ਪੀ.ਐਸ.ਪੀ.ਸੀ.ਐਲ. ਵੱਲੋਂ ਝੋਨੇ ਦੀ ਬਿਜਾਈ ਲਈ ਨਿਰਵਿਘਨ ਬਿਜਲੀ ਸਪਲਾਈ ਦੇਣ ਵਾਸਤੇ ਸਾਰੇ ਪ੍ਰਬੰਧ ਮੁਕੰਮਲ
ਨਿਊਜ਼ ਪੰਜਾਬ
ਚੰਡੀਗੜ੍ਹ, 14 ਜੂਨ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਯਮਤ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਵਚਨਬੱਧਤਾ ਦੇ ਚੱਲਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਹਰ ਰੋਜ਼ ਅੱਠ ਘੰਟੇ ਬਿਜਲੀ ਸਪਲਾਈ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ ਤਾਂ ਜੋ ਸੂਬੇ ਵਿੱਚ ਝੋਨੇ ਦੀ ਨਿਰਵਿਘਨ ਬਿਜਾਈ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਅੱਜ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਪੀ.ਐਸ.ਪੀ.ਸੀ.ਐਲ ਵੱਲੋਂ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਐਸ.ਬੀ.ਐਸ.ਨਗਰ, ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ , ਰੂਪਨਗਰ, ਐਸ.ਏ.ਐਸ.ਨਗਰ ਜ਼ਿਲ੍ਹਿਆਂ ਵਿੱਚ ਰੋਜ਼ਾਨਾ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। । ਉਨ੍ਹਾਂ ਕਿਹਾ ਕਿ ਪਹਿਲੇ ਹੀ ਦਿਨ ਪੀਐਸਪੀਸੀਐਲ ਨੇ 12008 ਮੈਗਾਵਾਟ ਦੀ ਵੱਧ ਤੋਂ ਵੱਧ ਮੰਗ ਨੂੰ ਪੂਰਾ ਕੀਤਾ ਹੈ।
ਉਨ੍ਹਾਂ ਕਿਹਾ ਕਿ 10 ਜੂਨ, 2022 ਤੋਂ ਕੰਡਿਆਲੀ ਤਾਰ ਦੇ ਪਾਰ ਸਰਹੱਦੀ ਖੇਤਰ ਵਿੱਚ ਪਹਿਲਾਂ ਹੀ ਅੱਠ ਘੰਟੇ ਰੋਜ਼ਾਨਾ ਨਿਯਮਤ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।
ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ 10669 ਮੈਗਾਵਾਟ ਦੇ ਮੁਕਾਬਲੇ 13.06.2022 ਨੂੰ 11485 ਮੈਗਾਵਾਟ ਦੀ ਵੱਧ ਤੋਂ ਵੱਧ ਮੰਗ ਪੂਰੀ ਕੀਤੀ ਗਈ। 13 ਜੂਨ ਨੂੰ ਕੁੱਲ 2413 ਲੱਖ ਯੂਨਿਟਾਂ ਦੀ ਸਪਲਾਈ ਕੀਤੀ ਗਈ ਸੀ ਜੋ ਕਿ 13.06.2021 ਨੂੰ ਸਪਲਾਈ ਕੀਤੀਆਂ ਗਈਆਂ 2042 ਲੱਖ ਯੂਨਿਟਾਂ ਨਾਲੋਂ 18 ਫੀਸਦ ਵੱਧ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਤਾਪਮਾਨ ‘ਚ ਭਾਰੀ ਵਾਧਾ ਹੋਣ ਕਾਰਨ ਬਿਜਲੀ ਦੀ ਮੰਗ ਕਾਫ਼ੀ ਵਧੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੀਐਸਪੀਸੀਐਲ ਨੇ ਅਪ੍ਰੈਲ ਅਤੇ ਮਈ 2021 ਨਾਲੋਂ ਕ੍ਰਮਵਾਰ ਅਪ੍ਰੈਲ ਅਤੇ ਮਈ 2022 ਦੌਰਾਨ 33 ਫੀਸਦ ਅਤੇ 36 ਫੀਸਦ ਵੱਧ ਬਿਜਲੀ ਸਪਲਾਈ ਕੀਤੀ ਹੈ। ।
ਉਨ੍ਹਾਂ ਕਿਹਾ ਕਿ ਜੂਨ 2022 ਵਿੱਚ ਬਿਜਲੀ ਦੀ ਇਹ ਅਸਾਧਾਰਨ ਮੰਗ ਨਿਰੰਤਰ ਜਾਰੀ ਹੈ ਅਤੇ ਜੂਨ 2021 ਦੇ ਮੁਕਾਬਲੇ ਇਸ ਸਾਲ 22 ਫੀਸਦ ਵੱਧ ਬਿਜਲੀ ਸਪਲਾਈ ਕੀਤੀ ਗਈ ਹੈ ਅਤੇ ਖਪਤਕਾਰਾਂ ਦੀ ਕਿਸੇ ਵੀ ਸ਼੍ਰੇਣੀ ‘ਤੇ ਕੋਈ ਬਿਜਲੀ ਕੱਟ ਨਹੀਂ ਲਗਾਇਆ ਜਾ ਰਿਹਾ ਹੈ ਅਤੇ ਖੇਤੀਬਾੜੀ ਪੰਪਸੈਟਾਂ ਨੂੰ ਨਿਰਧਾਰਤ ਸਮੇਂ ਅਨੁਸਾਰ ਸਪਲਾਈ ਦਿੱਤੀ ਜਾ ਰਹੀ ਹੈ।
ਬਿਜਲੀ ਮੰਤਰੀ ਹਰਭਜਨ ਸਿੰਘ ਨੇ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਏ.ਪੀ. ਖਪਤਕਾਰਾਂ ਲਈ 4750/- ਰੁਪਏ ਪ੍ਰਤੀ ਬੀਐਚਪੀ ਦੀਆਂ ਮੌਜੂਦਾ ਦਰਾਂ ਦੇ ਮੁਕਾਬਲੇ 2500/- ਰੁਪਏ ਪ੍ਰਤੀ ਬੀ.ਐਚ.ਪੀ ਦੇ ਘਟੇ ਹੋਏ ਸੇਵਾ ਕੁਨੈਕਸ਼ਨ ਚਾਰਜ ਦੇ ਹਿਸਾਬ ਨਾਲ ਵੀ.ਡੀ.ਐਸ. ਦੀ ਪ੍ਰਗਤੀ ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਐਲਾਨ ਨੂੰ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ 4417 ਖਪਤਕਾਰਾਂ ਨੇ 16961 ਬੀਐਚਪੀ ਦਾ ਲੋਡ ਵਧਾਉਣ ਲਈ ਬੇਨਤੀਆਂ ਦਿੱਤੀਆਂ ਹਨ।
ਜ਼ਿਕਰਯੋਗ ਹੈ ਕਿ ਪੀ.ਐਸ.ਪੀ.ਸੀ.ਐਲ. ਨੇ ਇਸ ਲੋਡ ਨੂੰ ਵਧਾਉਣ ਲਈ ਟਰਾਂਸਫਾਰਮਰਾਂ ਅਤੇ ਲਾਈਨਾਂ ਆਦਿ ਨੂੰ ਬਦਲਣ ਦਾ ਕੰਮ ਕੀਤਾ ਹੈ ਤਾਂ ਜੋ ਝੋਨੇ ਦੇ ਸੀਜ਼ਨ ਦੌਰਾਨ ਲੋੜੀਂਦੀ ਸਪਲਾਈ ਦਿੱਤੀ ਜਾ ਸਕੇ।
ਮੰਤਰੀ ਨੇ ਅੱਗੇ ਦੱਸਿਆ ਕਿ ਤਲਵੰਡੀ ਅਤੇ ਲਹਿਰਾ ਮੁਹੱਬਤ ਵਿਖੇ ਇਕ-ਇਕ ਯੂਨਿਟ ਨੂੰ ਛੱਡ ਕੇ ਸਾਰੇ ਥਰਮਲ ਯੂਨਿਟ ਚੱਲ ਰਹੇ ਹਨ। ਤਲਵੰਡੀ ਵਿਖੇ ਤੀਜਾ ਯੂਨਿਟ ਕੱਲ੍ਹ ਤੋਂ ਬਿਜਲੀ ਪੈਦਾ ਕਰਨਾ ਸ਼ੁਰੂ ਕਰ ਦੇਵੇਗਾ।
ਦੱਸਣਯੋਗ ਹੈ ਕਿ ਪੀਐਸਪੀਸੀਐਲ ਨੂੰ ਝੋਨੇ ਦੇ ਸੀਜ਼ਨ ਦੌਰਾਨ ਸੂਬੇ ਵਿੱਚ ਲੋੜੀਂਦੇ ਕੋਲੇ ਅਤੇ ਬਿਜਲੀ ਦੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।