ਲੁਧਿਆਣਾ ਵਿੱਚ ਨਵੇਂ ਆਧਾਰ ਕਾਰਡ ਅਤੇ ਅਪਡੇਟ ਕਰਨ ਲਈ ਕੱਲ ਤੋਂ ਲਾਏ ਜਾਣਗੇ ਵਿਸ਼ੇਸ਼ ਕੈਂਪ
– ਕੈਂਪਾਂ ਦੌਰਾਨ ਵੱਧ ਚੜ੍ਹ ਕੇ ਸ਼ਮੂਲੀਅਤ ਕਰਦਿਆਂ ਲਿਆ ਜਾਵੇ ਲਾਹਾ – ਡਿਪਟੀ ਕਮਿਸ਼ਨਰ ਸੁਰਭੀ ਮਲਿਕ
ਨਿਊਜ਼ ਪੰਜਾਬ
ਲੁਧਿਆਣਾ, 31 ਅਗਸਤ – ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਨਵੇਂ ਆਧਾਰ ਕਾਰਡ/ਆਧਾਰ ਅਪਡੇਟ ਕਰਨ ਸਬੰਧੀ ਸਤੰਬਰ ਮਹੀਨੇ ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਲੱਗਣ ਵਾਲੇ ਕੈਂਪਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਨਵੇਂ ਆਧਾਰ ਕਾਰਡ/ਆਧਾਰ ਅਪਡੇਟ ਸਬੰਧੀ ਲੋਕਾਂ ਦੀ ਵੱਧ ਤੋਂ ਵੱਧ ਕਵਰੇਜ਼ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਪਹਿਲੀ ਸਤੰਬਰ ਤੋਂ 30 ਸਤੰਬਰ, 2022 ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।
ਸ੍ਰੀਮਤੀ ਮਲਿਕ ਵੱਲੋਂ ਕੈਂਪਾਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਪਹਿਲੀ ਸਤੰਬਰ ਨੂੰ ਪਿੰਡ ਬੁਟਾਹਰੀ, ਘੁਮਾਣ ਅਤੇ ਤਿਹਾੜਾ ਵਿਖੇ ਕੈਂਪ ਲੱਗਣਗੇ ਜਦਕਿ 2 ਸਤੰਬਰ ਨੂੰ ਕੈਲੇ ਅਤੇ ਜਲਾਲਦੀਵਾਲ, 8 ਨੂੰ ਗੁਰਮ, ਸੁਧਾਰ ਅਤੇ ਗਿੱਦੜਵਿੰਡੀ, 9 ਨੂੰ ਜੂਣੇਵਾਲ, ਟੂਸੇ ਅਤੇ ਦੱਦਾਹੂਰ, 14 ਨੂੰ ਚੌਂਤਾ, 15 ਨੂੰ ਖਹਿਰਾ, ਭਨੋਹੜ ਅਤੇ ਭੈਣੀ ਅਰਾਈਆਂ, 16 ਨੂੰ ਢੈਪਈ ਅਤੇ ਕਾਲਸ, 22 ਨੂੰ ਸਾਇਆਂ ਕਲਾਂ, ਰਕਬਾ ਅਤੇ ਜੰਡੀ, 23 ਨੂੰ ਬਿਲਗਾ, ਦਾਦ ਅਤੇ ਗੋਂਦਵਾਲ, 29 ਨੂੰ ਜੱਸੋਵਾਲ, ਹਿੱਸੋਵਾਲ ਅਤੇ ਮਲਸੀਆਂ ਬਾਜਾਂ ਅਤੇ 30 ਸਤੰਬਰ, 2022 ਨੂੰ ਜਸਪਾਲੋਂ, ਰਾਜਗੜ੍ਹ ਅਤੇ ਤਾਜਪੁਰ ਵਿਖੇ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਦੌਰਾਨ ਵੱਧ ਚੜ੍ਹਕੇ ਸ਼ਮੂਲੀਅਤ ਕਰਦਿਆਂ ਵੱਧ ਤੋਂ ਵੱਧ ਲਾਹਾ ਲਿਆ ਜਾਵੇ।
ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਹਰੇਕ ਕੈਂਪ ਵਿੱਚ ਘੱਟੋ-ਘੱਟ 100 ਨਵੇਂ ਆਧਾਰ ਕਾਰਡ/ਆਧਾਰ ਅਪਡੇਟ ਕਰਨ ਦਾ ਟੀਚਾ ਪੂਰਾ ਕੀਤਾ ਜਾਵੇ। ਉਨ੍ਹਾ ਓਵਰਸੀਅਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਗੁਰ{ਘਰਾਂ ਦੇ ਸਪੀਕਰਾਂ ਰਾਹੀਂ, ਪਿੰਡ ਦੇ ਸਰਪੰਚ, ਇਲਾਕੇ ਦੇ ਸਰਕਾਰੀ/ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਆਦਿ ਨਾਲ ਮੀਟਿੰਗ ਕਰਦਿਆਂ ਕੈਂਪਾਂ ਦੀ ਜਾਣਕਾਰੀ ਵੱਧ ਤੋ ਵੱਧ ਲੋਕਾਂ ਤੱਕ ਪਹੁੰਚਾਈ ਜਾਵੇ। ਉਨ੍ਹਾ ਕਿਹਾ ਕਿ ਬੱਚਿਆਂ ਦੇ ਬਾਇਓਮੈਟ੍ਰਿਕਸ (ਜਿਵੇਂ ਕਿ 5 ਸਾਲ ਅਤੇ 15 ਸਾਲ ਤੱਕ) ਦੇ ਅੱਪਡੇਟ ‘ਤੇ ਲਾਜ਼ਮੀ ਤੌਰ ‘ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕੋਵਿਡ ਦੀਆਂ ਹਦਾਇਤਾਂ/ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਕੈਂਪਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕਿ ਕੈਂਪਾਂ ਵਿੱਚ ਕੋਵਿਡ ਨਿਰਦੇਸ਼ਾਂ ਦੀ ਪਾਲਣਾ ਲਾਜ਼ਮੀ ਹੈ ਜਿਸ ਵਿੱਚ ਮਾਸਕ ਪਹਿਨਣਾ, ਦੋ ਗਜ਼ ਦੀ ਦੂਰੀ ਬਣਾਈ ਰੱਖਣਾ ਆਦਿ ਸ਼ਾਮਲ ਹੈ।