ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਅ ਕੇ ਸ਼ਹੀਦੀ ਦੀ ਇੱਕ ਵੱਖਰੀ ਮਿਸਾਲ ਕਾਇਮ ਕੀਤੀ : ਪ੍ਰੋ ਬਡੂੰਗਰ
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰਨ ਤੋਂ ਬਾਈ ਦਿਨ ਬਾਅਦ 16 ਜੁਲਾਈ 1745 ਈ: ਨੂੰ ਭਾਈ ਤਾਰੂ ਸਿੰਘ ਜੀ ਸ਼ਹੀਦ ਹੋ ਗਏ ਜਿਨ੍ਹਾਂ ਦਾ ਸਸਕਾਰ ਲਾਹੌਰ ਦੇ ਸ਼ਹੀਦ ਗੰਜ ਵਾਲੇ ਸਥਾਨ ਤੇ ਕੀਤਾ ਗਿਆ । ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਪਿਤਾ ਵੀ ਗੁਰੂ ਘਰ ਦੇ ਪ੍ਰੇਮੀ ਹੋਣ ਕਰਕੇ ਮੁਕਤਸਰ ਸਾਹਿਬ ਦੀ ਲੜਾਈ ਵਿੱਚ ਸ਼ਹੀਦੀ ਜਾਮ ਪੀ ਗਏ ਸਨ ।
ਨਿਊਜ਼ ਪੰਜਾਬ
ਪਟਿਆਲਾ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਸਿੱਖੀ, ਕੇਸਾਂ, ਸੁਆਸਾਂ ਸੰਗ ਨਿਭਾਅ ਕੇ ਇਸ ਸੰਸਾਰ ਵਿੱਚ ਸ਼ਹੀਦੀ ਦੀ ਇੱਕ ਵੱਖਰੀ ਮਿਸਾਲ ਕਾਇਮ ਕੀਤੀ, ਇਸ ਕਰਕੇ ਸਾਨੂੰ ਆਪਣੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ।
ਪ੍ਰੋ. ਬਡੂੰਗਰ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸਿੰਘਾਂ ਤੇ ਮੁਗਲ ਹਕੂਮਤ ਵੱਲੋਂ ਜ਼ੁਲਮ ਹੋਰ ਵਧਾ ਦਿੱਤਾ ਗਿਆ ਸੀ ਤੇ ਜਦੋਂ ਇਸ ਗੱਲ ਬਾਰੇ ਜ਼ਾਲਮ ਹਕੂਮਤ ਦੇ ਮੁਖ਼ਬਰ ਹਰਭਗਤ ਨਿਰੰਜਨੀਏ ਨੇ ਸੂਬੇਦਾਰ ਜ਼ਕਰੀਆ ਖਾਂ ਨੂੰ ਜਾ ਕੇ ਦੱਸਿਆ ਕਿ ਭਾਈ ਤਾਰੂ ਸਿੰਘ ਕੋਲ ਸਿੰਘਾਂ ਦਾ ਆਉਣਾ ਜਾਣਾ ਹੈ ਤੇ ਉਹ ਉਨ੍ਹਾਂ ਨੂੰ ਲੰਗਰ ਛਕਾਉਂਣ ਦੇ ਨਾਲ ਨਾਲ ਸੰਭਵ ਮੱਦਦ ਵੀ ਕਰਦਾ ਹੈ ਤਾਂ ਭਾਈ ਤਾਰੂ ਸਿੰਘ ਨੂੰ ਫੜ ਕੇ ਲਾਹੌਰ ਲਿਆਂਦਾ ਗਿਆ । ਉਨ੍ਹਾਂ ਦੱਸਿਆ ਕਿ ਭਾਈ ਤਾਰੂ ਸਿੰਘ ਨੂੰ ਜ਼ਕਰੀਆ ਖਾਂ ਦੀ ਕਚਹਿਰੀ ਵਿੱਚ ਪੇਸ਼ ਕਰਨ ਉਪਰੰਤ ਮੁਗਲ ਹਕੂਮਤ ਨੇ ਬਾਗੀ ਸਿੰਘਾਂ ਨੂੰ ਆਪਣੇ ਕੋਲ ਪਨਾਹ ਦੇਣ, ਲੁੱਟਾਂ-ਖੋਹਾਂ ਕਰਨ, ਚੋਰੀਆਂ-ਡਾਕੇ ਮਾਰਨ ਤੇ ਹੋਰ ਕਈ ਤਰ੍ਹਾਂ ਦੇ ਮੁਕੱਦਮੇ ਪਾ ਕੇ ਭਾਈ ਤਾਰੂ ਸਿੰਘ ਨੂੰ ਕਤਲ ਕੇਸ ਕਰਵਾ ਕੇ ਮੁਸਲਮਾਨ ਬਣ ਜਾਣ ਲਈ ਕਿਹਾ ਗਿਆ ਤਾਂ ਭਾਈ ਸਾਹਿਬ ਨੇ ਇਸ ਨੂੰ ਅਪ੍ਰਵਾਨ ਕਰਦਿਆਂ ਕਿਹਾ ਕਿ ਸਿੱਖ ਦਾ ਸਿਦਕ ਕੇਸਾਂ ਸੁਆਸਾਂ ਨਾਲ ਨਿਭਾਇਆ ਜਾਵੇਂਗਾ । ਉਨ੍ਹਾਂ ਦੱਸਿਆ ਕਿ ਮੁਗਲ ਹਕੂਮਤ ਦੇ ਫ਼ੁਰਮਾਨ ਨੂੰ ਨਾ ਮੰਨਦਿਆਂ ਹੋਇਆਂ ਭਾਈ ਤਾਰੂ ਸਿੰਘ ਨੇ ਜਦੋਂ ਨਾਂਹ ਕੀਤੀ ਤਾਂ ਅੰਤ ਵਿੱਚ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰ ਦਿੱਤੇ ਜਾਣ ਦੇ ਫੁਰਮਾਨ ਜਾਰੀ ਕਰ ਦਿੱਤੇ ਗਏ ਤੇ ਜਲਾਦਾਂ ਵੱਲੋਂ ਰੰਬੀ ਨਾਲ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰ ਦਿੱਤੀ ਤੇ ਖ਼ੂਨ ਦੀਆਂ ਧਾਰਾ ਭਾਈ ਸਾਹਿਬ ਦੇ ਸਰੀਰ ਉੱਪਰ ਵਹਿ ਤੁਰੀਆਂ । ਪ੍ਰੋ ਬਡੂੰਗਰ ਨੇ ਦੱਸਿਆ ਕਿ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰਨ ਤੋਂ ਬਾਈ ਦਿਨ ਬਾਅਦ 16 ਜੁਲਾਈ 1745 ਈ: ਨੂੰ ਭਾਈ ਤਾਰੂ ਸਿੰਘ ਜੀ ਸ਼ਹੀਦ ਹੋ ਗਏ ਜਿਨ੍ਹਾਂ ਦਾ ਸਸਕਾਰ ਲਾਹੌਰ ਦੇ ਸ਼ਹੀਦ ਗੰਜ ਵਾਲੇ ਸਥਾਨ ਤੇ ਕੀਤਾ ਗਿਆ । ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਪਿਤਾ ਵੀ ਗੁਰੂ ਘਰ ਦੇ ਪ੍ਰੇਮੀ ਹੋਣ ਕਰਕੇ ਮੁਕਤਸਰ ਸਾਹਿਬ ਦੀ ਲੜਾਈ ਵਿੱਚ ਸ਼ਹੀਦੀ ਜਾਮ ਪੀ ਗਏ ਸਨ ।