‘ਖੇਡਾਂ ਵਤਨ ਪੰਜਾਬ ਦੀਆਂ” – ਬਲਾਕ ਪੱਧਰੀ ਮੁਕਾਬਿਲਆਂ ਦਾ ਸ਼ਾਨਦਾਰ ਆਗਾਜ਼ – 2500 ਤੋਂ ਵੱਧ ਖਿਡਾਰੀ ਲੈ ਰਹੇ ਮੁਕਾਬਲਿਆਂ ਵਿੱਚ ਭਾਗ

ਨਿਊਜ਼ ਪੰਜਾਬ

ਮੋਗਾ, 1 ਸਤੰਬਰ: ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2022 ਦਾ ਅੱਜ ਜ਼ਿਲ੍ਹਾ ਮੋਗਾ ਵਿਖੇ ਸ਼ਾਨਦਾਰ ਆਗਾਜ਼ ਹੋ ਗਿਆ ਹੈ। ਜ਼ਿਲ੍ਹਾ ਮੋਗਾ ਦੀਆਂ ਬਲਾਕ ਪੱਧਰੀ ਖੇਡਾਂ ਬਲਾਕ ਨਿਹਾਲ ਸਿੰਘ ਵਾਲਾ, ਧਰਮਕੋਟ ਅਤੇ ਬਾਘਾਪੁਰਾਣਾ ਬਲਾਕਾਂ ਵਿਖੇ ਸ਼ੁਰੂ ਹੋ ਗਈਆਂ ਹਨ। ਬਲਾਕ ਨਿਹਾਲ ਸਿੰਘ ਵਾਲਾ ਦੇ ਬਿਲਾਸਪੁਰ ਵਿਖੇ ਇੱਥੋਂ ਦੇ ਹਲਕਾ ਵਿਧਾਇਕ ਸ੍ਰੀ ਮਨਜੀਤ ਸਿੰਘ ਬਿਲਾਸਪੁਰ, ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਉੱਚੇਚੇ ਤੌਰ ਤੇ ਸ਼ਿਰਕਤ ਕਰਕੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਉਦਘਾਟਨ ਕੀਤਾ।ਇਸਦੇ ਨਾਲ ਹੀ ਬਲਾਕ ਬਾਘਾਪੁਰਾਣਾ ਵਿਖੇ ਹਲਕਾ ਵਿਧਾਇਕ ਸ੍ਰ. ਅੰਮ੍ਰਿਤਪਾਲ ਸਿੰਘ ਸੁਖਾਨੰਦ ਵੱਲੋਂ, ਧਰਮਕੋਟ ਦੇ ਖੇਡ ਮੁਕਾਬਲੇ ਸੰਤ ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲੇ, ਨਾਇਬ ਤਹਿਸੀਲਦਾਰ ਕੋਟ ਈਸੇ ਖਾਂ ਗੁਰਤੇਜ਼ ਸਿੰਘ ਨੇ ਸ਼ੁਰੂ ਕਰਵਾਏ।

ਬਲਾਕ ਨਿਹਾਲ ਸਿੰਘ ਵਾਲਾ ਦੇ ਉਦਘਾਟਨੀ ਸਮਾਰੋਹ ਵਿਖੇ ਹਲਕਾ ਵਿਧਾਇਕ ਸ੍ਰ. ਮਨਜੀਤ ਸਿੰਘ ਬਿਲਾਸਪੁਰ ਅਤੇ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਰਿਬਨ ਕੱਟ ਕੇ ਟੂਰਨਾਮੈਂਟ ਖੇਡਾਂ ਨੂੰ ਸ਼ੁਰੂ ਕਰਵਾਇਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਖੇਡ ਅਫ਼ਸਰ, ਮੋਗਾ ਸ੍ਰੀ ਬਲਜਿੰਦਰ ਸਿੰਘ ਵੀ ਹਾਜ਼ਰ ਸਨ।
ਸ੍ਰ. ਮਨਜੀਤ ਸਿੰਘ ਬਿਲਾਸਪੁਰ ਨੇ ਖੇਡਾਂ ਦੀ ਅਹਿਮੀਅਤ ਨੂੰ ਦੱਸਦੇ ਹੋਏ ਖਿਡਾਰੀਆਂ ਨੂੰ ਇਸ ਟੂਰਨਾਮੈਂਟ ਵਿੱਚ ਖੇਡ ਭਾਵਨਾ ਨਾਲ ਖੇਡਾਂ ਖੇਡਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਇਹ ਖੇਡਾਂ ਹਰ ਸਾਲ ਕਰਵਾਉਣ ਦਾ ਪ੍ਰਣ ਲਿਆ ਗਿਆ ਹੈ ਅਤੇ ਸਰਕਾਰ ਜਲਦੀ ਹੀ ਨਵੀਂ ਖੇਡ ਨੀਤੀ ਲੈ ਕੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਲਈ ਵਿਸ਼ੇਸ਼ ਬਜਟ ਦਾ ਪ੍ਰਬੰਧ ਕਰਵਾਉਣ ਜਾ ਰਹੀ ਹੈ। ਇਨ੍ਹਾਂ ਖੇਡਾਂ ਨੂੰ ਦੇਖ ਕੇ ਦੂਜੇ ਸੂਬਿਆਂ ਦੀਆਂ ਸਰਕਾਰਾਂ ਵੀ ਸੋਚਣਗੀਆਂ।


ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਆ ਕੇ ਚੰਗੇ ਭਵਿੱਖ ਦਾ ਨਿਰਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਖਿਡਾਰੀਆਂ ਨੂੰ ਤਨ ਮਨੋਂ ਖੇਡ ਵਿੱਚ ਹਿੱਸਾ ਲੈ ਕੇ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕਰਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਇਹ ਬਲਾਕ ਪੱਧਰੀ ਟੂਰਨਾਮੈਂਟ ਮਿਤੀ 01/09/2022 ਤੋਂ 07/09/2022 ਤੱਕ ਵੱਖ ਵੱਖ ਗਰਾਉਡਾਂ ਵਿਖੇ ਜਿਲ੍ਹਾ ਪ੍ਰਸ਼ਾਸ਼ਨ ਅਤੇ ਖੇਡ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾਣੇ ਹਨ।
ਜਿਕਰਯੋਗ ਹੈ ਕਿ ਨਿਹਾਲ ਸਿੰਘ ਵਾਲਾ ਦੇ ਬਿਲਾਸਪੁਰ ਵਿੱਚ 1100, ਬਲਾਕ ਧਰਮਕੋਟ ਵਿਖੇ 750 ਅਤੇ ਬਲਾਕ ਬਾਘਾਪੁਰਾਣਾ ਵਿੱਚ 700 ਦੇ ਕਰੀਬ ਖਿਡਾਰੀਆਂ ਇਨ੍ਹਾਂ ਖੇਡਾਂ ਵਿੱਚ ਭਾਗ ਲੈ ਰਹੇ ਹਨ। ਇਸੇ ਤਰ੍ਹਾਂ ਲਗਭਗ 2550 ਖਿਡਾਰੀ ਇਨ੍ਹਾਂ ਮੁਕਾਬਿਲਆਂ  ਵਿੱਚ ਭਾਗ ਲੈ ਰਹੇ ਹਨ। ਮੋਗਾ ਦੇ ਦੋਨੋਂ ਬਲਾਕਾਂ ਇੱਕ ਅਤੇ ਦੋ ਦੀਆਂ ਖੇਡਾਂ 5 ਸਤੰਬਰ ਤੋਂ ਸ਼ੁਰੂ ਹੋਣਗੀਆਂ।