ਸਾਕਾ ਨੀਲਾ ਤਾਰਾ – ਦੇਸ਼ ਵੰਡ ਤੋਂ ਬਾਅਦ ਸਿੱਖਾਂ ਨੂੰ ਧਾਰਮਿਕ, ਰਾਜਸੀ ਅਤੇ ਆਰਥਿਕ ਪੱਖੋਂ ਕਮਜ਼ੋਰ ਕਰਨ ਦੀਆਂ ਨੀਤੀਆਂ ਬਣਾਈਆਂ ਗਈਆਂ – ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਨਿਊਜ਼ ਪੰਜਾਬ
ਸ਼੍ਰੀ ਅਮ੍ਰਿਤਸਰ – 6 ਜੂਨ ਵਾਲਾ ਘੱਲੂਘਾਰਾ ਦਿਹਾੜਾ ਅੱਜ ਇਥੇ ਸ੍ਰੀ ਅਕਾਲ ਤਖ਼ਤ ‘ਤੇ ਸ਼ਹੀਦਾਂ ਨਮਿਤ ਅਖੰਡ ਪਾਠ ਦੇ ਭੋਗ ਪਾ ਕੇ ਮਨਾਇਆ ਗਿਆ। ਕੌਮ ਦੇ ਨਾਂ ਆਪਣੇ ਸੰਦੇਸ਼ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਵੰਡ ਤੋਂ ਬਾਅਦ ਸਿੱਖਾਂ ਨੂੰ ਧਾਰਮਿਕ, ਰਾਜਸੀ ਅਤੇ ਆਰਥਿਕ ਪੱਧਰ ’ਤੇ ਕਮਜ਼ੋਰ ਕਰਨ ਦੀਆਂ ਨੀਤੀਆਂ ਬਣਾਈਆਂ ਗਈਆਂ ਹਨ, ਜਿਸ ਦਾ ਸਿੱਟਾ ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਅਤੇ 37 ਹੋਰ ਗੁਰਦੁਆਰਿਆਂ ’ਤੇ ਕੀਤਾ ਗਿਆ ਫ਼ੌਜੀ ਹਮਲਾ ਵੀ ਹੈ।

ਉਨ੍ਹਾਂ ਦੋਸ਼ ਲਾਇਆ ਕਿ ਸਿੱਖਾਂ ਨੂੰ ਕਮਜ਼ੋਰ ਕਰਨ ਅਤੇ ਦਬਾਉਣ ਦੀਆਂ ਨੀਤੀਆਂ ਅੱਜ ਵੀ ਕੌਮ ਦੇ ਸਾਹਮਣੇ ਵੱਡੀ ਚੁਣੌਤੀ ਬਣ ਕੇ ਖੜ੍ਹੀਆਂ ਹਨ । ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਸਰਹੱਦੀ ਜਿਲਿਆਂ ਵਿੱਚ ਹੋ ਰਹੀ ਇੱਸਾਈ ਧਰਮ ਬਦਲੀ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਿੱਖ ਪ੍ਰਚਾਰਕਾਂ ਨੂੰ ਏ ਸੀ ਕਮਰਿਆਂ ਵਿੱਚੋ ਬਾਹਰ ਨਿਕਲ ਕੇ ਪ੍ਰਚਾਰ ਕਰਨ ਲਈ ਕਿਹਾ।

ਉਨ੍ਹਾਂ ਅੱਜ ਮੁੜ ਦੁਹਰਾਇਆ ਕਿ ਗੁਰਦੁਆਰਿਆਂ ਵਿੱਚ ਗੱਤਕਾ ਅਖਾੜੇ ਸਥਾਪਤ ਕੀਤੇ ਜਾਣ, ਸ਼ੂਟਿੰਗ ਰੇਂਜ ਸਥਾਪਤ ਕੀਤੀ ਜਾਵੇ ਅਤੇ ਆਧੁਨਿਕ ਹਥਿਆਰਾਂ ਦੀ ਵੀ ਸਿਖਲਾਈ ਦਿੱਤੀ ਜਾਵੇ। ਉਨ੍ਹਾਂ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਅਰਦਾਸ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਿਮਰਨਜੀਤ ਸਿੰਘ ਮਾਨ, ਦਲ ਖ਼ਾਲਸਾ ਦੇ ਆਗੂ ਤੇ ਹੋਰ ਜਥੇਬੰਦੀਆਂ ਦੇ ਆਗੂ ਪੁੱਜੇ ਹੋਏ ਸਨ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਅਤੇ ਸਮੁੱਚੇ ਸ਼ਹਿਰ ਵਿੱਚ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

ਇਸ ਮੌਕੇ ਸਿੱਖ ਨੌਜਵਾਨਾਂ ਵੱਲੋਂ ‘ਖ਼ਾਲਿਸਤਾਨ ਜ਼ਿੰਦਾਬਾਦ’ ਅਤੇ ‘ਰਾਜ ਕਰੇਗਾ ਖ਼ਾਲਸਾ’, ‘ਸੰਤ ਭਿੰਡਰਾਂਵਾਲੇ ਜ਼ਿੰਦਾਬਾਦ’ ਆਦਿ ਦੇ ਨਾਅਰਿਆਂ ਦੀ ਗੂੰਜ ਸੁਣਾਈ ਦਿੱਤੀ।
ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਵੀ ਆਪਣਾ ਇੱਕ ਵੱਖਰਾ ਸੰਦੇਸ਼ ਪੜ੍ਹਿਆ।