ਪੰਜਾਬ ਵਿੱਚ ਆਧੁਨਿਕ ਤਕਨੀਕ ਨਾਲ ਹੋਵੇਗੀ ਕੂੜੇ ਅਤੇ ਠੋਸ ਰਹਿੰਦ-ਖੂੰਹਦ ਦੀ ਸੰਭਾਲ 

ਨਿਊਜ਼ ਪੰਜਾਬ
ਚੰਡੀਗੜ੍ਹ, 23 ਸਤੰਬਰ – ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ  ਦੀਆਂ ਵੱਖ-ਵੱਖ ਥਾਵਾਂ ‘ਤੇ ਆਧੁਨਿਕ ਤਕਨੀਕ ਨਾਲ ਠੋਸ ਰਹਿੰਦ-ਖੂੰਹਦ ਦੇ ਨਿਪਟਾਰੇ ਲਈ 351.17 ਲੱਖ ਰੁਪਏ ਖਰਚਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਡਾ. ਨਿੱਜਰ ਨੇ ਦੱਸਿਆ ਕਿ ਸੂਬੇ ਵਿੱਚ ਪਾਇਲ, ਰਾਏਕੋਟ ਵਿਖੇ ਕੁੜੇ ਅਤੇ ਠੋਸ ਰਹਿੰਦ-ਖੂੰਹਦ ਦੀ ਸਮਸਿੱਆਵਾਂ ਤੋਂ ਨਿਜਾਤ ਪਾਉਣ ਤੋਂ ਇਲਾਵਾ ਸਮਰਾਲਾ ਅਤੇ ਜਗਰਾਉਂ ਵਿਖੇ ਵੀ ਕੂੜੇ ਅਤੇ ਠੋਸ ਰਹਿੰਦ-ਖੂੰਹਦ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਜਾਵੇਗਾ ਤਾਂ ਜੋ ਵਾਤਾਵਰਨ ਨੂੰ ਸ਼ੁੱਧ ਅਤੇ ਪ੍ਰਦੂਸ਼ਿਤ ਰਹਿਤ ਬਣਾਇਆ ਜਾ ਸਕੇ। ਇਸੇ ਤਰ੍ਹਾਂ ਹੀ ਮਲੋਟ ਨੂੰ ਵੀ ਇਸ ਫੈਸਲੇ ਅਧੀਨ ਸੁੰਦਰ ਬਣਾਇਆ ਜਾਵੇਗਾ।

ਮੰਤਰੀ ਨੇ ਦੱਸਿਆ ਕਿ ਆਧੁਨਿਕ ਤਕਨੀਕ ਨਾਲ ਠੋਸ ਰਹਿੰਦ-ਖੂੰਹਦ ਅਤੇ ਕੂੜੇ ਦੀਆਂ ਸਾਈਟਾਂ ‘ਤੇ ਨਿਪਟਾਰਾ ਕਰਨ ਨਾਲ ਇਕ ਤਾਂ ਵਾਤਾਵਾਰਣ ਸ਼ੁੱਧ ਹੋਵੇਗਾ ਅਤੇ ਦੂਜੇ ਲੋਕਾਂ ਵਿੱਚ ਫੈਲਣ ਵਾਲੀਆਂ ਕਈ ਭਿਆਨਕ ਬੀਮਾਰੀਆਂ ਨੂੰ ਰੋਕਣ ਵਿੱਚ ਸਹਾਇਤਾ ਮਿਲੇਗੀ।

 

ਮੰਤਰੀ ਨੇ ਵਿਭਾਗੀ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਇਨ੍ਹਾਂ ਕਾਰਜਾਂ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।