ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 76ਵੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲ੍ਹੇ ਤੋਂ ਨੌਵੀਂ ਵਾਰ ਝੰਡਾ ਲਹਿਰਾਇਆ – ਅਗਲੇ 25 ਸਾਲਾਂ ਲਈ ਪੰਜ ਪ੍ਰਣ
ਨਿਊਜ਼ ਪੰਜਾਬ
ਨਵੀ ਦਿੱਲ੍ਹੀ , 15 ਅਗਸਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 76ਵੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲ੍ਹੇ ਤੋਂ ਨੌਵੀਂ ਵਾਰ ਝੰਡਾ ਲਹਿਰਾਇਆ। ਇਸ ਮੌਕੇ ਉਨ੍ਹਾਂ ਦੇਸ਼ ਵਾਸੀਆਂ ਨੂੰ ਸੰਬੋਧਨ ਵੀ ਕੀਤਾ। ਪ੍ਰਧਾਨ ਮੰਤਰੀ ਦੇ ਭਾਸ਼ਣ ਵਿੱਚ ਭਾਰਤ ਦੀ ਵਿਰਾਸਤ ਤੋਂ ਲੈ ਕੇ ਆਜ਼ਾਦੀ ਘੁਲਾਟੀਆਂ ਤੱਕ ਦੀ ਏਕਤਾ ਅਤੇ ਅਖੰਡਤਾ ਦਾ ਵੀ ਜ਼ਿਕਰ ਸੀ। ਪ੍ਰਧਾਨ ਮੰਤਰੀ ਨੇ ਦੇਸ਼ ਦੀ ਵਿਭਿੰਨਤਾ ‘ਤੇ ਮਾਣ ਕਰਨ ਦੀ ਅਪੀਲ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਭਾਰਤ ਦੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ, ਭਾਰਤ ਦਾ ਕੋਈ ਕੋਨਾ ਅਜਿਹਾ ਨਹੀਂ ਸੀ, ਜਿੱਥੇ ਦੇਸ਼ ਵਾਸੀਆਂ ਨੇ ਸੈਂਕੜੇ ਸਾਲ ਗੁਲਾਮੀ ਵਿਰੁੱਧ ਨਾ ਲੜਿਆ ਹੋਵੇ। ਅੱਜ ਦਾ ਦਿਨ ਇਤਿਹਾਸਕ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਇਹ ਦੇਸ਼ ਮੰਗਲ ਪਾਂਡੇ, ਤਾਤਿਆ ਟੋਪੇ, ਭਗਤ ਸਿੰਘ, ਸੁਖਦੇਵ, ਰਾਜਗੁਰੂ, ਚੰਦਰਸ਼ੇਖਰ ਆਜ਼ਾਦ, ਅਸਫਾਕ ਉੱਲਾ ਖਾਨ, ਰਾਮ ਪ੍ਰਸਾਦ ਬਿਸਮਿਲ ਵਰਗੇ ਅਣਗਿਣਤ ਕ੍ਰਾਂਤੀਕਾਰੀਆਂ ਦਾ ਰਿਣੀ ਹੈ, ਜਿਨ੍ਹਾਂ ਨੇ ਬ੍ਰਿਟਿਸ਼ ਸ਼ਾਸਨ ਦੀ ਨੀਂਹ ਹਿਲਾ ਦਿੱਤੀ ਸੀ। ਡਾ: ਰਾਜੇਂਦਰ ਪ੍ਰਸਾਦ ਜੀ, ਨਹਿਰੂ ਜੀ, ਸਰਦਾਰ ਵੱਲਭ ਭਾਈ ਪਟੇਲ, ਸ਼ਿਆਮਾ ਪ੍ਰਸਾਦ ਮੁਖਰਜੀ, ਲਾਲ ਬਹਾਦੁਰ ਸ਼ਾਸਤਰੀ, ਦੀਨ ਦਿਆਲ ਉਪਾਧਿਆਏ, ਜੈਪ੍ਰਕਾਸ਼ ਨਰਾਇਣ, ਰਾਮ ਮਨੋਹਰ ਲੋਹੀਆ, ਆਚਾਰੀਆ ਵਿਨੋਬਾ ਭਾਵੇ, ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਲੜੀ ਅਤੇ ਅੱਜ ਦੇ ਦੇਸ਼ ਦਾ ਨਿਰਮਾਣ ਕੀਤਾ। ਵੀਰ ਸਾਵਰਕਰ, ਨਾਨਾ ਜੀ ਦੇਸ਼ਮੁਖ ਵਰਗੇ ਬਹੁਤ ਸਾਰੇ ਮਹਾਪੁਰਖਾਂ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਹੈ।ਅਗਲੇ 25 ਸਾਲਾਂ ਲਈ ਪੰਜ ਪ੍ਰਣ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਅਸੀਂ 2047 ਵਿੱਚ ਦੇਸ਼ ਦੀ ਆਜ਼ਾਦੀ ਦੇ 100 ਸਾਲ ਪੂਰੇ ਕਰਨੇ ਹਨ , ਤਾਂ ਆਓ ਅਸੀਂ ਆਪਣੇ ਆਜ਼ਾਦੀ ਘੁਲਾਟੀਆਂ ਦੇ ਸਾਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਪ੍ਰਣ ਕਰੀਏ। ਉਨ੍ਹਾਂ ਕਿਹਾ ਕਿ ਅਗਲੇ 25 ਸਾਲ ਦੇਸ਼ ਲਈ ਬਹੁਤ ਮਹੱਤਵਪੂਰਨ ਹਨ। ਸਾਨੂੰ ਪੰਚ ਪ੍ਰਣ ‘ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਇਹ ਪੰਜ ਪ੍ਰਣ ਹਨ-
1. ਵਿਕਸਤ ਭਾਰਤ
2. ਗੁਲਾਮੀ ਤੋਂ ਮੁਕਤੀ
3. ਵਿਰਾਸਤ ਦਾ ਮਾਣ
4. ਏਕਤਾ ਅਤੇ ਇਕਜੁਟਤਾ
5. ਨਾਗਰਿਕਾਂ ਦੇ ਕਰਤੱਵ