ਵਿਜੀਲੈਂਸ ਬਿਊਰੋ ਵਲੋਂ ਚੈਕ ਪੋਸਟ ‘ਤੇ ਜਾਅਲੀ ਟੈਕਸ ਵਸੂਲੀ ਦੇ ਘੁਟਾਲੇ ਦਾ ਪਰਦਾਫਾਸ਼, ਦੋ ਮੁਲਾਜਮਾਂ ਨੂੰ ਕੀਤਾ ਗ੍ਰਿਫਤਾਰ
ਨਿਊਜ਼ ਪੰਜਾਬ
ਚੰਡੀਗੜ੍ਹ, 8 ਜੂਨ:
ਪੰਜਾਬ ਵਿਜੀਲੈਂਸ ਬਿਊਰੋ ਨੇ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਟੈਕਸ ਕੁਲੈਕਸ਼ਨ ਸੈਂਟਰ, ਝਰਮੜੀ, ਨੇੜੇ ਲਾਲੜੂ ਵਿਖੇ ਸੂਬੇ ਵਿੱਚ ਦਾਖਲ ਹੋਣ ਤੇ ਨਿੱਕਲਣ ਵਾਲੇ ਵਪਾਰਕ ਵਾਹਨਾਂ ਤੋਂ ਇਕੱਠੇ ਕੀਤੇ ਟੈਕਸ ਨੂੰ ਹੜੱਪਣ ਵਾਲੇ ਟਰਾਂਸਪੋਰਟ ਵਿਭਾਗ ਦੇ ਦੋ ਕਰਮਚਾਰੀਆਂ ਹਰਪਾਲ ਸਿੰਘ ਅਤੇ ਸਲਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਸਰਕਾਰੀ ਖਜਾਨੇ ਨੂੰ ਵੱਡਾ ਚੂਨਾ ਲਾਉਣ ਵਾਲੇ ਇੱਕ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਇਹ ਮੁਲਾਜਮ ਨਕਲੀ ਕੰਪਿਊਟਰ ਸਾਫਟਵੇਅਰ ਦੇ ਨਾਲ-ਨਾਲ ਜਾਅਲੀ ਸਟੈਂਪ/ਮੋਹਰਾਂ ਲਗਾਕੇ ਇਸ ਧੋਖਾਧੜੀ ਨੂੰ ਅੰਜਾਮ ਦਿੰਦੇ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਮੁਕੱਦਮਾ ਨੰਬਰ 08, ਮਿਤੀ 08.06.2022 ਨੂੰ ਆਈ.ਪੀ.ਸੀ. ਦੀ ਧਾਰਾ 420, 465, 467, 471, 120 ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ, 13(1) (1 ਏ), 13(2) ਤਹਿਤ ਮੁਲਾਜਮ ਹਰਪਾਲ ਸਿੰਘ ਵਾਸੀ ਪਿੰਡ ਹਸਨਪੁਰ, ਫਤਿਹਾਬਾਦ ਹਰਿਆਣਾ, ਸਲਿੰਦਰ ਸਿੰਘ ਵਾਸੀ ਪਿੰਡ ਬਿਸ਼ਨਪੁਰਾ, ਜ਼ੀਰਕਪੁਰ ਅਤੇ ਪ੍ਰਵੀਨ ਕੁਮਾਰ ਪਿੰਡ ਖਾਨਪੁਰ, ਖਰੜ, ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਖ਼ਿਲਾਫ਼ ਪੁਲਿਸ ਥਾਣਾ ਵਿਜੀਲੈਂਸ ਬਿਊਰੋ, ਉਡਣ ਦਸਤਾ-1, ਮੋਹਾਲੀ ਵਿਖੇ ਦਰਜ ਕੀਤਾ ਗਿਆ ਹੈ। ਇਨ੍ਹਾਂ ਵੱਲੋਂ ਵਰਤੇ ਜਾ ਰਹੇ ਨਕਲੀ ਕੰਪਿਊਟਰ ਸਾਫਟਵੇਅਰ ਦੇ ਨਾਲ-ਨਾਲ ਜਾਅਲੀ ਸਟੈਂਪ/ਮੋਹਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਹੋਰ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੀ ਸ਼ਮੂਲੀਅਤ ਦਾ ਵਿ ਪਤਾ ਲਗਾਇਆ ਜਾਵੇਗਾ ਕਿਉਂਕਿ ਇਹ ਮੁਲਾਜਮ ਰੋਜ਼ਾਨਾ ਲੱਖਾਂ ਰੁਪਏ ਦੀ ਵਸੂਲੀ ਕਰ ਰਹੇ ਹਨ ਜੋ ਕਿ ਹੋਰ ਸਬੰਧਤ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਸੀ।
ਇਸ ਘੁਟਾਲੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਰੋਜ਼ਾਨਾ 2000 ਦੇ ਕਰੀਬ ਨਵੇਂ ਵਪਾਰਕ ਵਾਹਨਾਂ ਦੇ ਨਾਲ-ਨਾਲ ਵਪਾਰਕ ਵਾਹਨਾਂ ਦੀਆਂ ਨਵੀਆਂ ਚਾਸੀਆਂ ਬਾਹਰਲੇ ਰਾਜਾਂ ਤੋਂ ਪੰਜਾਬ ਵਿੱਚ ਆਉਂਦੀਆਂ ਹਨ। ਇਹਨਾਂ ਵਾਹਨਾਂ ਨੂੰ ਪੰਜਾਬ ਵਿੱਚ ਦਾਖਲ ਹੋਣ ਜਾਂ ਲੰਘਣ ਲਈ ਟੈਕਸ ਦਾ ਭੁਗਤਾਨ ਕਰਨਾ ਪੈਂਦਾ ਹੈ, ਜਿਸਦਾ ਭੁਗਤਾਨ ਸਬੰਧਤ ਵਾਹਨ ਦੇ ਡਰਾਈਵਰ/ਮਾਲਕ ਦੁਆਰਾ ਆਨਲਾਈਨ ਕੀਤਾ ਜਾ ਸਕਦਾ ਹੈ ਜਾਂ ਉਕਤ ਚੈਕ ਪੋਸਟ ‘ਤੇ ਤਾਇਨਾਤ ਸਟਾਫ ਕੋਲ ਜਮ੍ਹਾ ਕੀਤਾ ਜਾ ਸਕਦਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਪਿੰਡ ਹਸਨਪੁਰ, ਫਤਿਆਬਾਦ, ਹਰਿਆਣਾ ਦੇ ਕਰਮਚਾਰੀ ਹਰਪਾਲ ਸਿੰਘ, ਪਿੰਡ ਬਿਸ਼ਨਪੁਰਾ, ਜ਼ੀਰਕਪੁਰ ਦੇ ਸਲਿੰਦਰ ਸਿੰਘ ਅਤੇ ਪਿੰਡ ਖਾਨਪੁਰ, ਖਰੜ, ਐਸ.ਏ.ਐਸ.ਨਗਰ ਦੇ ਪ੍ਰਵੀਨ ਕੁਮਾਰ ਨੂੰ ਉਪਰੋਕਤ ਆਰ.ਟੀ.ਏ. ਚੈਕ ਪੋਸਟ ਝਰਮੜੀ, ਐਸ.ਏ.ਐਸ.ਨਗਰ ਵਿਖੇ ਤਾਇਨਾਤ ਕੀਤਾ ਗਿਆ ਹੈ। ਉਹ ਟਰਾਂਸਪੋਰਟ ਵਿਭਾਗ ਦੇ ਈ-ਪਰਿਵਾਹਨ ਸਾਫਟਵੇਅਰ ਵਿੱਚ ਰਜਿਸਟਰੇਸ਼ਨ ਨੰਬਰ ਅਤੇ ਵਾਹਨ ਦੀ ਕਿਸਮ ਸਮੇਤ ਲੋੜੀਂਦੇ ਵੇਰਵੇ ਭਰਨ ਤੋਂ ਬਾਅਦ ਟੈਕਸ ਦੀ ਬਕਾਇਆ ਰਕਮ ਇਕੱਠੀ ਕਰਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਇਕੱਠੀ ਹੋਈ ਇਸ ਰਕਮ ਨੂੰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ ਪਰ ਇਨ੍ਹਾਂ ਮੁਲਾਜਮਾਂ ਨੇ ਪੈਸੇ ਹੜੱਪਣ ਦੇ ਇਰਾਦੇ ਨਾਲ ਅਸਲੀ ਸਾਫਟਵੇਅਰ ਵਰਗਾ ਇੱਕ ਜਾਅਲੀ ਸਾਫਟਵੇਅਰ ਤਿਆਰ ਕਰਵਾਇਆ ਸੀ ਅਤੇ ਇਸ ਦੀ ਵਰਤੋਂ ਵਪਾਰਕ ਵਾਹਨਾਂ ਤੋਂ ਟੈਕਸ ਵਸੂਲਣ ਅਤੇ ਵਾਹਨਾਂ ਦੇ ਮਾਲਕਾਂ/ਡਰਾਈਵਰਾਂ ਲਈ ਜਾਅਲੀ ਰਸੀਦਾਂ ਤਿਆਰ ਕਰਨ ਲਈ ਕੀਤੀ ਜਾਂਦੀ ਸੀ।
ਬੁਲਾਰੇ ਨੇ ਦੱਸਿਆ ਕਿ ਇਹ ਮੁਲਜ਼ਮ ਇਸ ਤਰ੍ਹਾਂ ਹੋਣ ਵਾਲੀ ਆਮਦਨ ਨਾਲ ਲੰਮੇ ਸਮੇਂ ਤੋਂ ਆਪਣੀਆਂ ਜੇਬਾਂ ਭਰ ਰਹੇ ਸਨ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਇੰਨਾ ਹੀ ਨਹੀਂ, ਉਨ੍ਹਾਂ ਨੇ ਵਾਹਨ ਚਾਲਕਾਂ/ਮਾਲਕਾਂ ਨੂੰ ਇਸ ਦੀ ਅਸਲੀਅਤ ਬਾਰੇ ਯਕੀਨ ਦਿਵਾਉਣ ਲਈ ਰਸੀਦਾਂ ‘ਤੇ ਚਿਪਕਾਉਣ ਲਈ ਜਾਅਲੀ ਸਟੈਂਪ/ਸੀਲਾਂ ਵੀ ਬਣਾਈਆਂ ਹੋਈਆਂ ਸਨ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਰਕਾਰ ਦੇ ਈ-ਪਰੀਵਾਹਨ ਸਾਫਟਵੇਅਰ ‘ਤੇ ਅਜਿਹੀਆਂ ਦੋ ਜਾਅਲੀ ਰਸੀਦਾਂ ਦੀ ਪ੍ਰਮਾਣਿਕਤਾ ਦੀ ਜਾਂਚ ਕੀਤੀ ਗਈ, ਜੋ ਕਿ ਜਾਅਲੀ ਪਾਈਆਂ ਗਈਆਂ ਹਨ। ਇਸ ਤਰ੍ਹਾਂ ਇਹ ਮੁਲਾਜਮ ਰੋਜ਼ਾਨਾ ਲੱਖਾਂ ਰੁਪਏ ਇਕੱਠੇ ਕਰਕੇ ਜੇਬਾਂ ਭਰ ਰਹੇ ਸਨ ਜੋ ਕਿ ਹੋਰ ਸਬੰਧਤ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਜਾਪਦਾ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਦੌਰਾਨ ਆਨਲਾਈਨ ਟੈਕਸ ਜਮ੍ਹਾ ਕਰਨ ਲਈ ਵਰਤੇ ਜਾ ਰਹੇ ਅਜਿਹੇ ਸਾਫਟਵੇਅਰਾਂ ਤੋਂ ਇਲਾਵਾ ਹੋਰ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੀ ਸ਼ਮੂਲੀਅਤ ਦਾ ਵੀ ਪਤਾ ਲਗਾਇਆ ਜਾਵੇਗਾ।