ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸੀ.ਬੀ.ਜੀ. ਪਲਾਂਟਾਂ ਤੋਂ ਪੈਦਾ ਹੁੰਦੀ ਜੈਵਿਕ ਖਾਦ ਦੀ ਖੇਤੀ ’ਚ ਵਰਤੋਂ ਬਾਰੇ ਕਰੇਗੀ ਅਧਿਐਨ
ਨਿਊਜ਼ ਪੰਜਾਬ
ਚੰਡੀਗੜ੍ਹ, 19 ਸਤੰਬਰ:
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਫਰਮੈਂਟਿਡ ਆਰਗੈਨਿਕ ਮੈਨਿਓਰ (ਜੈਵਿਕ ਖਾਦ) ਦੀ ਖੇਤੀ ਅਤੇ ਬਾਗ਼ਬਾਨੀ ਵਿੱਚ ਵਰਤੋਂ ਦੀਆਂ ਸੰਭਾਵਨਾਵਾਂ ਬਾਰੇ ਅਧਿਐਨ ਕਰੇਗੀ। ਇਹ ਫੈਸਲਾ ਅੱਜ ਇੱਥੇ ਪੰਜਾਬ ਭਵਨ ਵਿਖੇ ਤਿੰਨ ਕੈਬਨਿਟ ਮੰਤਰੀਆਂ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ, ਵਿਗਿਆਨ ਤਕਨਾਲੋਜੀ ਤੇ ਵਾਤਾਵਰਣ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਖੇਤੀਬਾੜੀ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ।
ਜੈਵਿਕ ਖਾਦ ਦੀ ਵਰਤੋਂ ਸਬੰਧੀ ਢੰਗ-ਤਰੀਕਿਆਂ ਬਾਰੇ ਵਿਸਥਾਰਪੂਰਵਕ ਚਰਚਾ ਕਰਦਿਆਂ ਮੰਤਰੀਆਂ ਨੇ ਜੈਵਿਕ ਖਾਦ ਦੀ ਖਰੀਦ ਅਤੇ ਚੁਕਾਈ ਬਾਰੇ ਵਿਚਾਰ-ਵਟਾਂਦਰੇ ਲਈ ਗਠਿਤ 21 ਮੈਂਬਰੀ ਟਾਸਕ ਫੋਰਸ ਨੂੰ ਵੀ ਇਸ ਖਾਦ ਦੀ ਢੁਕਵੀਂ ਵਰਤੋਂ ਬਾਰੇ ਸੰਭਾਵਨਾਵਾਂ ਦੀ ਘੋਖ ਕਰਨ ਲਈ ਕਿਹਾ ਤਾਂ ਜੋ ਪਰਾਲੀ ਦੀ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾ ਸਕੇ।
ਇਸ ਸਬੰਧੀ ਸਾਕਾਰਾਤਮਕ ਨਤੀਜਿਆਂ ਦਾ ਵਾਅਦਾ ਕਰਦਿਆਂ ਪੀ.ਏ.ਯੂ. ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਮੰਤਰੀਆਂ ਨੂੰ ਜਾਣੂ ਕਰਵਾਇਆ ਕਿ ਯੂਨੀਵਰਸਿਟੀ ਦੇ ਮਾਹਿਰਾਂ ਨੇ ਪਹਿਲਾਂ ਹੀ ਇਸ ਜੈਵਿਕ ਖਾਦ ਦੀ ਖੇਤੀਬਾੜੀ ਵਿੱਚ ਵਰਤੋਂ ਅਤੇ ਪੌਦਿਆਂ ਦੇ ਵਿਕਾਸ ਤੇ ਮਿੱਟੀ ਦੀ ਗੁਣਵੱਤਾ ’ਤੇ ਇਸ ਦੇ ਪ੍ਰਭਾਵ ਬਾਰੇ ਖੋਜ ਆਰੰਭ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੋ ਫਸਲਾਂ ਦਾ ਅਧਿਐਨ ਕਰਨ ਉਪਰੰਤ ਅਗਲੇ ਸਾਲ ਅਪ੍ਰੈਲ ਤੱਕ ਖੇਤੀਬਾੜੀ ਵਿੱਚ ਇਸ ਜੈਵਿਕ ਖਾਦ ਦੀ ਵਰਤੋਂ ਦੇ ਫਾਇਦਿਆਂ ਅਤੇ ਨੁਕਸਾਨਾਂ ਬਾਰੇ ਅੰਤਿ੍ਮ ਰਿਪੋਰਟ ਸਾਂਝੀ ਕਰੇਗੀ।
ਇਸ ਦੌਰਾਨ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪਰਾਲੀ ਸਾੜਨ ਤੋਂ ਰੋਕਣ ਦਾ ਸਭ ਤੋਂ ਢੁੱਕਵਾਂ ਤੇ ਵਿਗਿਆਨਕ ਹੱਲ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ.) ਪਲਾਂਟ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀ.ਬੀ.ਜੀ. ਪਲਾਂਟਾਂ ਤੋਂ ਪੈਦਾ ਹੋਣ ਵਾਲੀ ਜੈਵਿਕ ਖਾਦ ਦੀ ਚੁਕਾਈ ਅਤੇ ਖਰੀਦ ਲਈ ਢੁਕਵੀਂ ਵਿਧੀ ਵਿਕਸਤ ਕਰਨ ’ਤੇ ਵੀ ਜ਼ੋਰ ਦਿੱਤਾ।
ਦੱਸਣਯੋਗ ਹੈ ਕਿ ਹਰ ਸਾਲ 20 ਮਿਲੀਅਨ ਟਨ ਝੋਨੇ ਦੀ ਪਰਾਲੀ ਦਾ ਉਤਪਾਦਨ ਹੋ ਰਿਹਾ ਹੈ। ਇਸ ਚੁਣੌਤੀ ਨਾਲ ਨਜਿੱਠਣ ਲਈ, 33.23 ਟਨ ਪ੍ਰਤੀ ਦਿਨ ਦੀ ਕੁੱਲ ਸਮਰੱਥਾ ਵਾਲਾ ਸੀ.ਬੀ.ਜੀ. ਪਲਾਂਟ ਸੰਗਰੂਰ ਵਿੱਚ ਸ਼ੁਰੂ ਕੀਤਾ ਗਿਆ ਹੈ ਅਤੇ ਪੇਡਾ ਵੱਲੋਂ 492.58 ਟਨ ਪ੍ਰਤੀ ਦਿਨ ਦੀ ਕੁੱਲ ਸਮਰੱਥਾ ਵਾਲੇ 42 ਹੋਰ ਸੀ.ਬੀ.ਜੀ. ਪ੍ਰਾਜੈਕਟ ਵੀ ਅਲਾਟ ਕੀਤੇ ਗਏ ਹਨ। ਇਨ੍ਹਾਂ ਸਾਰੇ ਪਲਾਂਟਾਂ ਦੇ ਸ਼ੁਰੂ ਹੋਣ ਨਾਲ ਸਾਲਾਨਾ ਘੱਟੋ-ਘੱਟ 10 ਲੱਖ ਟਨ ਜੈਵਿਕ ਖਾਦ ਪੈਦਾ ਹੋਣ ਦੀ ਉਮੀਦ ਹੈ।
ਇਸ ਮੌਕੇ ਵਧੀਕ ਮੁੱਖ ਸਕੱਤਰ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਸ੍ਰੀ ਏ ਵੇਣੂ ਪ੍ਰਸਾਦ, ਪੇਡਾ ਦੇ ਮੁੱਖ ਕਾਰਜਕਾਰੀ ਸ੍ਰੀ ਸੁਮੀਤ ਜਾਰੰਗਲ ਅਤੇ ਸੂਬਾ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਸੀ.ਬੀ.ਜੀ. ਪਲਾਂਟਾਂ ਦੇ ਨਿਵੇਸ਼ਕ ਹਾਜ਼ਰ ਸਨ।