ਮਹਾਂਨਗਰ ਦਾ ਬੇਆਸਰਾ ਫੌਕਲ ਪੁਆਇੰਟ – ਨਗਰ ਨਿਗਮ ਦੇ ਅਧਿਕਾਰੀਆਂ ਨੇ ਅੱਖਾਂ ਕੀਤੀਆਂ ਬੰਦ – ਟੁੱਟੀਆਂ ਸੜਕਾਂ ਤੇ ਵਾਪਰ ਰਹੇ ਹਨ ਹਾਦਸੇ
ਰਾਜਿੰਦਰ ਸਿੰਘ ਸਰਹਾਲੀ – ਨਿਊਜ਼ ਪੰਜਾਬ
ਲੁਧਿਆਣਾ, 12 ਅਗਸਤ – ਨਗਰ ਨਿਗਮ ਦੀ ਲਾ-ਪ੍ਰਵਾਹੀ ਕਾਰਨ ਪੰਜਾਬ ਦੇ ਸਭ ਤੋਂ ਵੱਡੇ ਸਨਅਤੀ ਫੌਕਲ ਪੁਇੰਟ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀਆਂ ਸੜਕਾਂ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ I ਪਰ ਨਗਰ ਨਿਗਮ ਦਾ B & R ਵਿਭਾਗ ਪੂਰੀ ਤਰ੍ਹਾਂ ਅੱਖਾਂ ਬੰਦ ਕਰ ਕੇ ਬੈਠਾ ਹੋਇਆਂ, ਸੜਕਾਂ ਟੁੱਟ ਰਹੀਆਂ ਹਨ, ਥੋੜੇ ਜਹੇ ਯਤਨਾਂ ਨਾਲ ਸੜਕਾਂ ਨੂੰ ਟੁੱਟਣ ਤੋਂ ਬਚਾਇਆ ਜਾ ਸਕਦਾ ਪਰ ਵਿਭਾਗ ਦੇ ਅਧਿਕਾਰੀ ਸੜਕਾਂ ਟੁੱਟੀਆਂ ਵੇਖਣਾ ਚਹੁੰਦੇ ਹਨ ਤਾਂ ਜੋ ਉਹ ਸੜਕ ਲਈ ਨਵੇਂ ਟੈਂਡਰ ਲਾ ਸਕਣ I ਪਹਿਲਾਂ ਹੀ ਆਰਥਿਕ ਤੋਰ ਤੇ ਕਮਜ਼ੋਰ ਨਗਰ ਨਿਗਮ ਦੇ ਆਪਣੇ ਅਧਿਕਾਰੀ ਹੀ ਡੋਬਣ ਲਈ ਤਿਆਰ ਬੈਠੇ ਹਨ ਜਦੋਂ ਕਿ ਥੋੜੇ ਜਹੇ ਯਤਨਾਂ ਨਾਲ ਕਰੋੜਾਂ ਰੁਪਏ ਦੀਆਂ ਸੜਕਾਂ ਠੀਕ ਕਰਕੇ ਸੜਕਾਂ ਬਚਾਈਆਂ ਜਾ ਸਕਦੀਆਂ ਹਨ I
-
ਸੜਕਾਂ ਵਿੱਚ ਵੱਡੇ ਟੋਏ ਬਣ ਗਏ ਹਨ, ਨਿਗਮ ਦੇ ਬੀ ਐਂਡ ਆਰ ਵਿਭਾਗ ਵੱਲੋਂ ਸਥਿਤੀ ਨੂੰ ਵੇਖਦੇ ਹੋਏ ਵੀ ਸਿਰਫ ਕਾਗਜ਼ਾਂ ਵਿੱਚ ਹੀ ਕੰਮ ਕੀਤਾ ਜਾ ਰਿਹਾ ਹੈ, ਸਨਅਤੀ ਆਗੂਆਂ ਵੱਲੋਂ ਵਿਭਾਗ ਦੇ ਧਿਆਨ ਵਿੱਚ ਕਈ ਵਾਰ ਮਾਮਲਾ ਲਿਆਂਦਾ ਜਾ ਚੁੱਕਾ ਪਰ ਅਧਿਕਾਰੀਆਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਖਾਸਕਰ ਫੌਕਲ ਪੁਇੰਟ ਦੇ ਜੀਵਨ ਨਗਰ ਚੌਕ ਅਤੇ ਖੁਸ਼ਕ ਬੰਦਰਗਾਹ ਤੋਂ ਖ਼ਾਲਸਾ ਰੋਡ ਵਿੱਚ ਤਾਂ ਲੋਕਾਂ ਦਾ ਆਉਣਾ – ਜਾਣਾ ਹੀ ਮੁਸ਼ਕਲ ਹੋ ਗਿਆ ਹੈ, ਰੋਜ਼ਾਨਾ ਦੁਰਘਟਨਾਵਾਂ ਵੀ ਵਾਪਰ ਰਹੀਆਂ ਹਨ I
ਫੌਕਲ ਪੁਇੰਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਜਲਦੀ ਹੀ ਸਥਾਨਕ ਸਰਕਾਰ ਮੰਤਰੀ ਸ੍ਰ. ਨਿੱਜਰ ਨੂੰ ਮਿੱਲ ਕੇ ਸਬੰਧਿਤ ਅਧਿਕਾਰੀਆਂ ਦੀ ਲਿਖਤੀ ਸ਼ਕਾਇਤ ਦਿੱਤੀ ਜਾਵੇਗੀ ਅਤੇ ਉਹਨਾਂ ਵੱਲੋਂ ਫੌਕਲ ਪੁਇੰਟ ਦੇ ਵਿਕਾਸ ਲਈ ਕੀਤੇ ਜਾ ਰਹੇ ਖਰਚਿਆਂ ਦੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਜਾਵੇਗੀ I ਉਹਨਾਂ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਧ ਰੁਜ਼ਗਾਰ ਦੇਣ ਵਾਲੇ ਖੇਤਰ ਵੱਲ ਅਧਿਕਾਰੀਆਂ ਦੀ ਲਾਪ੍ਰਵਾਹੀ ਪੰਜਾਬ ਦੇ ਉਦਯੋਗ ਦਾ ਵੱਡਾ ਨੁਕਸਾਨ ਕਰ ਰਹੀ ਹੈ I