੋ ਪਲਾਂਟ ਲਗਪਗ ਸ਼ੁਰੂ ਹੋ ਗਏ ਹਨ। ਇਨ੍ਹਾਂ ਵਿੱਚੋਂ ਪਹਿਲਾ ਪਲਾਂਟ ਇੱਕ ਲੱਖ ਲਿਟਰ ਇਥਾਨੋਲ ਪ੍ਰਤੀ ਦਿਨ ਪੈਦਾ ਕਰੇਗਾ, ਜਦੋਂਕਿ ਦੂਜੇ ਵਿੱਚ ਪਰਾਲੀ ਦੀ ਵਰਤੋਂ ਕਰ ਕੇ 150 ਟਨ ਲੁੱਕ (ਬਾਇਓ-ਬਿਟੁਮਨ) ਪ੍ਰਤੀ ਦਿਨ ਤਿਆਰ ਕੀਤੀ ਜਾਵੇਗੀ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਚੌਲ ਉਤਪਾਦਕ ਹਿੱਸਿਆਂ ਵਿੱਚ ਇਹ ਇੱਕ ਵੱਡਾ ਬਦਲਾਅ ਹੈ ਕਿਉਂਕਿ ਇੱਥੇ ਪਰਾਲੀ ਸਾੜੀ ਜਾਂਦੀ ਹੈ, ਜਿਸ ਕਾਰਨ ਪ੍ਰਦੂਸ਼ਣ ਪੈਦਾ ਹੁੰਦਾ ਹੈ।