ਡੋਲੋ-650 ਦਵਾਈ ਬਣਾਉਣ ਵਾਲੀ ਕੰਪਨੀ ‘ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ – ਕੰਪਨੀ ਦੇ ਪੰਜਾਬ ਸਮੇਤ 40 ਟਿਕਾਣਿਆਂ ਤੇ ਹੋਈ ਪੜਤਾਲ – ਕੰਪਨੀ ਨੇ ਕੋਵਿਡ ਦੌਰਾਨ 350 ਕਰੋੜ ਗੋਲੀਆਂ ਦੀ ਕੀਤੀ ਸੀ ਵਿਕਰੀ
ਨਿਊਜ਼ ਪੰਜਾਬ
ਆਮਦਨ ਕਰ ਵਿਭਾਗ ਨੇ ਬੁੱਧਵਾਰ ਨੂੰ ਮਸ਼ਹੂਰ ਦਵਾਈ ਡੋਲੋ-650 ਬਣਾਉਣ ਵਾਲੀ ਮਾਈਕ੍ਰੋ ਲੈਬਜ਼ ਲਿਮਟਿਡ, ਬੈਂਗਲੁਰੂ ਦੇ ਦਫਤਰ ‘ਤੇ ਛਾਪਾ ਮਾਰਿਆ ਹੈ । ਮੀਡੀਆ ਰਿਪੋਰਟਾਂ ਮੁਤਾਬਕ ਆਈਟੀ ਵਿਭਾਗ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਅੱਜ ਇਨਕਮ ਟੈਕਸ ਵਿਭਾਗ ਦੇ 200 ਅਧਿਕਾਰੀਆਂ ਨੇ ਦੇਸ਼ ‘ਚ 40 ਥਾਵਾਂ ‘ਤੇ ਕੰਪਨੀ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਜਿਨ੍ਹਾਂ ਥਾਵਾਂ ‘ਤੇ ਛਾਪੇ ਮਾਰੇ ਗਏ ਹਨ, ਉਨ੍ਹਾਂ ਵਿਚ ਬੈਂਗਲੁਰੂ ਤੋਂ ਇਲਾਵਾ ਨਵੀਂ ਦਿੱਲੀ, ਸਿੱਕਮ, ਪੰਜਾਬ, ਤਾਮਿਲਨਾਡੂ ਅਤੇ ਗੋਆ ਵਿਚਲੇ ਦਫਤਰ ਸ਼ਾਮਲ ਹਨ। ਸੂਤਰਾਂ ਅਨੁਸਾਰ ਮਾਈਕਰੋ ਲੈਬ ਦੇ ਸੀਐਮਡੀ ਦਿਲੀਪ ਸੁਰਾਣਾ ਅਤੇ ਡਾਇਰੈਕਟਰ ਆਨੰਦ ਸੁਰਾਣਾ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਹੈ।
ਰਿਪੋਰਟਾਂ ਮੁਤਾਬਕ ਛਾਪੇਮਾਰੀ ਦੌਰਾਨ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਬੇਂਗਲੁਰੂ ਦੇ ਮਾਧਵਨਗਰ ਸਥਿਤ ਰੇਸ ਕੋਰਸ ਰੋਡ ‘ਤੇ ਸਥਿਤ ਡੋਲੋ-650 ਟੈਬਲੇਟ ਬਣਾਉਣ ਵਾਲੀ ਕੰਪਨੀ ਮਾਈਕ੍ਰੋ ਲੈਬਜ਼ ਲਿਮਟਿਡ ਦੇ ਦਫਤਰ ਤੋਂ ਕਈ ਮਹੱਤਵਪੂਰਨ ਦਸਤਾਵੇਜ਼ਾਂ ਦੀ ਜਾਂਚ ਕੀਤੀ ਹੈ। ਸਮਝਿਆ ਜਾਂਦਾ ਕਿ ਕੰਪਨੀ ਨੇ ਕੋਵਿਡ-19 ਮਹਾਮਾਰੀ ਦੌਰਾਨ ਭਾਰੀ ਮੁਨਾਫਾ ਕਮਾਇਆ ਸੀ। ਜਾਣਕਾਰੀ ਅਨੁਸਾਰ, ਕੰਪਨੀ ਨੇ 2020 ਵਿੱਚ ਕੋਵਿਡ -19 ਦੇ ਫੈਲਣ ਤੋਂ ਬਾਅਦ 350 ਕਰੋੜ ਗੋਲੀਆਂ ਵੇਚੀਆਂ ਹਨ ਅਤੇ ਆਪਣੇ ਸਾਰੇ ਵਿਰੋਧੀਆਂ ਨੂੰ ਪਛਾੜਦੇ ਹੋਏ ਇੱਕ ਸਾਲ ਵਿੱਚ ਸਾਰੇ ਕਾਰੋਬਾਰਾਂ ਤੋਂ 400 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਕੋਰੋਨਾ ਮਹਾਮਾਰੀ ਦੀ ਲਹਿਰ ਦੌਰਾਨ ਮਾਈਕ੍ਰੋ ਲੈਬਜ਼ ਲਿਮਟਿਡ ਦੀ ਦਵਾਈ ਡੋਲੋ (ਪੈਰਾਸੀਟਾਮੋਲ) ਦੀ ਵਿਕਰੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।