ਸਿੱਧੂ ਮੂਸੇਵਾਲਾ ਕਤਲ ਕੇਸ: ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਅਤੇ ਰੇਕੀ ਕਰਨ ਵਾਲੇ ਵਿਅਕਤੀਆਂ ਸਮੇਤ ਅੱਠ ਗ੍ਰਿਫਤਾਰ
ਪ੍ਰਸ਼ੰਸਕ ਵਜੋਂ ਸਿੱਧੂ ਮੂਸੇਵਾਲਾ ਨਾਲ ਸੈਲਫੀ ਲੈਣ ਅਤੇ ਸ਼ੂਟਰਾਂ ਨਾਲ ਜਾਣਕਾਰੀ ਸਾਂਝੀ ਕਰਨ ਵਾਲਾ ਵਿਅਕਤੀ ਕੀਤਾ ਕਾਬੂ
– ਐਸ.ਆਈ.ਟੀ. ਵੱਲੋਂ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਸ਼ਾਮਲ ਚਾਰ ਸ਼ੂਟਰਾਂ ਦੀ ਪਛਾਣ
ਨਿਊਜ਼ ਪੰਜਾਬ
ਚੰਡੀਗੜ੍ਹ, 7 ਜੂਨ: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀਆਂ ਨੂੰ ਕਾਬੂ ਕਰਨ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੀ ਦ੍ਰਿੜ ਵਚਨਬੱਧਤਾ ਤੋਂ ਬਾਅਦ, ਪੰਜਾਬ ਪੁਲਿਸ ਨੇ ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ, ਜਿਸ ਦੀ 29 ਮਈ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਦੇ ਕਤਲ ਕਾਂਡ ਨੂੰ ਅੰਜਾਮ ਦੇਣ ਲਈ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ, ਰੇਕੀ ਕਰਨ ਅਤੇ ਪਨਾਹ ਦੇਣ ਲਈ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੂਸੇਵਾਲਾ, ਜੋ ਕਿ 29 ਮਈ ਨੂੰ ਸ਼ਾਮ 4.30 ਵਜੇ ਦੇ ਕਰੀਬ ਦੋ ਵਿਅਕਤੀਆਂ ਗੁਰਵਿੰਦਰ ਸਿੰਘ (ਗੁਆਂਢੀ) ਅਤੇ ਗੁਰਪ੍ਰੀਤ ਸਿੰਘ (ਚਚੇਰੇ ਭਰਾ) ਨਾਲ ਘਰੋਂ ਨਿਕਲਿਆ ਸੀ, ਦਾ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਸਮੇਂ ਉਹ ਆਪਣੀ ਮਹਿੰਦਰਾ ਥਾਰ ਗੱਡੀ ਚਲਾ ਰਿਹਾ ਸੀ।
ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਸੰਦੀਪ ਸਿੰਘ ਉਰਫ ਕੇਕੜਾ ਵਾਸੀ ਸਿਰਸਾ, ਹਰਿਆਣਾ; ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਤਲਵੰਡੀ ਸਾਬੋ, ਬਠਿੰਡਾ; ਮਨਪ੍ਰੀਤ ਭਾਊ ਵਾਸੀ ਢੈਪਈ, ਫਰੀਦਕੋਟ; ਸਾਰਜ ਮਿੰਟੂ ਵਾਸੀ ਪਿੰਡ ਦੋਦੇ ਕਲਸੀਆ, ਅੰਮ੍ਰਿਤਸਰ; ਪ੍ਰਭਦੀਪ ਸਿੱਧੂ ਉਰਫ਼ ਪੱਬੀ ਵਾਸੀ ਤਖ਼ਤ-ਮੱਲ ਹਰਿਆਣਾ; ਮੋਨੂੰ ਡਾਗਰ ਵਾਸੀ ਪਿੰਡ ਰੇਵਲੀ, ਸੋਨੀਪਤ ਹਰਿਆਣਾ; ਪਵਨ ਬਿਸ਼ਨੋਈ ਅਤੇ ਨਸੀਬ ਦੋਵੇਂ ਵਾਸੀ ਫਤਿਹਾਬਾਦ, ਹਰਿਆਣਾ ਵਜੋਂ ਹੋਈ ਹੈ। ਪੁਲੀਸ ਨੇ ਇਸ ਵਾਰਦਾਤ ਵਿੱਚ ਸ਼ਾਮਲ ਚਾਰ ਸ਼ੂਟਰਾਂ ਦੀ ਵੀ ਪਛਾਣ ਕਰ ਲਈ ਹੈ।
ਗ੍ਰਿਫਤਾਰ ਕੀਤੇ ਵਿਅਕਤੀਆਂ ਦੀਆਂ ਭੂਮਿਕਾਵਾਂ ਦਾ ਖੁਲਾਸਾ ਕਰਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਡੀਜੀਪੀ ਪਰਮੋਦ ਬਾਨ ਨੇ ਅੱਜ ਕਿਹਾ ਕਿ ਗੋਲਡੀ ਬਰਾੜ ਅਤੇ ਸਚਿਨ ਥਾਪਨ ਦੇ ਨਿਰਦੇਸ਼ਾਂ ‘ਤੇ ਸੰਦੀਪ ਉਰਫ ਕੇਕੜਾ ਨੇ ਆਪਣੇ ਆਪ ਨੂੰ ਮੂਸੇਵਾਲਾ ਦੇ ਪ੍ਰਸ਼ੰਸਕ ਵਜੋਂ ਪੇਸ਼ ਕਰਕੇ ਉਸ ‘ਤੇ ਨਜ਼ਰ ਰੱਖੀ ਹੋਈ ਸੀ। ਵਾਰਦਾਤ ਤੋਂ ਕੁਝ ਸਮਾਂ ਪਹਿਲਾਂ ਜਦੋਂ ਗਾਇਕ ਆਪਣੇ ਘਰ ਤੋਂ ਜਾ ਰਿਹਾ ਸੀ, ਉਸ ਸਮੇਂ ਕੇਕੜਾ ਨੇ ਗਾਇਕ ਨਾਲ ਸੈਲਫੀ ਵੀ ਖਿੱਚੀ ਸੀ।
ਏਡੀਜੀਪੀ ਬਾਨ ਨੇ ਕਿਹਾ, “ਕੇਕੜਾ ਨੇ ਸ਼ੂਟਰਾਂ ਅਤੇ ਵਿਦੇਸ਼ੀ ਸੰਚਾਲਕਾਂ ਨਾਲ ਸਾਰੀ ਜਾਣਕਾਰੀ ਜਿਵੇਂ ਗਾਇਕ ਨਾਲ ਉਸ ਦੇ ਸੁਰੱਖਿਆ ਕਰਮੀ ਨਹੀਂ ਸਨ, ਵਾਹਨ ਵਿੱਚ ਸਵਾਰਾਂ ਦੀ ਗਿਣਤੀ, ਵਾਹਨ ਸਬੰਧੀ ਵੇਰਵੇ ਅਤੇ ਉਹ ਗੈਰ-ਬੁਲਟ-ਪਰੂਫ ਵਾਹਨ ਮਹਿੰਦਰਾ ਥਾਰ ਵਿੱਚ ਸਫ਼ਰ ਕਰ ਰਿਹਾ ਸੀ, ਆਦਿ ਸਾਂਝੀ ਕੀਤੀ।”
ਉਹਨਾਂ ਕਿਹਾ ਕਿ ਮਨਪ੍ਰੀਤ ਮੰਨਾ ਨੇ ਗੋਲਡੀ ਬਰਾੜ ਅਤੇ ਸਚਿਨ ਥਾਪਨ ਦੇ ਨਜ਼ਦੀਕੀ ਸਾਥੀ ਸਾਰਜ ਮਿੰਟੂ ਦੇ ਨਿਰਦੇਸ਼ਾਂ ‘ਤੇ ਮਨਪ੍ਰੀਤ ਭਾਊ ਨੂੰ ਟੋਇਟਾ ਕੋਰੋਲਾ ਕਾਰ ਮੁਹੱਈਆ ਕਰਵਾਈ ਸੀ, ਜਿਸ ਨੇ ਅੱਗੇ ਇਹ ਕਾਰ ਦੋ ਵਿਅਕਤੀਆਂ, ਜੋ ਸ਼ੱਕੀ ਸ਼ੂਟਰ ਹਨ, ਨੂੰ ਸੌਂਪੀ ਸੀ।
ਏਡੀਜੀਪੀ ਨੇ ਦੱਸਿਆ ਕਿ ਪੰਜਵੇਂ ਮੁਲਜ਼ਮ ਪ੍ਰਭਦੀਪ ਸਿੱਧੂ ਉਰਫ਼ ਪੱਬੀ ਨੇ ਜਨਵਰੀ 2022 ਵਿੱਚ ਹਰਿਆਣਾ ਤੋਂ ਆਏ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਪਨਾਹ ਦਿੱਤੀ ਸੀ ਅਤੇ ਉਨ੍ਹਾਂ ਰਾਹੀਂ ਸਿੱਧੂ ਮੂਸੇਵਾਲਾ ਦੇ ਘਰ ਅਤੇ ਆਸਪਾਸ ਦੇ ਇਲਾਕਿਆਂ ਦੀ ਰੇਕੀ ਵੀ ਕਰਵਾਈ ਸੀ, ਜਦੋਂਕਿ ਮੋਨੂੰ ਡਾਗਰ ਨੇ ਗੋਲਡੀ ਬਰਾੜ ਦੇ ਨਿਰਦੇਸ਼ਾਂ ‘ਤੇ ਇਸ ਕਤਲ ਨੂੰ ਅੰਜਾਮ ਦੇਣ ਲਈ ਸ਼ੂਟਰਾਂ ਦੀ ਟੀਮ ਬਣਾਉਣ ਵਾਸਤੇ ਦੋ ਸ਼ੂਟਰਾਂ ਦਾ ਪ੍ਰਬੰਧ ਕੀਤਾ ਸੀ।
ਉਨ੍ਹਾਂ ਕਿਹਾ ਕਿ ਪਵਨ ਬਿਸ਼ਨੋਈ ਅਤੇ ਨਸੀਬ ਨੇ ਬਲੇਰੋ ਗੱਡੀ ਸ਼ੂਟਰਾਂ ਨੂੰ ਸੌਂਪੀ ਸੀ ਅਤੇ ਉਨ੍ਹਾਂ ਨੂੰ ਛੁਪਣਗਾਹ ਵੀ ਦਿੱਤੀ ਸੀ।