ਭਾਈ ਨਿਰਮਲ ਸਿੰਘ ਦਾ ਅੰਤਿਮ ਸੰਸਕਾਰ ਹੋਇਆ – ਪਰਿਵਾਰ ਦੇ 14 ਮੈਂਬਰਾਂ ਦੀ ਰਿਪੋਰਟ ਠੀਕ
ਅਮ੍ਰਿਤਸਰ, 2 ਅਪ੍ਰੈਲ (ਨਿਊਜ਼ ਪੰਜਾਬ )- ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਜੋ ਕਿ ਕੋਰੋਨਾ ਦੀ ਬਿਮਾਰੀ ਨਾਲ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ ਵੇਰਕਾ ਤੋ ਦੋ ਕੁ ਕਿੱਲੋਮੀਟਰ ਦੀ ਦੂਰੀ ‘ਤੇ ਪਿੰਡ ਫ਼ਤਿਹਗੜ੍ਹ ਸ਼ੂਕਰਚੱਕ ਨੂੰ ਜਾਂਦੇ ਰਸਤੇ ‘ਤੇ ਪੈਂਦੇ ਫਲਾਈ ਓਵਰ ਪੁਲ ਨੇੜੇ ਇਕ ਦਾਨੀ ਸੱਜਣ ਦੁਆਰਾ ਦਾਨ ਕੀਤੀ ਜ਼ਮੀਨ ‘ਤੇ ਪੁਲਿਸ ਦੇ ਸਖ਼ਤ ਪ੍ਰਬੰਧਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿਚ ਸ਼ਾਮ 7.15 ਵਜੇ ਕਰ ਦਿੱਤਾ |
ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅਕਾਲ ਚਲਾਣੇ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ, ਪਰ ਉਸ ਤੋਂ ਵੀ ਵੱਡਾ ਦੁੱਖ ਉਨ੍ਹਾਂ ਨੂੰ ਇਹ ਸੁਣ ਕੇ ਲੱਗਾ ਕਿ ਉਨ੍ਹਾਂ ਦੀ ਅੰਤਿਮ ਸੰਸਕਾਰ ਲਈ ਕੁੱਝ ਲੋਕਾਂ ਨੇ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ। ਸਰਬੱਤ ਦਾ ਭਲਾ ਮੰਗਣ ਵਾਲੇ ਪੰਜਾਬ ਦਾ ਖੂਨ ਚਿੱਟਾ ਹੁੰਦਾ ਜਾਪਦਾ। ਉਨ੍ਹਾਂ ਕਿਹਾ ਕਿ ਅੱਜ ਉਸ ਸ਼ਖ਼ਸੀਅਤ ਨੂੰ ਪੰਜਾਬ ਵਿਚ ਸਸਕਾਰ ਲਈ ਜਗ੍ਹਾ ਨਹੀਂ ਮਿਲ ਰਹੀ, ਜਿਸ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ‘ਤੇ ਬੈਠ ਕੇ ਕੀਰਤਨ ਕੀਤਾ ਹੈ। ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਕੋਰੋਨਾ ਵਾਇਰਸ ਕਾਰਨ ਪਾਜਟਿਵ ਹੋਣ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਲਏ ਨਮੂਨਿਆਂ ‘ਚੋਂ ਤਿੰਨ ਹੋਰ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਪਾਏ ਗਏ ਹਨ । ਇਨ੍ਹਾਂ ‘ਚ ਸੇਵਾਦਾਰ ਬਲਬੀਰ ਸਿੰਘ, ਹਰਮੋਨੀਅਮ ਵਾਦਕ ਦਰਸ਼ਨ ਸਿੰਘ ਤੇ ਇਕ ਰਿਸ਼ਤੇਦਾਰ ਔਰਤ ਗੁਰਮੀਤ ਕੌਰ ਸ਼ਾਮਲ ਹਨ । ਇਸ ਦੇ ਨਾਲ ਹੀ ਬਾਕੀ 14 ਪਰਿਵਾਰਕ ਮੈਂਬਰਾਂ ਜਿਨ੍ਹਾਂ ‘ਚ ਉਨ੍ਹਾਂ ਦੀ ਧਰਮ ਪਤਨੀ ਤੇ ਪੁੱਤਰ ਧੀਆਂ ਸ਼ਾਮਿਲ ਹਨ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ।ਇਸ ਦੀ ਪੁਸ਼ਟੀ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ ਨੇ ਕੀਤੀ।