ਦੁੱਖਦਾਈ ਖਬਰ – ਪੰਜਾਬ ਦੇ 7 ਨੌਜਵਾਨਾਂ ਦੀ ਗੋਬਿੰਦ ਸਾਗਰ ਝੀਲ ਵਿੱਚ ਡੁੱਬਣ ਨਾਲ ਮੌਤ – ਬਾਬਾ ਬਾਲਕ ਨਾਥ ਮੰਦਰ ਦੀ ਯਾਤਰਾ ਤੇ ਜਾ ਰਹੇ ਸਨ ਨੌਜਵਾਨ
ਨਿਊਜ਼ ਪੰਜਾਬ
ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚੋਂ ਦੁਖਦਾਈ ਖਬਰ ਸਾਹਮਣੀ ਆਈ ਹੈ। ਪੰਜਾਬ ਤੋਂ ਬਾਬਾ ਬਾਲਕ ਨਾਥ ਮੰਦਰ ਦੀ ਯਾਤਰਾ ਤੇ ਜਾ ਰਹੇ 11 ਨੌਜਵਾਨਾਂ ਦੇ ਗਰੁੱਪ ਵਿੱਚੋਂ ਗੋਬਿੰਦ ਸਾਗਰ ਝੀਲ ‘ਚ ਡੁੱਬਣ ਕਾਰਨ ਪੰਜਾਬ ਦੇ 7 ਨੌਜਵਾਨਾਂ ਦੀ ਮੌਤ ਹੋ ਗਈ। ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।ਮੀਡੀਆ ਰਿਪੋਰਟਾਂ ਅਨੁਸਾਰ 11 ਵਿਅਕਤੀ ਪਿੰਡ ਬਨੂੜ ਜ਼ਿਲ੍ਹਾ ਮੁਹਾਲੀ ਪੰਜਾਬ ਤੋਂ ਬਾਬਾ ਬਾਲਕ ਨਾਥ ਮੰਦਰ ਜਾ ਰਹੇ ਸਨ। ਬਾਬਾ ਗਰੀਬਦਾਸ ਮੰਦਿਰ ਦੇ ਕੋਲ ਗੋਬਿੰਦ ਸਾਗਰ ਝੀਲ ਵਿਚ ਨਹਾਣ ਲੱਗੇ ਪਰ ਪਾਣੀ ਡੂੰਘਾ ਹੋਣ ਕਾਰਨ ਸੱਤ ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ।
ਪੁਲਿਸ ਥਾਣਾ ਬੰਗਾਣਾ ਤੋਂ ਮੀਡੀਆ ਨੂੰ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਪਿੰਡ ਕੌਲਕਾ ਬਾਬਾ ਗਰੀਬ ਦਾਸ ਮੰਦਿਰ ਨੇੜੇ ਗੋਵਿੰਦ ਸਾਗਰ ਝੀਲ ‘ਚ ਬਾਅਦ ਦੁਪਹਿਰ ਕਰੀਬ 3.50 ਵਜੇ ਵਾਪਰੀ |
ਚਾਰ ਨੌਜਵਾਨ ਕਿਸੇ ਤਰ੍ਹਾਂ ਪਾਣੀ ਵਿੱਚੋਂ ਬਾਹਰ ਆਏ ਅਤੇ ਮਦਦ ਲਈ ਰੌਲਾ ਪਾਉਣ ਲੱਗੇ। ਸਥਾਨਕ ਲੋਕ ਵੀ ਮਦਦ ਲਈ ਪਹੁੰਚ ਗਏ ਪਰ ਡੁੱਬੇ ਨੌਜਵਾਨ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਪੁਲਿਸ ਅਤੇ ਪ੍ਰਸ਼ਾਸਨ ਨੇ ਗੋਤਾਖੋਰ ਝੀਲ ‘ਚ ਉਤਾਰੇ ਜਿਸ ਤੋਂ ਬਾਅਦ ਸਾਰੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ। ਐਸਡੀਐਮ ਬੰਗਾਨਾ ਯੋਗਰਾਜ ਧੀਮਾਨ ਨੇ ਦੱਸਿਆ ਕਿ ਗੋਬਿੰਦ ਸਾਗਰ ਝੀਲ ਵਿੱਚ ਡੁੱਬਣ ਕਾਰਨ ਪੰਜਾਬ ਦੇ ਸੱਤ ਨੌਜਵਾਨਾਂ ਦੀ ਮੌਤ ਹੋ ਗਈ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹਾਦਸੇ ਸਬੰਧੀ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ।