ਅਮਨ ਅਰੋੜਾ ਵੱਲੋਂ “ਖੇਡਾਂ ਵਤਨ ਪੰਜਾਬ ਦੀਆਂ” ਦਾ ਆਗ਼ਾਜ਼; 200 ਮੀਟਰ ਦੌੜ ਵਿੱਚ ਹਿੱਸਾ ਲੈ ਕੇ ਉੱਭਰਦੇ ਖਿਡਾਰੀਆਂ ਨੂੰ ਕੀਤਾ ਪ੍ਰੇਰਿਤ
ਨਿਊਜ਼ ਪੰਜਾਬ
ਚੰਡੀਗੜ੍ਹ/ਸੰਗਰੂਰ, 1 ਸਤੰਬਰ:
ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ ਪਹਿਲਕਦਮੀ ਕਰਦਿਆਂ ਖੇਡ ਮਹਾਂਕੁੰਭ “ਖੇਡਾਂ ਵਤਨ ਪੰਜਾਬ ਦੀਆਂ” ਰਾਹੀਂ ਸੂਬੇ ’ਚ ਖੇਡ ਸੱਭਿਆਚਾਰ ਨੂੰ ਪ੍ਰਫ਼ੁੱਲਿਤ ਕਰਨ ਲਈ ਵੱਡਾ ਹੰਭਲਾ ਮਾਰਿਆ ਗਿਆ ਹੈ ਜੋ ਕਿ ਪਿਛਲੀਆਂ ਸਰਕਾਰਾਂ ਵੱਲੋਂ ਕਈ ਦਹਾਕਿਆਂ ਤੋਂ ਅਣਗੌਲਿਆ ਕੀਤਾ ਗਿਆ ਸੀ। ਇਹ ਪ੍ਰਗਟਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ ਬਲਾਕ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਸ਼ਾਨਦਾਰ ਆਗ਼ਾਜ਼ ਕਰਨ ਲਈ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਇਸ ਮੌਕੇ ਸ੍ਰੀ ਅਮਨ ਅਰੋੜਾ ਨੇ ਵਿਧਾਇਕ ਨਰਿੰਦਰ ਕੌਰ ਭਰਾਜ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਅਤੇ ਹੋਰ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਸਮੇਤ 200 ਮੀਟਰ ਦੀ ਪ੍ਰਦਰਸ਼ਨੀ ਦੌੜ ’ਚ ਹਿੱਸਾ ਲੈ ਕੇ ਖਿਡਾਰੀਆਂ ’ਚ ਜੋਸ਼ ਭਰਿਆ। ਖੇਡਾਂ ਦੇ ਆਗ਼ਾਜ਼ ਮੌਕੇ ਪਦਮ ਸ਼੍ਰੀ ਐਵਾਰਡੀ ਅਥਲੀਟ ਸੁਨੀਤਾ ਰਾਣੀ, ਅਰਜੁਨਾ ਐਵਾਰਡੀ ਗੀਤਾ ਰਾਣੀ ਅਤੇ ਸਟੇਟ ਐਵਾਰਡੀ ਮਹਾਂ ਸਿੰਘ ਨੇ ਵੀ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਸਮਾਗਮ ਦੌਰਾਨ ਖਿਡਾਰੀਆਂ ਤੇ ਸੰਗਰੂਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਲਗਭਗ 2 ਮਹੀਨੇ ਚੱਲਣ ਵਾਲੀਆਂ ਇਹ ਖੇਡਾਂ ਬਲਾਕ ਪੱਧਰ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਪੱਧਰ ਅਤੇ ਫਿਰ ਸੂਬਾ ਪੱਧਰ ਤੱਕ ਕਰਵਾਈਆਂ ਜਾਣਗੀਆਂ ਅਤੇ ਜੇਤੂਆਂ ਨੂੰ ਸੂਬਾ ਸਰਕਾਰ ਵੱਲੋਂ 6 ਕਰੋੜ ਰੁਪਏ ਦੇ ਇਨਾਮ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ’ਚ ਪੰਜਾਬ ਦੀਆਂ ਰਵਾਇਤੀ ਖੇਡਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ ’ਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਰਾਹੀਂ ਪੰਜਾਬ ਨੂੰ ਖੇਡਾਂ ਦੇ ਖੇਤਰ ’ਚ ਨਵੀਂ ਦਿਸ਼ਾ ਮਿਲੇਗੀ ਕਿਉਂਕਿ ਇਨ੍ਹਾਂ ਮੁਕਾਬਲਿਆਂ ਵਿੱਚ ਖਿਡਾਰੀਆਂ ਨੂੰ ਆਪਣੇ ਖੇਡ ਹੁਨਰ ਨੂੰ ਨਿਖਾਰਨ ਦਾ ਮੌਕਾ ਮਿਲੇਗਾ।
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਦੋ ਮਹੀਨਿਆਂ ਮਗਰੋਂ ਜਦੋਂ ਇਹ ਖੇਡ ਮਹਾਂਕੁੰਭ ਸਮਾਪਤ ਹੋਵੇਗਾ ਤਾਂ ਉਦੋਂ ਖਿਡਾਰੀਆਂ ਅੰਦਰ ਯਕੀਨੀ ਤੌਰ ’ਤੇ ਇੱਕ ਨਵਾਂ ਜੋਸ਼ ਤੇ ਜਜ਼ਬਾ ਦੇਖਣ ਨੂੰ ਮਿਲੇਗਾ ਜਿਸ ਨਾਲ ਆਉਣ ਵਾਲੇ ਸਮੇਂ ਅੰਦਰ ਸੂਬੇ ਦੇ ਵੱਡੀ ਗਿਣਤੀ ਖਿਡਾਰੀ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਵਿਲੱਖਣ ਪ੍ਰਾਪਤੀਆਂ ਦਰਜ ਕਰਨਗੇ।
ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਨੇ ਹਰ ਖੇਤਰ ’ਚ ਆਪਣਾ ਲੋਹਾ ਮਨਵਾਇਆ ਹੈ ਅਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਵੀ ਜ਼ਿਲ੍ਹੇ ਦੇ ਖਿਡਾਰੀ ਸਭ ਤੋਂ ਮੋਹਰੀ ਰਹਿਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਜ਼ਰੀਏ ਪੰਜਾਬ ਨੂੰ ਓਲੰਪਿਕ ਸਮੇਤ ਹੋਰਨਾਂ ਅੰਤਰਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ’ਚ ਮਾਅਰਕੇ ਮਾਰਨ ਵਾਲੇ ਖਿਡਾਰੀ ਤਿਆਰ ਕਰਨ ’ਚ ਮਦਦ ਮਿਲੇਗੀ। ਉਨ੍ਹਾਂ ਖਿਡਾਰੀਆਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਨਾਲ-ਨਾਲ ਖਿਡਾਰੀਆਂ ਦੀ ਹਰ ਸੰਭਵ ਮਦਦ ਲਈ ਵਚਨਬੱਧ ਹੈ। ਸਮਾਗਮ ਦੌਰਾਨ ਨਾਮਵਰ ਖਿਡਾਰੀਆਂ ਨੇ ਮਸ਼ਾਲ ਜਗਾਉਣ ਦੀ ਰਸਮ ਅਦਾ ਕੀਤੀ ਅਤੇ ਰੋਲਰ ਸਕੇਟਿੰਗ ਦੀ ਖਿਡਾਰਨ ਨਵਨੀਤ ਕੌਰ ਨੇ ਸਹੁੰ ਚੁੱਕਣ ਦੀ ਰਸਮ ਅਦਾ ਕੀਤੀ।
ਇਸ ਉਪਰੰਤ ਮਾਤਾ ਰਾਜ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਯੋਗ ਦੀ ਪੇਸ਼ਕਾਰੀ ਕੀਤੀ ਜਦੋਂਕਿ ਜਿਮਨਾਸਟਿਕ ਦੇ ਕਰਤੱਬਾਂ ਅਤੇ ਗੱਤਕੇ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਦੌਰਾਨ ਰਵਾਇਤੀ ਲੋਕ ਨਾਚਾਂ ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਵੀ ਸ਼ਾਨਦਾਰ ਰਹੀ।