ਫੌਜ ‘ਚ ਅਗਨੀਵੀਰਾਂ ਦੀ ਭਰਤੀ ਖ਼ਿਲਾਫ਼ ਨੌਜਵਾਨਾਂ ਦਾ ਰੋਹ ਭੜਕਿਆ – ਦੇਸ਼ ਵਿੱਚ ਕਈ ਥਾਂ ਅੱਗਾਂ ਲਗੀਆਂ – ਕਈ ਰੇਲ ਗੱਡੀਆਂ ਰੱਦ
ਨਿਊਜ਼ ਪੰਜਾਬ
ਫੌਜ ‘ਚ ਅਗਨੀਵੀਰਾਂ ਦੀ ਭਰਤੀ ਖ਼ਿਲਾਫ਼ ਹਜ਼ਾਰਾਂ ਨੌਜਵਾਨ ਸੜਕਾਂ ‘ਤੇ ਉਤਰ ਆਏ ਹਨ। ਦੇਸ਼ ਦੇ ਕਈ ਸੂਬਿਆਂ ਵਿੱਚ ਨੌਜਵਾਨਾਂ ਵਲੋਂ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ , ਬਿਹਾਰ ਵਿੱਚ ਨੌਜਵਾਨਾਂ ਵਲੋਂ ਰੇਲਵੇ ਟਰੈਕ ਜਾਮ ਕਰ ਦਿਤੇ ਗਏ ਹਨ , ਰੇਲਵੇ ਨੇ ਕਈ ਟਰੇਨ ਰੱਦ ਕਰ ਦਿਤੀਆਂ ਹਨ। ਕੇਂਦਰ ਸਰਕਾਰ ਵੱਲੋਂ ਫੌਜ ਦੀ ਭਰਤੀ ਲਈ ਲਿਆਂਦੀ ਗਈ ਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਦੇ ਕਈ ਰਾਜਾਂ ਵਿੱਚ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ ਹੈ। ਦਿੱਲੀ, ਯੂਪੀ, ਬਿਹਾਰ, ਹਰਿਆਣਾ, ਰਾਜਸਥਾਨ ਅਤੇ ਉੱਤਰਾਖੰਡ ਵਿੱਚ ਨੌਜਵਾਨ ਪ੍ਰਦਰਸ਼ਨਕਾਰੀ ਸੜਕਾਂ ‘ਤੇ ਉਤਰ ਆਏ ਹਨ। ਵਿਰੋਧ ਦਾ ਸਭ ਤੋਂ ਵੱਧ ਅਸਰ ਬਿਹਾਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਕਈ ਥਾਵਾਂ ‘ਤੇ ਨੌਜਵਾਨਾਂ ਨੇ ਰੇਲ ਪਟੜੀ ‘ਤੇ ਉਤਰ ਕੇ ਰੇਲ ਗੱਡੀਆਂ ਦੀ ਆਵਾਜਾਈ ਵੀ ਰੋਕ ਦਿੱਤੀ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਂਗੜਾ ਦੌਰੇ ਤੋਂ ਪਹਿਲਾਂ ਅੱਜ ਵੱਡੀ ਗਿਣਤੀ ਵਿੱਚ ਫੌਜ ’ਚ ਭਰਤੀ ਚਾਹਵਾਨ ਨੌਜਵਾਨਾਂ ਨੇ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦੇ ਖਿਲਾਫ ਗੱਗਲ ਹਵਾਈ ਅੱਡੇ ‘ਤੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਥਲ, ਜਲ ਤੇ ਹਵਾਈ ਸੈਨਾਵਾਂ ਵਿੱਚ ਰੈਗੂਲਰ ਭਰਤੀ ਨੂੰ ਖਤਮ ਕਰ ਦਿੱਤਾ ਹੈ।
ਬਿਹਾਰ ਵਿੱਚ ਕੇਂਦਰ ਸਰਕਾਰ ਦੀ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਲਈ ਨਵੀਂ ਯੋਜਨਾ ‘ਅਗਨੀਪਥ’ ਖ਼ਿਲਾਫ਼ ਅੱਜ ਲਗਾਤਾਰ ਦੂਜੇ ਦਿਨ ਵੀ ਪ੍ਰਦਰਸ਼ਨ ਜਾਰੀ ਰਹੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਲੱਕੜਾਂ ਅਤੇ ਟਾਇਰ ਸਾੜ ਕੇ ਰੇਲਵੇ ਮਾਰਗ ਅਤੇ ਹਾਈਵੇਅ ’ਤੇ ਆਵਾਜਾਈ ਵਿੱਚ ਵਿਘਨ ਪਾਇਆ। ਇਸ ਸਕੀਮ ਤਹਿਤ ਥਲ, ਜਲ ਤੇ ਹਵਾਈ ਸੈਨਾਵਾਂ ਵਿੱਚ ਚਾਰ ਸਾਲ ਲਈ ਠੇਕੇ ’ਤੇ ਭਰਤੀ ਕੀਤੀ ਜਾਵੇਗੀ। ਪ੍ਰਦਰਸ਼ਨਕਾਰੀਆਂ ਨੇ ਜਹਾਨਾਬਾਦ ਅਤੇ ਬਕਸਰ ਜ਼ਿਲ੍ਹਿਆਂ ਵਿਚ ਰੇਲ ਪਟੜੀਆਂ ‘ਤੇ ਧਰਨਾ ਦਿੱਤਾ, ਜਿਸ ਨਾਲ ਪਟਨਾ-ਗਯਾ ਅਤੇ ਪਟਨਾ-ਬਕਸਰ ਰੇਲ ਮਾਰਗਾਂ ‘ਤੇ ਰੇਲ ਗੱਡੀਆਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ। ਇਸ ਦੌਰਾਨ ਬਿਹਾਰ ਵਿੱਚ ਰੇਲ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ ਤੇ ਪੱਥਰਬਾਜ਼ੀ ਕੀਤੀ।
ਨੌਜਵਾਨਾਂ ਨੇ ਗੁਰੂਗ੍ਰਾਮ ਦੇ ਬਿਲਾਸਪੁਰ, ਸਿੱਧਰਾਵਾਲੀ ਖੇਤਰਾਂ ਦੇ ਨਾਲ-ਨਾਲ ਰੇਵਾੜੀ ਵਿੱਚ ਵੀ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਗੁਰੂਗ੍ਰਾਮ-ਜੈਪੁਰ ਹਾਈਵੇਅ ‘ਤੇ ਆਵਾਜਾਈ ਵਿੱਚ ਵਿਘਨ ਪਾਇਆ। ਨੌਜਵਾਨਾਂ ਨੇ ਬਿਲਾਸਪੁਰ ਚੌਕ ’ਚ ਪ੍ਰਦਰਸ਼ਨ ਕੀਤਾ ਤੇ ਦੁਕਾਨਾਂ ਬੰਦ ਕਰਵਾਈਆਂ। ਦਿੱਲੀ ਦੇ ਨਾਂਗਲੋਈ ਰੇਲਵੇ ਸਟੇਸ਼ਨ ਉਪਰ ਰੇਲ ਗੱਡੀ ਰੋਕ ਲਈ ਗਈ। ਇਹ ਗੱਡੀ ਕਰੀਬ ਅੱਧਾ ਘੰਟਾ ਉੱਥੇ ਹੀ ਰੁਕੀ ਰਹੀ ਤੇ ਗੁੱਸੇ ’ਚ ਆਏ ਨੌਂਜਵਾਨ ਰੇਲ ਪਟੜੀਆਂ ਮੱਲ ਕੇ ਬੈਠੇ ਰਹੇ। ਰੇਲਵੇ ਸਟੇਸ਼ਨ ਉਤੇ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਮੈਡੀਕਲ ਤੇ ਸਰੀਰਕ ਫਿਟਨੈਂਸ ਟੈਸਟ 2020 ‘ਚ ਪਾਸ ਕਰ ਲਏ ਸਨ ਤੇ ਉਦੋਂ ਕਿਹਾ ਗਿਆ ਕਿ ਤਿੰਨ ਮਹੀਨੇ ਬਾਅਦ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਉਸ ਮਗਰੋਂ ਕਰੋਨਾ ਮਹਾਮਾਰੀ ਫੈਲਣ ਕਾਰਨ ਭਰਤੀ ਰੋਕ ਦਿੱਤੀ ਗਈ। ਨੌਜਵਾਨਾਂ ਵੱਲੋਂ ਕੀਤੇ ਪ੍ਰਦਰਸ਼ਨ ਨਾਲ ਰੇਲਵੇ ਅਧਿਕਾਰੀਆਂ ਲਈ ਪ੍ਰੇਸ਼ਾਨੀ ਹੋ ਗਈ ਤੇ ਰੇਲ ਰੂਟ ਪ੍ਰਭਾਵਿਤ ਹੋਇਆ। ਪ੍ਰਦਰਸ਼ਨ ਵਿਚ ਦਿੱਲੀ ਦਿਹਾਤ ਦੇ ਇਲਾਕਿਆਂ ਦੇ ਨੌਜਵਾਨ ਸ਼ਾਮਲ ਹੋਏ। ਪੁਲੀਸ ਦੀ ਗੱਡੀ ਨੂੰ ਅੱਗ – ਇਸ ਦੌਰਾਨ ਪਲਵਲ ਵਿਖੇ ਨੌਜਵਾਨਾਂ ਵੱਲੋਂ ਕੌਮੀ ਸ਼ਾਹਰਾਹ ਬੰਦ ਕਰ ਦਿੱਤਾ ਗਿਆ ਹੈ। ਪੁਲੀਸ ਦੀ ਗੱਡੀ ਨੂੰ ਅੱਗ ਲਗਾ ਦਿੱਤੀ ਤੇ ਫਲਾਈਓਵਰ ਉਪਰ ਜਾਮ ਲਾ ਦਿਤਾ ਹੈ .
ਇਨ੍ਹਾਂ ਵਿਦਿਆਰਥੀਆਂ ਨੂੰ ਅਗਨੀਪਥ ‘ਤੇ ਨਾ ਚਲਾਓ ਮੋਦੀ ਜੀ: ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਅਗਨੀਪਥ ਯੋਜਨਾ ਦੇ ਖਿਲਾਫ ਦੇਸ਼ ਦੇ ਕਈ ਰਾਜਾਂ ‘ਚ ਹੋ ਰਹੇ ਪ੍ਰਦਰਸ਼ਨਾਂ ਦੇ ਸਮਰਥਨ ‘ਚ ਟਵੀਟ ਕਰਕੇ ਪੀਐੱਮ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਟਵੀਟ ਕਰਕੇ ਲਿਖਿਆ ਕਿ…
ਕੋਈ ਰੈਂਕ ਨਹੀਂ, ਕੋਈ ਪੈਨਸ਼ਨ ਨਹੀਂ
2 ਸਾਲਾਂ ਤੋਂ ਕੋਈ ਸਿੱਧੀ ਭਰਤੀ ਨਹੀਂ ਹੋਈ
4 ਸਾਲਾਂ ਬਾਅਦ ਕੋਈ ਸਥਿਰ ਭਵਿੱਖ ਨਹੀਂ
ਫੌਜ ਦਾ ਕੋਈ ਸਤਿਕਾਰ ਨਹੀਂ
ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਸੁਣੋ, ਉਨ੍ਹਾਂ ਨੂੰ ਅਗਨੀਪਥ ‘ਤੇ ਚਲਾ ਕੇ ਉਨ੍ਹਾਂ ਦੇ ਸੰਜਮ ਦਾ ‘ਅਗਨੀ ਇਮਤਿਹਾਨ’ ਨਾ ਲਓ, ਪ੍ਰਧਾਨ ਮੰਤਰੀ ਜੀ