ਨਗਰ ਸੁਧਾਰ ਟਰੱਸਟ ਦੇ ਫਲੈਟਾਂ ਦੀ ਸੁਚਾਰੂ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਡਰਾਅ ਪ੍ਰਕਿਰਿਆ ਸੰਪੰਨ

ਨਿਊਜ਼ ਪੰਜਾਬ 

ਲੁਧਿਆਣਾ, 16 ਜੂਨ  – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੀ ਅਗਵਾਈ ਹੇਠ ਅੱਜ ਸਥਾਨਕ ਨਹਿਰੂ ਸਿਧਾਂਤ ਕੇਂਦਰ, ਪੱਖੋਵਾਲ ਰੋਡ ਵਿਖੇ ਨਗਰ ਸੁਧਾਰ ਟਰੱਸਟ ਦੇ ਫਲੈਟਾਂ ਦੀ ਸੁਚਾਰੂ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਡਰਾਅ ਪ੍ਰਕਿਰਿਆ ਸੰਪੰਨ ਹੋਈ। ਡਿਪਟੀ ਕਮਿਸ਼ਨਰ ਵੱਲੋਂ ਫਲੈਟਾਂ ਦੇ ਲਾਭਪਾਤਰੀਆਂ ਨੂੰ ਮੁਬਾਰਕਬਾਦ ਵੀ ਦਿੱਤੀ ਗਈ।

ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ 336 ਹਾਈ ਇਨਕਮ ਗਰੁੱਪ (ਐਚ.ਆਈ.ਜੀ.) ਅਤੇ 240 ਮਿਡਲ ਇਨਕਮ ਗਰੁੱਪ (ਐਮ.ਆਈ.ਜੀ.) ਫਲੈਟਾਂ ਦੇ ਡਰਾਅ ਲਾਭਪਾਤਰੀਆਂ ਦੇ ਸਾਹਮਣੇ ਕੱਢੇ ਗਏ ਅਤੇ ਸਮਾਗਮ ਦੀ ਲਾਈਵ ਵੈਬਕਾਸਟਿੰਗ ਵੀ ਕਰਵਾਈ ਗਈ ਜਿਸਨੂੰ ਲਿੰਕ https://youtu.be/lzoRZzHNkxY ‘ਤੇ ਲਾਈਵ ਪ੍ਰਸਾਰਿਤ ਕੀਤਾ ਗਿਆ।

ਸਮਾਗਮ ਮੌਕੇ ਐਲ.ਏ.ਸੀ. ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਹੁਲ ਚਾਬਾ, ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਸੁਪਰਡੰਟ ਇੰਜੀਨੀਅਰ ਸ੍ਰੀ ਸੱਤਭੁਸ਼ਨ ਸਚਦੇਵਾ, ਕਾਰਜ਼ਕਾਰੀ ਅਫਸਰ ਸ੍ਰੀਮਤੀ ਕੁਲਬੀਰ ਕੌਰ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਸ੍ਰੀਮਤੀ ਮਲਿਕ ਨੇ ਦੱਸਿਆ ਉਨ੍ਹਾਂ ਦੱਸਿਆ ਕਿ ਅੱਤ ਦੀ ਗਰਮੀ ਅਤੇ ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦਿਆਂ ਲਾਈਵ ਪ੍ਰਸਾਰਣ ਕੀਤਾ ਗਿਆ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸਮਾਗਮ ਨੂੰ ਦੇਖ ਸਕਣ।

ਡਿਪਟੀ ਕਮਿਸ਼ਨਰ ਵੱਲੋਂ ਡਰਾਅ ਪ੍ਰਕਿਰਿਆ ਵਿੱਚ ਤਾਇਨਾਤ ਅਧਿਕਾਰੀਆਂ/ਕਰਮਚਾਰੀਆਂ ਦੀ ਵੀ ਸ਼ਲਾਘਾ ਕੀਤੀ ਗਈ ਜ਼ਿਨ੍ਹਾਂ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਬੇਹੱਦ ਪੁਖਤਾ ਪ੍ਰਬੰਧ ਕੀਤੇ ਗਏ ਸਨ।

ਐਲ.ਏ.ਸੀ. ਸ੍ਰੀਮਤੀ ਨੀਰੂ ਕਤਿਆਲ ਨੇ ਦੱਸਿਆ ਕਿ ਇਹ ਹਾਊਸਿੰਗ ਪ੍ਰੋਜੈਕਟ 8.8 ਏਕੜ ਰਕਬੇ ਵਿੱਚ ਬਣਾਇਆ ਜਾਵੇਗਾ ਅਤੇ ਜਿਹੜਾ ਕਿ ਕਮਿਊਨਿਟੀ ਸੈਂਟਰ, ਸਵੀਮਿੰਗ ਪੂਲ, ਜਿਮਨੇਜ਼ੀਅਮ, ਛੋਟਾ ਵਪਾਰਕ ਕੇਂਦਰ ਅਤੇ ਪਾਰਕਿੰਗ ਸਮੇਤ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਇਸ ਪ੍ਰੋਜੈਕਟ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਇਸ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਸ਼ੁਰੂ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਸੈਮੀ-ਫਰਨੀਸ਼ਡ ਫਲੈਟ ਨਗਰ ਸੁਧਾਰ ਟਰੱਸਟ ਵੱਲੋਂ 100 ਫੀਸਦੀ ਸਵੈ-ਵਿੱਤੀ ਆਧਾਰ ‘ਤੇ ਬਣਾਏ ਜਾਣਗੇ।