ਸ਼੍ਰੀ ਲੰਕਾ ਦੇ ਰਾਸ਼ਟਰਪਤੀ ਦੇਣਗੇ ਅਸਤੀਫਾ – ਭਾਰੀ ਵਿਰੋਧ ਕਾਰਨ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਰਾਸ਼ਟਰਪਤੀ ਭਵਨ ਛੱਡ ਕੇ ਭੱਜਣਾ ਪਿਆ ਸੀ
ਨਿਊਜ਼ ਪੰਜਾਬ
ਸ਼੍ਰੀ ਲੰਕਾ ਦੀਆਂ ਵਿਰੋਧੀ ਪਾਰਟੀਆਂ ਅਤੇ ਲੋਕਾਂ ਦੇ ਦਬਾਅ ਮਗਰੋਂ ਰਾਸ਼ਟਰਪਤੀ ਗੋਟਾਬਾਯਾ ਰਾਜਪਕਸਾ ਨੇ ਦੇਰ ਰਾਤ ਐਲਾਨ ਕੀਤਾ ਕਿ ਉਹ 13 ਜੁਲਾਈ ਨੂੰ ਅਸਤੀਫਾ ਦੇ ਦੇਣਗੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਗੋਟਾਬਾਯਾ ਰਾਜਪਕਸਾ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਕਰਮੀਆਂ ਵਿਚਕਾਰ ਝੜਪਾਂ ਵੀ ਹੋਈਆਂ ਜਿਸ ’ਚ 45 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਸੱਤ ਪੁਲੀਸ ਕਰਮੀ ਵੀ ਸ਼ਾਮਲ ਹਨ। ਇਸ ਦੌਰਾਨ ਹੁਕਮਰਾਨ ਸਣੇ ਕਈ ਵਿਰੋਧੀ ਪਾਰਟੀਆਂ ਦੀ ਮੀਟਿੰਗ ’ਚ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਅਸਤੀਫਾ ਦੇਣ ਅਤੇ ਸਰਬ ਪਾਰਟੀ ਸਰਕਾਰ ਦੇ ਗਠਨ ਦੀ ਪੇਸ਼ਕਸ਼ ਕੀਤੀ ਹੈ।
ਸ਼੍ਰੀਲੰਕਾ ‘ਚ ਕਈ ਮਹੀਨਿਆਂ ਤੋਂ ਧੁਖਦਾ ਕਹਿਰ ਦਾ ਲਾਵਾ ਸ਼ਨੀਵਾਰ ਨੂੰ ਅਚਾਨਕ ਫੁੱਟਿਆ ਤਾਂ ਪੂਰਾ ਦੇਸ਼ ਕੋਲੰਬੋ ‘ਚ ਸੜਕਾਂ ‘ਤੇ ਨਜ਼ਰ ਆਇਆ। ਇਸ ਦੇ ਨਾਲ ਹੀ ਸੱਤਾ ‘ਤੇ ਕਾਬਜ਼ ਹੋਏ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਰਾਸ਼ਟਰਪਤੀ ਭਵਨ ਛੱਡ ਕੇ ਭੱਜਣਾ ਪਿਆ। ਸੁਰੱਖਿਆ ‘ਚ ਤਾਇਨਾਤ ਹਜ਼ਾਰਾਂ ਫੌਜ ਅਤੇ ਪੁਲਸ ਕਰਮਚਾਰੀ ਵੀ ਉੱਥੋਂ ਭੱਜ ਗਏ। ਰਾਜਧਾਨੀ ਕੋਲੰਬੋ ਵਿੱਚ ਇਕੱਠੇ ਹੋਏ ਲੱਖਾਂ ਪ੍ਰਦਰਸ਼ਨਕਾਰੀਆਂ ਨੇ ਕਿਹਾ, ਬਦਲਾਅ ਦਾ ਉਹ ਸਮਾਂ ਆ ਗਿਆ ਹੈ ਜਿਸਦੀ ਅਸੀਂ ਉਡੀਕ ਕਰ ਰਹੇ ਸੀ। ਗੋਟਾਬਾਯਾ ਦੇ ਭੱਜਣ ਨਾਲ ਜਨਤਾ ਖੁਸ਼ ਹੈ ਅਤੇ ਗੁੱਸਾ ਸ਼ਾਂਤ ਹੋਇਆ ਹੈ।