ਪੁਰਾਣੀ ਪੈਨਸ਼ਨ ਬਹਾਲੀ ਅਤੇ 10 ਪ੍ਰਤੀਸ਼ਤ ਮਹਿੰਗਾਈ ਭੱਤਾ ਦੇ ਪੱਤਰ ਜਾਰੀ ਕੀਤੇ ਬਿਨਾਂ ਹੜਤਾਲ ਨਹੀਂ ਲਈ ਜਾਵੇਗੀ ਵਾਪਿਸ – ਸੰਜੀਵ ਭਾਰਗਵ, ਸੁਨੀਲ ਕੁਮਾਰ, ਲਖਵੀਰ ਸਿੰਘ ਗਰੇਵਾਲ, ਏ.ਪੀ.ਮੌਰੀਆ


ਨਿਊਜ਼ ਪੰਜਾਬ

ਲੁਧਿਆਣਾ, 18 ਅਕਤੂਬਰ – ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਚੱਲ ਰਹੀ ਹੜਤਾਲ ਅੱਜ 9ਵੇਂ ਦਿਨ ਵਿੱਚ ਦਾਖਿਲ ਹੋ ਚੁੱਕੀ ਹੈ । ਇਸ ਐਕਸ਼ਨ ਨੂੰ ਅੱਗੇ ਤੋਰਦੇ ਹੋਏ ਮਿਤੀ 18.10.2022 ਨੂੰ ਜ਼ਿਲ੍ਹਾ ਲੁਧਿਆਣਾ ਸਥਿਤ ਵੱਖ-ਵੱਖ ਵਿਭਾਗਾਂ ਦੇ ਦਫਤਰੀ ਕਾਮਿਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੰਜੀਵ ਭਾਰਗਵ, ਜਨਰਲ ਸਕੱਤਰ ਸ਼੍ਰੀ ਲਖਵੀਰ ਸਿੰਘ ਗਰੇਵਾਲ ਅਤੇ ਵਿੱਤ ਸਕੱਤਰ ਸ਼੍ਰੀ ਸੁਨੀਲ ਕੁਮਾਰ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰਦੇ ਹੋਏ ਜ਼ਿਲ੍ਹਾ ਖਜ਼ਾਨਾ ਦਫਤਰ ਲੁਧਿਆਣਾ ਵਿਖੇ ਮੁਕੰਮਲ ਤੌਰ ਤੇ ਕਲਮ ਛੋੜ / ਕੰਪਿਊਟਰ ਬੰਦ ਕਰਦੇ ਹੋਏ ਹੜਤਾਲ ਕੀਤੀ ਗਈ ਅਤੇ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕਰਦੇ ਹੋਏ ਸਰਕਾਰ ਦਾ ਪਿੱਟ-ਸਿਆਪਾ ਕੀਤਾ ਗਿਆ ।
ਇਸ ਦੌਰਾਨ ਸ਼੍ਰੀ ਸੰਜੀਵ ਭਾਰਗਵ ਜ਼ਿਲ੍ਹਾ ਪ੍ਰਧਾਨ ਪੀ.ਐੱਸ.ਐੱਮ.ਐੱਮ. ਯੂ. ਨੇ ਕਿਹਾ ਕਿ ਮਾਨ ਸਰਕਾਰ ਪੂਰੀ ਤਰ੍ਹਾਂ ਅੜੀਅਲ ਰਵੱਈਆ ਅਪਣਾਉਂਦੇ ਹੋਏ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਦਰਕਿਨਾਰ ਕਰ ਰਹੀ ਹੈ । ਪੰਜਾਬ ਭਰ ਦੇ ਸਾਰੇ ਵਿਭਾਗਾਂ ਦਾ ਦਫਤਰੀ ਕਾਮਾ ਪਿਛਲੇ 9 ਦਿਨਾਂ ਤੋਂ ਹੜਤਾਲ ਉੱਤੇ ਚੱਲ ਰਿਹਾ ਹੈ । ਪਰ ਮਾਨ ਸਰਕਾਰ ਆਪਣੇ ਸੂਬੇ ਵੱਲ ਧਿਆਨ ਦੇਣ ਦੀ ਬਜਾਏ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਖੇ ਹੋਣ ਵਾਲੀਆਂ ਚੋਣਾਂ ਵਿੱਚ ਰੁੱਝੇ ਹੋਏ ਹਨ । ਮੁੱਖ ਮੰਤਰੀ ਸਾਹਿਬ ਆਪਣੇ ਸੂਬੇ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਭੁੱਲ ਕੇ ਗੁਜਰਾਤ ਵਿੱਚ ਗਰਬਾ ਕਰਦੇ ਨਜ਼ਰ ਆ ਰਹੇ ਹਨ । ਆਮ ਆਦਮੀ ਪਾਰਟੀ ਨੇ ਵਾਅਦਾ ਖਿਲਾਫੀ ਵਿੱਚ ਪਿਛਲੀਆਂ ਸਾਰੀਆਂ ਸਰਕਾਰਾਂ ਨੂੰ ਪਿੱਛੇ ਛੱਡ ਦਿੱਤਾ ਹੈ ।

ਸ਼੍ਰੀ ਸੁਨੀਲ ਕੁਮਾਰ ਵਿੱਤ ਸਕੱਤਰ ਪੀ.ਐੱਸ.ਐੱਮ.ਐੱਸ.ਯੂ. ਲੁਧਿਆਣਾ ਅਤੇ ਸ਼੍ਰੀ ਤਜਿੰਦਰ ਸਿੰਘ ਢਿੱਲੋਂ,ਲਖਵੀਰ ਸਿੰਘ ਗਰੇਵਾਲ ਨੇ ਕਿਹਾ ਕਿ ਮਾਨ ਸਰਕਾਰ ਵਾਅਦੇ ਅਨੁਸਾਰ ਪੁਰਾਣੀ ਪੈਨਸ਼ਨ ਸਕੀਮ ਨੂੰ ਜਲਦ ਤੋਂ ਜਲਦ ਬਹਾਲ ਕਰੇ, ਪੇਅ ਕਮਿਸ਼ਨ ਦੇ ਅਨੁਸਾਰ ਬਣਦੇ ਬਕਾਏ ਅਤੇ ਪੇਅ ਕਮਿਸ਼ਨ ਦੀਆਂ ਕਮੀਆਂ ਨੂੰ ਦੂਰ ਕਰਕੇ ਸੋਧਿਆ ਹੋਇਆ ਪੇਅ ਕਮਿਸ਼ਨ ਜਾਰੀ ਕਰੇ, ਪਿਛਲੇ ਲੰਮੇ ਸਮੇਂ ਤੋਂ ਪੈਂਡਿੰਗ ਪਏ ਪਿਛਲੇ ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰੇ । ਸਰਕਾਰ ਦੀ ਵਾਅਦਾ ਖਿਲਾਫੀ ਦੇ ਰੋਸ ਵਿੱਚ ਸੀ.ਪੀ.ਐੱਫ. ਜੱਥੇਬੰਦੀ ਵੱਲੋਂ ਹਿਮਾਚਲ ਵਿਖੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ 29.10.2022 ਨੂੰ ਭਰਵੀਂ ਰੈਲੀ ਕਰਕੇ ਸਰਕਾਰ ਦੀ ਪੋਲ ਖੋਲੀ ਜਾਵੇਗੀ ।

ਇਸ ਦੌਰਾਨ ਰਣਜੀਤ ਸਿੰਘ ਜੱਸਲ, ਤਲਵਿੰਦਰ ਸਿੰਘ, ਸਤਿੰਦਰ ਕੁਮਾਰ, ਅਮਨਦੀਪ ਕੌਰ ਪਰਾਸ਼ਰ, ਬਿਮਲਜੀਤ ਕੌਰ, ਧਰਮ ਸਿੰਘ, ਹਰਵਿੰਦਰ ਸਿੰਘ, ਕਿਰਨਦੀਪ ਕੌਰ ਅਤੇ ਹੋਰ ਬਹੁਤ ਸਾਰੇ ਵਿਭਾਗਾਂ ਦੇ ਆਗੂਆਂ ਨੇ ਵੀ ਇਕੱਠ ਨੂੰ ਸੰਬੋਧਿਤ ਕੀਤਾ ।