ਪਿੰਡ ਹਰਿਓ ਕਲਾਂ (ਖੰਨਾ) ਵਿਖੇ ਛਿੰਝ ਮੇਲਾ – ਸਰਕਾਰ ਸੂਬੇ ਦੀ ਜਵਾਨੀ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਲਈ ਵਚਨਬੱਧ : ਚੇਤਨ ਸਿੰਘ ਜੌੜਾਮਾਜਰਾ
ਸਿਹਤ ਮੰਤਰੀ ਵੱਲੋ ਪਿੰਡ ਹਰਿਓ ਕਲਾਂ (ਖੰਨਾ) ਵਿਖੇ ਛਿੰਝ ਮੇਲੇ ਦੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋਂ ਸਿ਼ਰਕਤ
ਲੁਧਿਆਣਾ/ਖੰਨਾ 26 ਅਗਸਤ ( ਨਿਊਜ਼ ਪੰਜਾਬ ) ਪੰਜਾਬ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਤਾਂ ਜ਼ੋ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਮੋਹਰੀ ਰਾਜ ਵੱਜੋਂ ਉਭਰਿਆ ਜਾ ਸਕੇ। ਇਸੇ ਤਹਿਤ 29 ਅਗਸਤ ਨੂੰ ਜਲੰਧਰ ਵਿਖੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ-2022 ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਹ ਵਿਚਾਰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਮੰਤਰੀ ਸ੍ਰ. ਚੇਤਨ ਸਿੰਘ ਜੌੜਾਮਾਜਰਾ ਨੇ ਪਿੰਡ ਹਰਿਓ ਕਲਾਂ (ਖੰਨਾ) ਵਿਖੇ ਕਰਵਾਏ ਗਏ ਛਿੰਝ ਮੇਲੇ ਦੇ ਇਨਾਮ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆ ਪ੍ਰਗਟ ਕੀਤੇ। ਇਸ ਮੌਕੇ ਉਹਨਾਂ ਦੇ ਨਾਲ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਵੀ ਸ਼ਾਮਲ ਸਨ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸਿ਼ਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਰੁਚਿਤ ਕਰਨ ਹਿੱਤ ਖੇਡ ਮੇਲੇ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੀ ਜਵਾਨੀ ਦੀ ਤਰੱਕੀ ਅਤੇ ਭਲਾਈ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜ਼ੋੜਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਜ਼ੋ ਉਹ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਣ ਅਤੇ ਉਹਨਾਂ ਸੂਬੇ ਦੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸਿ਼ਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ, ਕਿਉਂਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸ ਨੇ ਰਾਸ਼ਟਰੀ ਪੱਧਰ ਦੇ ਨਾਮਵਰ ਖਿਡਾਰੀ ਪੈਦਾ ਕੀਤੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਇੱਕ ਨਸ਼ਾ ਮੁਕਤ ਸੂਬਾ ਹੋਵੇ। ਉਹਨਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਸਮੁੱਚੇ ਸੂਬੇ ਦੇ ਨੌਜਵਾਨਾਂ ਦੇ ਸਹਿਯੋਗ ਲਈ ਤੱਤਪਰ ਹਨ ਅਤੇ ਉਨ੍ਹਾਂ ਦੇ ਚੰਗੇਰੇ ਅਤੇ ਉੱਜਵਲ ਭਵਿੱਖ ਲਈ ਦ੍ਰਿੜ ਸੰਕਲਪ ਹਨ।
ਸ੍ਰ. ਚੇਤਨ ਸਿੰਘ ਜੌੜਾਮਾਜਰਾ ਨੇ ਪਿੰਡ ਹਰਿਓ ਕਲਾਂ ਦੇ ਖੇਡ ਮੇਲੇ ਦੇ ਪ੍ਰਬੰਧਕ ਪ੍ਰਧਾਨ ਸ੍ਰੀ ਜੀ.ਐਸ.ਢਿੱਲੋ ਦੀ ਪ੍ਰਸੰਸਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਅਜਿਹੇ ਖੇਡ ਮੇਲੇ ਕਰਵਾਏ ਜਾਣ ਤਾਂ ਜ਼ੋ ਸਾਡੇ ਨੌਜਵਾਨਾਂ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਖੇਡਾਂ ਲਈ ਵੀ ਪ੍ਰੇਰਿਤ ਕੀਤਾ ਜਾ ਸਕੇ। ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਸ੍ਰੀ ਤਰੁਨਪ੍ਰੀਤ ਸਿੰਘ ਸੌਦ ਨੇ ਸਿਹਤ ਮੰਤਰੀ ਸ੍ਰ. ਚੇਤਨ ਸਿੰਘ ਜੌੜਾਮਾਜਰਾ ਦਾ ਹਲਕਾ ਖੰਨਾ ਵਿੱਚ ਪਹੁੰਚਣ ਤੇ ਵਿਸ਼ੇਸ਼ ਧੰਨਵਾਦ ਕਰਦਿਆ ਕਿ ਇਹਨਾਂ ਦੀ ਹਲਕੇ ਖੰਨਾ ਦੇ ਕੰਮਾਂ ਸਬੰਧੀ ਜਦੋਂ ਕਦੇ ਵੀ ਜਰੂਰਤ ਪੈਂਦੀ ਹੈ ਤਾਂ ਇਹਨਾਂ ਵੱਲੋਂ ਪਹਿਲ ਦੇ ਅਧਾਰ ਤੇ ਸਾਡੇ ਹਲਕੇ ਦੇ ਕੰਮ ਕੀਤੇ ਜਾਂਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਮੰਡਲ ਮੈਜਿਸਟੇ੍ਰਟ ਸ੍ਰੀਮਤੀ ਮਨਜੀਤ ਕੌਰ, ਤਹਿਸੀਲਦਾਰ ਸ੍ਰੀ ਨਵਦੀਪ ਸਿੰਘ ਭੋਗਲ, ਪ੍ਰਧਾਨ ਸ੍ਰੀ ਜੀ.ਐਸ. ਢਿੱਲੋਂ, ਸ੍ਰੀ ਹਰਜੀਤ ਸਿੰਘ ਸੌਦ, ਸ੍ਰੀ ਸਨੀ ਮਾਂਗਟ ਖਜ਼ਾਨਚੀ, ਸ੍ਰੀ ਗੁਰਸੇਵਕ ਸਿੰਘ ਵਾਈਸ ਪ੍ਰਧਾਨ, ਸ੍ਰੀ ਅਮਨਦੀਪ ਸਿੰਘ ਭੰਗੂ, ਸ੍ਰੀ ਜੋਤ ਢਿੱਲੋਂ ਜਨਰਲ ਸਕੱਤਰ, ਸ੍ਰੀ ਜਸਕੀਰਤ ਸਿੰਘ ਲੋਟੇ ਸਕੱਤਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।