ਪੰਜਾਬ ਪੁਲਿਸ ਰਾਸ਼ਟਰੀ ਸੰਪੱਤੀ ਤੇਲ ਅਤੇ ਗੈਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ

ਨਿਊਜ਼ ਪੰਜਾਬ 
ਚੰਡੀਗੜ੍ਹ, 12 ਅਕਤੂਬਰ:
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ, ਗੌਰਵ ਯਾਦਵ, ਜੋ ਓਨਸ਼ੋਰ ਸਕਿਉਰਿਟੀ ਕੋਆਰਡੀਨੇਸ਼ਨ ਕਮੇਟੀ (ਓ.ਐਸ.ਸੀ.ਸੀ.) ਦੇ ਚੇਅਰਮੈਨ ਵੀ ਹਨ, ਨੇ ਤੇਲ ਅਤੇ ਗੈਸ ਕੰਪਨੀਆਂ ਨੂੰ ਤੇਲ ਤੇ ਗੈਸ, ਜੋ ਮਹੱਤਵਪੂਰਨ ਰਾਸ਼ਟਰੀ ਸੰਪਤੀਆਂ ਹਨ, ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਹਰ ਸੰਭਵ ਸਹਾਇਤਾ ਅਤੇ ਸਮਰਥਨ ਦਾ ਭਰੋਸਾ ਦਿੱਤਾ।
ਡੀਜੀਪੀ ਅੱਜ ਚੰਡੀਗੜ੍ਹ ਵਿਖੇ ਸੂਬੇ ਵਿੱਚ ਤੇਲ-ਗੈਸ ਸਬੰਧੀ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ ਕੀਤੇ ਗਏ ਸੁਰੱਖਿਆ ਉਪਾਵਾਂ ਦੀ ਸਮੀਖਿਆ ਲਈ ਗੈਸ ਅਥਾਰਟੀ ਆਫ ਇੰਡੀਆ ਲਿਮਟਿਡ (ਜੀਏਆਈਐਲ) ਵੱਲੋਂ ਆਯੋਜਿਤ ਤੀਜੀ ਓ.ਐਸ.ਸੀ.ਸੀ. ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਏਡੀਜੀਪੀ ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ ਅਤੇ ਏਡੀਜੀਪੀ ਸੁਰੱਖਿਆ ਸੁਧਾਂਸ਼ੂ ਸ੍ਰੀਵਾਸਤਵ, ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਕੇਂਦਰੀ ਏਜੰਸੀਆਂ ਦੇ ਅਧਿਕਾਰੀਆਂ ਤੋਂ ਇਲਾਵਾ ਆਈਓਸੀਐਲ, ਐਚਪੀਸੀਐਲ, ਬੀਪੀਸੀਐਲ, ਐਚਐਮਈਐਲ ਅਤੇ ਟੋਰੈਂਟ ਗੈਸ ਸਮੇਤ ਸਾਰੀਆਂ ਤੇਲ ਅਤੇ ਗੈਸ ਕੰਪਨੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਕਈ ਮੁੱਦਿਆਂ ਜਿਵੇਂ ਸਟੈਂਡਰਡ ਓਪਰੇਟਿੰਗ ਪ੍ਰੋਸੀਜਰਜ਼ (ਐਸਓਪੀਜ਼), ਸੁਰੱਖਿਆ ਨੂੰ ਵਧਾਉਣਾ, ਸੀਸੀਟੀਵੀ ਅਤੇ ਡਰੋਨ ਨਿਗਰਾਨੀ ਰਾਹੀਂ ਚੌਕਸੀ ਰੱਖਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸਦਾ ਉਦੇਸ਼ ਭਾਈਵਾਲਾਂ ਦਰਮਿਆਨ ਬਿਹਤਰ ਤਾਲਮੇਲ ਬਣਾਉਣਾ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਭਾਵੇਂ ਪੰਜਾਬ ਹੁਣ ਤੱਕ ਸੁਰੱਖਿਅਤ ਹੈ ਪਰ ਪੁਲਿਸ ਅਤੇ ਤੇਲ-ਗੈਸ ਕੰਪਨੀਆਂ ਨੂੰ ਹਰ ਸਮੇਂ ਸੁਚੇਤ ਰਹਿਣ ਦੀ ਲੋੜ ਹੈ ਅਤੇ ਤੇਲ ਅਤੇ ਗੈਸ ਦੀ ਸੁਰੱਖਿਆ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਤੇਲ-ਗੈਸ ਕੰਪਨੀਆਂ ਅਤੇ ਜ਼ਿਲ੍ਹਾ ਪੁਲਿਸ ਦਰਮਿਆਨ ਵਧੇਰੇ ਤਾਲਮੇਲ ਬਣਾਉਣ ਲਈ ਜ਼ਿਲ੍ਹਾ ਪੱਧਰੀ ਸਕਿਊਰਿਟੀ ਕੋਰਡੀਨੇਸ਼ਨ ਮੀਟਿੰਗਾਂ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਨੇ ਵਿਸ਼ੇਸ਼ ਦਸਤੇ ਤਾਇਨਾਤ ਕਰਨ ਦਾ ਵੀ ਪ੍ਰਸਤਾਵ ਦਿੱਤਾ, ਜੋ ਵਿਸ਼ੇਸ਼ ਤੌਰ ‘ਤੇ ਤੇਲ ਅਤੇ ਗੈਸ ਨਾਲ ਸਬੰਧਤ ਅਪਰਾਧਾਂ ਦੀ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਤੁਰੰਤ ਕਾਰਵਾਈ ਲਈ ਪੈਰੀਮੀਟਰ ਇਨਟਰੂਜ਼ਨ ਡਿਟੈਕਸ਼ਨ ਸਿਸਟਮ (ਪੀਆਈਡੀਐਸ) ਜਾਂ ਐਮਰਜੈਂਸੀ ਰਿਸਪਾਂਸ ਸਿਸਟਮ ਨੂੰ ਸ਼ਾਮਲ ਕਰਨ ਦੀ ਸੰਭਾਵਨਾ ਦੀ ਵੀ ਪੜਚੋਣ ਕਰੇਗੀ।
ਡੀਜੀਪੀ ਨੇ ਅਚਨਚੇਤੀ ਯੋਜਨਾਵਾਂ ਅਤੇ ਮੌਕ ਡਰਿੱਲਾਂ ਦੇ ਨਿਯਮਤ ਅਪਡੇਟ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ।
ਉਨ੍ਹਾਂ ਨੇ ਸਾਰੀਆਂ ਤੇਲ ਅਤੇ ਗੈਸ ਕੰਪਨੀਆਂ ਨੂੰ ਹਰ ਸੰਭਵ ਸਹਾਇਤਾ ਲਈ ਪੰਜਾਬ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।