ਘੱਲੂਘਾਰਾ ਹਫ਼ਤਾ – ਜਿ਼ਲ੍ਹਾ ਮੋਗਾ ਵਿੱਚ ਜਨਤਕ ਥਾਵਾਂ`ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਨਾਹਰੇ ਲਗਾਉਣ, ਮੀਟਿੰਗਾਂ ਕਰਨ`ਤੇ ਲਗਾਈ ਪਾਬੰਦੀ

ਘੱਲੂਘਾਰਾ ਹਫ਼ਤੇ ਦੌਰਾਨ ਅਮਨ ਅਮਾਨ ਦੀ ਸਥਿਤੀ ਬਰਕਰਾਰ ਰੱਖਣ ਦੇ ਮਨੋਰਥ ਵਜੋਂ ਹੁਕਮ ਕੀਤੇ ਜਾਰੀ-ਜਿ਼ਲ੍ਹਾ ਮੈਜਿਸਟ੍ਰੇਟ
ਹੁਕਮ 30 ਜੂਨ ਤੱਕ ਰਹਿਣਗੇ ਲਾਗੂ-ਕੁਲਵੰਤ ਸਿੰਘ

ਨਿਊਜ਼ ਪੰਜਾਬ

ਮੋਗਾ, 5 ਜੂਨ: ਜਿ਼ਲ੍ਹਾ ਮੈਜਿਸਟ੍ਰੇਟ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਵੱਖ-ਵੱਖ ਧਾਰਮਿਕ ਜੱਥੇਬੰਦੀਆਂ ਵੱਲੋਂ `ਓਪ੍ਰੇਸ਼ਨ ਬਲਿਊ ਸਟਾਰ` ਦੇ ਸਬੰਧ ਵਿੱਚ ਜੂਨ ਦੇ ਪਹਿਲੇ ਹਫ਼ਤੇ 01/06/2022 ਤੋਂ 06/06/2022 ਤੱਕ ਘੱਲੂਘਾਰਾ ਹਫ਼ਤਾ ਮਨਾਇਆ ਜਾ ਰਿਹਾ ਹੈ ਅਤੇ ਕੁਝ ਜੱਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਵੀ ਕੀਤੇ ਜਾਣ ਸੰਭਾਵਨਾ ਹੈ।
ਉਨ੍ਹਾਂ ਦੱਸਿਆ ਕਿ ਜਿ਼ਲ੍ਹਾ ਮੋਗਾ ਵਿਚਲੀ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਉਪਰੋਕਤ ਨੂੰ ਮੁੱਖ ਰੱਖਦੇ ਹੋਏ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਨਤਕ ਥਾਵਾਂ `ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਜਨਤਕ ਥਾਵਾਂ `ਤੇ ਨਾਹਰੇ ਲਗਾਉਣ, ਜਨਤਕ ਥਾਵਾਂ ਤੇ ਮੀਟਿੰਗਾਂ ਕਰਨ, ਜਨਤਕ ਥਾਵਾਂ `ਤੇ ਧਾਰਮਿਕ ਇਕੱਠ ਕਰਨ, ਸੋਸ਼ਲ ਮੀਡੀਆ `ਤੇ ਭੜਕਾਊ ਪੋਸਟਾਂ/ਵੀਡੀਓ ਆਦਿ ਪਾਉਣ ਤੋਂ ਮਨਾਹੀ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ।
ਜਿ਼ਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਵਿਸ਼ੇਸ ਹਾਲਤਾਂ ਜਾਂ ਮੌਕਿਆਂ ਉੱਪਰ ਪ੍ਰਬੰਧਕਾਂ ਵੱਲੋਂ ਲਿਖਤੀ ਬੇਨਤੀ ਕਰਨ ਤੇ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਪਾਸੋਂ ਲਿਖਤੀ ਪ੍ਰਵਾਨਗੀ ਲੈ ਕੇ ਪਬਲਿਕ ਮੀਟਿੰਗਾਂ ਕਰਨ ਅਤੇ ਧਾਰਮਿਕ ਜਲੂਸ ਵਗੈਰਾ ਪ੍ਰਵਾਨਗੀ ਦੀਆ ਸ਼ਰਤਾਂ ਅਨੁਸਾਰ ਕੱਢੇ ਜਾ ਸਕਦੇ ਹਨ।ਇਹ ਹੁਕਮ ਮਿਤੀ 30.06.2022 ਤੱਕ ਲਾਗੂ ਰਹੇਗਾ।
ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ  ਇਹ ਹੁਕਮ ਪੁਲਿਸ/ਆਰਮੀ, ਮਿਲਟਰੀ ਅਮਲਾ, ਡਿਊਟੀ ਤੇ ਕੋਈ ਹੋਰ ਸਰਕਾਰੀ ਸੇਵਕ, ਵਿਆਹ ਵਗੈਰਾ ਤੇ ਲਾਗੂ ਨਹੀ ਹੋਵੇਗਾ।