ਗੁਰੂ ਨੂੰ ਸਦਾ ਨਾਲ ਕਿਵੇਂ ਰੱਖੀਏ – ਵਿਚਾਰ ਭਾਈ ਇੰਦਰਜੀਤ ਸਿੰਘ ਜੀ ਗੋਰਾਇਆ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 2 ਜੂਨ 2022
ਨਿਊਜ਼ ਪੰਜਾਬ
ਗੁਰੂ ਨੂੰ ਸਦਾ ਨਾਲ ਕਿਵੇਂ ਰੱਖੀਏ – ਵਿਚਾਰ ਭਾਈ ਇੰਦਰਜੀਤ ਸਿੰਘ ਜੀ ਗੋਰਾਇਆ
🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺
ਆਦਿ ਗੁਰੂ ਜੁਗੋ-ਜੁਗ ਅਟੱਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖਵਾਕ: ੨੦ ਜੇਠ (ਸੰਮਤ ੫੫੪ ਨਾਨਕਸ਼ਾਹੀ)
Aad Guru Jugo-Jug Atal Satguru Dhan Dhan Sahib Sri Guru Granth Sahib Ji da Sachkhand Sri Harmandir Sahib Sri Amritsar Sahib Ji Vekha Hoea Ajh Amrit Wela Da Mukhwak: 20th Jeth (Samvat 554 Nanakshahi) 02-June-2022
🌺🌹📖 *”ਅੰਗ (ANG) – ੮੩੭ (837)”*🌹🌺
ਬਿਲਾਵਲੁ ਮਹਲਾ ੫ ॥ ਪ੍ਰਭ ਜਨਮ ਮਰਨ ਨਿਵਾਰਿ ॥ ਹਾਰਿ ਪਰਿਓ ਦੁਆਰਿ ॥ ਗਹਿ ਚਰਨ ਸਾਧੂ ਸੰਗ ॥ ਮਨ ਮਿਸਟ ਹਰਿ ਹਰਿ ਰੰਗ ॥ ਕਰਿ ਦਇਆ ਲੇਹੁ ਲੜਿ ਲਾਇ ॥ ਨਾਨਕਾ ਨਾਮੁ ਧਿਆਇ ॥੧॥ ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥ ਜਾਚਉ ਸੰਤ ਰਵਾਲ ॥੧॥ ਰਹਾਉ ॥ਸੰਸਾਰੁ ਬਿਖਿਆ ਕੂਪ ॥ ਤਮ ਅਗਿਆਨ ਮੋਹਤ ਘੂਪ ॥ ਗਹਿ ਭੁਜਾ ਪ੍ਰਭ ਜੀ ਲੇਹੁ ॥ ਹਰਿ ਨਾਮੁ ਅਪੁਨਾ ਦੇਹੁ ॥ ਪ੍ਰਭ ਤੁਝ ਬਿਨਾ ਨਹੀ ਠਾਉ ॥ ਨਾਨਕਾ ਬਲਿ ਬਲਿ ਜਾਉ ॥੨॥
ਪਦਅਰਥ: ਪ੍ਰਭ = ਹੇ ਪ੍ਰਭੂ! ਨਿਵਾਰਿ = ਦੂਰ ਕਰ। ਦੁਆਰਿ = (ਤੇਰੇ) ਦਰ ਤੇ। ਹਾਰਿ = ਹਾਰ ਕੇ, ਥੱਕ ਕੇ, (ਹੋਰ ਪਾਸਿਆਂ ਵਲੋਂ) ਆਸ ਲਾਹ ਕੇ। ਗਹਿ = ਫੜ ਕੇ। ਮਿਸਟ = ਮਿੱਠਾ। ਕਰਿ = ਕਰ ਕੇ। ਲੜਿ = ਪੱਲੇ ਨਾਲ। ਨਾਨਕਾ = ਹੇ ਨਾਨਕ!।੧।
ਦੀਨਾ ਨਾਥ = ਹੇ ਗਰੀਬਾਂ ਦੇ ਖਸਮ! ਦਇਆਲ = ਹੇ ਦਇਆ ਦੇ ਸੋਮੇ! ਜਾਚਉ = ਜਾਚਉਂ, ਮੈਂ ਮੰਗਦਾ ਹਾਂ। ਰਵਾਲ = ਚਰਨ = ਧੂੜ।੧।ਰਹਾਉ।
ਬਿਖਿਆ = ਮਾਇਆ। ਕੂਪ = ਖੂਹ। ਤਮ = ਹਨੇਰਾ। ਅਗਿਆਨ = ਆਤਮਕ ਜੀਵਨ ਵਲੋਂ ਬੇ = ਸਮਝੀ। ਤਮ ਘੂਪ = ਘੁੱਪ ਹਨੇਰਾ। ਮੋਹਤ = ਮੋਹ ਰਿਹਾ ਹੈ। ਗਹਿ = ਫੜ ਕੇ। ਭੁਜਾ = ਬਾਂਹ। ਠਾਉ = ਠਾਉਂ, ਥਾਂ, ਆਸਰਾ। ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ।੨।
ਅਰਥ: ਹੇ ਗ਼ਰੀਬਾਂ ਦੇ ਖਸਮ! ਹੇ ਦਇਆ ਦੇ ਸੋਮੇ! ਹੇ ਮੇਰੇ ਸੁਆਮੀ! ਹੇ ਦੀਨਾ ਨਾਥ! ਹੇ ਦਇਆਲ! ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।੧।ਰਹਾਉ।
ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆ ਕਰ (ਅਤੇ ਬੇਨਤੀ ਕਰਿਆ ਕਰ-) ਹੇ ਪ੍ਰਭੂ! ਮੇਰਾ) ਜਨਮ ਮਰਨ (ਦਾ ਗੇੜ) ਮੁਕਾ ਦੇਹ, ਮੈਂ (ਹੋਰ ਪਾਸਿਆਂ ਵਲੋਂ) ਆਸ ਲਾਹ ਕੇ ਤੇਰੇ ਦਰ ਤੇ ਆ ਡਿੱਗਾ ਹਾਂ। (ਮਿਹਰ ਕਰ) ਤੇਰੇ ਸੰਤ ਜਨਾਂ ਦੇ ਚਰਨ ਫੜ ਕੇ (ਤੇਰੇ ਸੰਤ ਜਨਾਂ ਦਾ) ਪੱਲਾ ਫੜ ਕੇ, ਮੇਰੇ ਮਨ ਨੂੰ, ਹੇ ਹਰੀ! ਤੇਰਾ ਪਿਆਰ ਮਿੱਠਾ ਲੱਗਦਾ ਰਹੇ। ਮਿਹਰ ਕਰ ਕੇ ਮੈਨੂੰ ਆਪਣੇ ਲੜ ਨਾਲ ਲਾ ਲੈ।੧।
ਹੇ ਨਾਨਕ! ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ, ਆਖ-) ਹੇ ਪ੍ਰਭੂ! ਮੈਂ (ਤੇਰੇ ਨਾਮ ਤੋਂ) ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼। ਇਹ ਜਗਤ ਮਾਇਆ (ਦੇ ਮੋਹ) ਦਾ ਖੂਹ ਹੈ, ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ (ਮੈਨੂੰ) ਮੋਹ ਰਿਹਾ ਹੈ। (ਮੇਰੀ) ਬਾਂਹ ਫੜ ਕੇ (ਮੈਨੂੰ) ਬਚਾ ਲੈ।੨।
ਲੋਭਿ ਮੋਹਿ ਬਾਧੀ ਦੇਹ ॥ ਬਿਨੁ ਭਜਨ ਹੋਵਤ ਖੇਹ ॥ ਜਮਦੂਤ ਮਹਾ ਭਇਆਨ ॥ਚਿਤ ਗੁਪਤ ਕਰਮਹਿ ਜਾਨ ॥ ਦਿਨੁ ਰੈਨਿ ਸਾਖਿ ਸੁਨਾਇ ॥ ਨਾਨਕਾ ਹਰਿ ਸਰਨਾਇ ॥੩॥ ਭੈ ਭੰਜਨਾ ਮੁਰਾਰਿ ॥ ਕਰਿ ਦਇਆ ਪਤਿਤ ਉਧਾਰਿ ॥ ਮੇਰੇ ਦੋਖ ਗਨੇ ਨ ਜਾਹਿ ॥ ਹਰਿ ਬਿਨਾ ਕਤਹਿ ਸਮਾਹਿ ॥ ਗਹਿ ਓਟ ਚਿਤਵੀ ਨਾਥ ॥ ਨਾਨਕਾ ਦੇ ਰਖੁ ਹਾਥ ॥੪॥ ਹਰਿ ਗੁਣ ਨਿਧੇ ਗੋਪਾਲ ॥ ਸਰਬ ਘਟ ਪ੍ਰਤਿਪਾਲ ॥ ਮਨਿ ਪ੍ਰੀਤਿ ਦਰਸਨ ਪਿਆਸ ॥ ਗੋਬਿੰਦ ਪੂਰਨ ਆਸ ॥ ਇਕ ਨਿਮਖ ਰਹਨੁ ਨ ਜਾਇ ॥ ਵਡ ਭਾਗਿ ਨਾਨਕ ਪਾਇ ॥੫॥ {ਪੰਨਾ 838}
ਪਦਅਰਥ: ਲੋਭਿ = ਲੋਭ ਨਾਲ, ਲੋਭ ਵਿਚ। ਮੋਹਿ = ਮੋਹ ਨਾਲ, ਮੋਹ ਵਿਚ। ਦੇਹ = ਸਰੀਰ। ਖੇਹ = ਮਿੱਟੀ, ਸੁਆਹ। ਭਇਆਨ = ਭਿਆਨਕ, ਡਰਾਵਣੇ। ਚਿਤ ਗੁਪਤ = ਚਿੱਤ੍ਰ ਗੁਪਤ। ਕਰਮਹਿ = (ਮੇਰੇ) ਕਰਮਾਂ ਨੂੰ। ਰੈਨਿ = ਰਾਤ। ਸਾਖਿ = ਗਵਾਹੀ। ਸੁਨਾਇ = ਸੁਣਾ ਕੇ। ਹਰਿ = ਹੇ ਹਰੀ!।੩।
ਭੈ = {ਲਫ਼ਜ਼ ‘ਭਉ’ ਤੋਂ ਬਹੁ-ਵਚਨ} ਸਾਰੇ ਡਰ। ਮੁਰਾਰਿ = ਹੇ ਪ੍ਰਭੂ! ਭੈ ਭੰਜਨਾ = ਹੇ ਸਾਰੇ ਡਰ ਨਾਸ ਕਰਨ ਵਾਲੇ! ਕਰਿ = ਕਰ ਕੇ। ਪਤਿਤ = ਵਿਕਾਰੀ। ਉਧਾਰਿ = ਬਚਾ ਲੈ। ਦੋਖ = ਐਬ, ਪਾਪ। ਕਤਹਿ = ਹੋਰ ਕਿੱਥੇ? ਸਮਾਹਿ = ਸਮਾ ਸਕਦੇ ਹਨ, ਮੁਆਫ਼ ਹੋ ਸਕਦੇ ਹਨ। ਗਹਿ = ਫੜ ਲੈ (ਮੇਰੀ ਬਾਂਹ) । ਓਟ = ਆਸਰਾ। ਚਿਤਵੀ = (ਮੈਂ) ਸੋਚੀ ਹੈ। ਨਾਥ = ਹੇ ਨਾਥ! ਦੇ ਹਾਥ = ਹੱਥ ਦੇ ਕੇ।੪।
ਗੁਣ ਨਿਧੇ = ਹੇ ਗੁਣਾਂ ਦੇ ਖ਼ਜ਼ਾਨੇ! ਗੋਪਾਲ = ਹੇ ਸ੍ਰਿਸ਼ਟੀ ਦੇ ਪਾਲਣਹਾਰ! ਘਟ = ਸਰੀਰ। ਪ੍ਰਤਿਪਾਲ = ਹੇ ਪਾਲਣ ਵਾਲੇ! ਮਨਿ = (ਮੇਰੇ) ਮਨ ਵਿਚ। ਪਿਆਸ = ਤਾਂਘ। ਪੂਰਨ ਆਸ = ਆਸ ਪੂਰੀ ਕਰ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਵਡ ਭਾਗਿ = ਵੱਡੀ ਕਿਸਮਤ ਨਾਲ। ਪਾਇ = (ਤੇਰਾ ਮਿਲਾਪ) ਹਾਸਲ ਕਰ ਸਕਦਾ ਹੈ।੫।
ਅਰਥ: ਹੇ ਨਾਨਕ! ਆਖ-) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ। ਮੇਰਾ ਸਰੀਰ ਲੋਭ ਵਿਚ ਮੋਹ ਵਿਚ ਬੱਝਾ ਪਿਆ ਹੈ, (ਤੇਰਾ) ਭਜਨ ਕਰਨ ਤੋਂ ਬਿਨਾ ਮਿੱਟੀ ਹੁੰਦਾ ਜਾ ਰਿਹਾ ਹੈ। (ਮੈਨੂੰ) ਜਮਦੂਤ ਬੜੇ ਡਰਾਉਣੇ (ਲੱਗ ਰਹੇ ਹਨ। ਚਿੱਤ੍ਰ ਗੁਪਤ (ਮੇਰੇ) ਕਰਮਾਂ ਨੂੰ ਜਾਣਦੇ ਹਨ। ਦਿਨ ਅਤੇ ਰਾਤ (ਇਹ ਭੀ ਮੇਰੇ ਕਰਮਾਂ ਦੀ) ਗਵਾਹੀ ਦੇ ਕੇ (ਇਹੀ ਕਹਿ ਰਹੇ ਹਨ ਕਿ ਮੈਂ ਮੰਦ-ਕਰਮੀ ਹਾਂ) ।੩।
ਹੇ ਨਾਨਕ! ਆਖ-) ਹੇ ਸਾਰੇ ਡਰਾਂ ਦੇ ਨਾਸ ਕਰਨ ਵਾਲੇ ਪ੍ਰਭੂ! ਮਿਹਰ ਕਰ ਕੇ (ਮੈਨੂੰ) ਵਿਕਾਰੀ ਨੂੰ (ਵਿਕਾਰਾਂ ਤੋਂ) ਬਚਾ ਲੈ। ਮੇਰੇ ਵਿਕਾਰ ਗਿਣੇ ਨਹੀਂ ਜਾ ਸਕਦੇ। ਹੇ ਹਰੀ! ਤੈਥੋਂ ਬਿਨਾ ਹੋਰ ਕਿਸੇ ਦਰ ਤੇ ਭੀ ਇਹ ਬਖ਼ਸ਼ੇ ਨਹੀਂ ਜਾ ਸਕਦੇ। ਹੇ ਨਾਥ! ਮੈਂ ਤੇਰਾ ਆਸਰਾ ਹੀ ਸੋਚਿਆ ਹੈ, (ਮੇਰੀ ਬਾਂਹ) ਫੜ ਲੈ, (ਆਪਣਾ) ਹੱਥ ਦੇ ਕੇ ਮੇਰੀ ਰੱਖਿਆ ਕਰ।੪।
ਹੇ ਨਾਨਕ! ਆਖ-) ਹੇ ਹਰੀ! ਹੇ ਗੁਣਾਂ ਦੇ ਖ਼ਜ਼ਾਨੇ! ਹੇ ਧਰਤੀ ਦੇ ਰੱਖਿਅਕ! ਹੇ ਸਭ ਸਰੀਰਾਂ ਦੇ ਪਾਲਣਹਾਰ! ਹੇ ਗੋਬਿੰਦ! ਮੇਰੇ ਮਨ ਦੀ) ਆਸ ਪੂਰੀ ਕਰ, (ਮੇਰੇ) ਮਨ ਵਿਚ (ਤੇਰੀ) ਪ੍ਰੀਤ (ਬਣੀ ਰਹੇ, ਤੇਰੇ) ਦਰਸਨ ਦੀ ਤਾਂਘ (ਬਣੀ ਰਹੇ, ਤੇਰੇ ਦਰਸਨ ਤੋਂ ਬਿਨਾ ਮੈਥੋਂ) ਇਕ ਪਲ ਭਰ ਭੀ ਰਿਹਾ ਨਹੀਂ ਜਾ ਸਕਦਾ। ਵੱਡੀ ਕਿਸਮਤ ਨਾਲ ਹੀ ਕੋਈ (ਤੇਰਾ) ਮਿਲਾਪ ਪ੍ਰਾਪਤ ਕਰਦਾ ਹੈ।੫।
ਪ੍ਰਭ ਤੁਝ ਬਿਨਾ ਨਹੀ ਹੋਰ ॥ ਮਨਿ ਪ੍ਰੀਤਿ ਚੰਦ ਚਕੋਰ ॥ ਜਿਉ ਮੀਨ ਜਲ ਸਿਉ ਹੇਤੁ ॥ ਅਲਿ ਕਮਲ ਭਿੰਨੁ ਨ ਭੇਤੁ ॥ ਜਿਉ ਚਕਵੀ ਸੂਰਜ ਆਸ ॥ ਨਾਨਕ ਚਰਨ ਪਿਆਸ ॥੬॥ {ਪੰਨਾ 838}
ਪਦਅਰਥ: ਪ੍ਰਭ = ਹੇ ਪ੍ਰਭੂ! ਮਨਿ = (ਮੇਰੇ) ਮਨ ਵਿਚ। ਮੀਨ = ਮੱਛੀ। ਸਿਉ = ਨਾਲ। ਹੇਤੁ = ਪਿਆਰ। ਅਲਿ = ਭੌਰਾ। ਕਮਲ = ਕੌਲ ਫੁੱਲ। ਭਿੰਨੁ = ਵੱਖਰਾ। ਭੇਤੁ = ਵਿੱਥ। ਪਿਆਸ = ਤਾਂਘ। ਭਿੰਨੁ ਭੇਤੁ = ਫ਼ਰਕ।੬।
ਅਰਥ: ਹੇ ਨਾਨਕ! ਆਖ-) ਹੇ ਪ੍ਰਭੂ! ਤੈਥੋਂ ਬਿਨਾ (ਮੇਰਾ ਕੋਈ) ਹੋਰ (ਆਸਰਾ) ਨਹੀਂ ਹੈ। (ਮੇਰੇ) ਮਨ ਵਿਚ (ਤੇਰੇ ਚਰਨਾਂ ਦੀ) ਪ੍ਰੀਤ ਹੈ (ਜਿਵੇਂ) ਚਕੋਰ ਨੂੰ ਚੰਦ ਨਾਲ ਪਿਆਰ ਹੈ, ਜਿਵੇਂ ਮਛਲੀ ਦਾ ਪਾਣੀ ਨਾਲ ਪਿਆਰ ਹੈ, (ਜਿਵੇਂ) ਭੌਰ ਦਾ ਕੌਲ ਫੁੱਲ ਨਾਲੋਂ ਕੋਈ ਫ਼ਰਕ ਨਹੀਂ ਰਹਿ ਜਾਂਦਾ, ਜਿਵੇਂ ਚਕਵੀ ਨੂੰ ਸੂਰਜ (ਦੇ ਚੜ੍ਹਨ) ਦੀ ਉਡੀਕ ਲੱਗੀ ਰਹਿੰਦੀ ਹੈ, (ਇਸੇ ਤਰ੍ਹਾਂ, ਹੇ ਪ੍ਰਭੂ! ਮੈਨੂੰ ਤੇਰੇ) ਚਰਨਾਂ ਦੀ ਤਾਂਘ ਹੈ।੬।
ਜਿਉ ਤਰੁਨਿ ਭਰਤ ਪਰਾਨ ॥ ਜਿਉ ਲੋਭੀਐ ਧਨੁ ਦਾਨੁ ॥ ਜਿਉ ਦੂਧ ਜਲਹਿ ਸੰਜੋਗੁ ॥ ਜਿਉ ਮਹਾ ਖੁਧਿਆਰਥ ਭੋਗੁ ॥ ਜਿਉ ਮਾਤ ਪੂਤਹਿ ਹੇਤੁ ॥ ਹਰਿ ਸਿਮਰਿ ਨਾਨਕ ਨੇਤ ॥੭॥ ਜਿਉ ਦੀਪ ਪਤਨ ਪਤੰਗ ॥ ਜਿਉ ਚੋਰੁ ਹਿਰਤ ਨਿਸੰਗ ॥ ਮੈਗਲਹਿ ਕਾਮੈ ਬੰਧੁ ॥ ਜਿਉ ਗ੍ਰਸਤ ਬਿਖਈ ਧੰਧੁ ॥ ਜਿਉ ਜੂਆਰ ਬਿਸਨੁ ਨ ਜਾਇ ॥ ਹਰਿ ਨਾਨਕ ਇਹੁ ਮਨੁ ਲਾਇ ॥੮॥ {ਪੰਨਾ 838}
ਪਦਅਰਥ: ਤਰੁਨਿ = ਜੁਆਨ ਇਸਤ੍ਰੀ। ਭਰਤ = ਭਰਤਾ, ਖਸਮ। ਪਰਾਨ = ਜਿੰਦ = ਜਨ, ਬਹੁਤ ਪਿਆਰਾ। ਲੋਭੀਐ = ਲੋਭੀ ਨੂੰ, ਲਾਲਚੀ ਮਨੁੱਖ ਨੂੰ। ਦਾਨੁ = ਦਿੱਤਾ ਜਾਣਾ, ਪ੍ਰਾਪਤੀ। ਜਲਹਿ = ਪਾਣੀ ਨਾਲ। ਸੰਜੋਗੁ = ਮਿਲਾਪ। ਖੁਧਿਆਰਥ = ਭੁੱਖੇ ਨੂੰ। ਭੋਗੁ = ਭੋਜਨ। ਪੂਤਹਿ = ਪੁੱਤਰ ਨਾਲ। ਹੇਤੁ = ਪਿਆਰ। ਨੇਤ = ਨਿੱਤ, ਸਦਾ।੭।
ਦੀਪ = ਦੀਵਾ। ਪਤਨ = ਡਿੱਗਣਾ {पत् = to fall}। ਪਤੰਗ = ਭੰਬਟ। ਹਿਰਤ = ਚੁਰਾਂਦਾ ਹੈ। ਨਿਸੰਗ = ਝਾਕਾ ਲਾਹ ਕੇ। ਮੈਗਲ = ਹਾਥੀ। ਕਾਮੈ ਬੰਦੁ = ਕਾਮ = ਵਾਸ਼ਨਾ ਦਾ ਮੇਲ। ਬੰਧੁ = ਸਨਬੰਧ, ਮੇਲ। ਗ੍ਰਸਤ = ਗ੍ਰਸਦਾ ਹੈ, ਕਾਬੂ ਕਰੀ ਰੱਖਦਾ ਹੈ। ਧੰਧੁ = (ਵਿਸ਼ਿਆਂ ਦਾ) ਧੰਧਾ। ਬਿਖਈ = ਵਿਸ਼ਈ (ਮਨੁੱਖ) ਨੂੰ। ਬਿਸਨੁ = {व्यसन} ਭੈੜੀ ਆਦਤ। ਲਾਇ = ਜੋੜ ਰੱਖ।੮।
ਅਰਥ: ਹੇ ਨਾਨਕ! ਆਖ-ਹੇ ਭਾਈ) ਜਿਵੇਂ ਜੁਆਨ ਇਸਤ੍ਰੀ ਨੂੰ (ਆਪਣਾ) ਖਸਮ ਬਹੁਤ ਪਿਆਰਾ ਹੁੰਦਾ ਹੈ, ਜਿਵੇਂ ਲਾਲਚੀ ਮਨੁੱਖ ਨੂੰ ਧਨ-ਪ੍ਰਾਪਤੀ (ਤੋਂ ਖ਼ੁਸ਼ੀ ਹੁੰਦੀ ਹੈ) , ਜਿਵੇਂ ਦੁੱਧ ਦਾ ਪਾਣੀ ਨਾਲ ਮਿਲਾਪ ਹੋ ਜਾਂਦਾ ਹੈ, ਜਿਵੇਂ ਬਹੁਤ ਭੁੱਖੇ ਨੂੰ ਭੋਜਨ (ਤ੍ਰਿਪਤ ਕਰਦਾ ਹੈ) , ਜਿਵੇਂ ਮਾਂ ਦਾ ਪੁੱਤਰ ਨਾਲ ਪਿਆਰ ਹੁੰਦਾ ਹੈ, ਤਿਵੇਂ ਸਦਾ ਪਰਮਾਤਮਾ ਨੂੰ (ਪਿਆਰ ਨਾਲ) ਸਿਮਰਿਆ ਕਰ।੭।
ਹੇ ਨਾਨਕ! ਆਖ-ਹੇ ਭਾਈ!) ਜਿਵੇਂ (ਪ੍ਰੇਮ ਦੇ ਬੱਝੇ) ਭੰਬਟ ਦੀਵੇ ਉਤੇ ਡਿੱਗਦੇ ਹਨ, ਜਿਵੇਂ ਚੋਰ ਝਾਕਾ ਲਾਹ ਕੇ ਚੋਰੀ ਕਰਦਾ ਹੈ, ਜਿਵੇਂ ਹਾਥੀ ਦਾ ਕਾਮ-ਵਾਸਨਾ ਨਾਲ ਜੋੜ ਹੈ, ਜਿਵੇਂ (ਵਿਸ਼ਿਆਂ ਦਾ) ਧੰਧਾ ਵਿਸ਼ਈ ਮਨੁੱਖ ਨੂੰ ਗ੍ਰਸੀ ਰੱਖਦਾ ਹੈ, ਜਿਵੇਂ ਜੁਆਰੀਏ ਦੀ (ਜੂਆ ਖੇਡਣ ਦੀ) ਭੈੜੀ ਆਦਤ ਦੂਰ ਨਹੀਂ ਹੁੰਦੀ, ਤਿਵੇਂ (ਆਪਣੇ) ਇਸ ਮਨ ਨੂੰ (ਪ੍ਰਭੂ-ਚਰਨਾਂ ਵਿਚ ਪਿਆਰ ਨਾਲ) ਜੋੜੀ ਰੱਖੀਂ।੮।
ਕੁਰੰਕ ਨਾਦੈ ਨੇਹੁ ॥ ਚਾਤ੍ਰਿਕੁ ਚਾਹਤ ਮੇਹੁ ॥ ਜਨ ਜੀਵਨਾ ਸਤਸੰਗਿ ॥ ਗੋਬਿਦੁ ਭਜਨਾ ਰੰਗਿ ॥ ਰਸਨਾ ਬਖਾਨੈ ਨਾਮੁ ॥ ਨਾਨਕ ਦਰਸਨ ਦਾਨੁ ॥੯॥ ਗੁਨ ਗਾਇ ਸੁਨਿ ਲਿਖਿ ਦੇਇ ॥ ਸੋ ਸਰਬ ਫਲ ਹਰਿ ਲੇਇ ॥ ਕੁਲ ਸਮੂਹ ਕਰਤ ਉਧਾਰੁ ॥ ਸੰਸਾਰੁ ਉਤਰਸਿ ਪਾਰਿ ॥ ਹਰਿ ਚਰਨ ਬੋਹਿਥ ਤਾਹਿ ॥ ਮਿਲਿ ਸਾਧਸੰਗਿ ਜਸੁ ਗਾਹਿ ॥ ਹਰਿ ਪੈਜ ਰਖੈ ਮੁਰਾਰਿ ॥ ਹਰਿ ਨਾਨਕ ਸਰਨਿ ਦੁਆਰਿ ॥੧੦॥੨॥ {ਪੰਨਾ 838}
ਪਦਅਰਥ: ਕੁਰੰਕ = ਹਰਨ। ਨਾਦੈ ਨੇਹੁ = ਨਾਦ ਦਾ ਪਿਆਰ। ਨਾਦ = ਖੱਲ ਨਾਲ ਮੜ੍ਹੇ ਹੋਏ ਘੜੇ ਦੀ ਆਵਾਜ਼। ਚਾਤ੍ਰਿਕੁ = ਪਪੀਹਾ। ਮੇਹੁ = ਮੀਂਹ। ਸਤਸੰਗਿ = ਸਤ ਸੰਗ ਵਿਚ। ਰੰਗਿ = ਪਿਆਰ ਵਿਚ। ਬਖਾਨੈ = ਉਚਾਰਦਾ ਹੈ। ਦਰਸਨ ਦਾਨੁ = ਦਰਸਨ ਦੀ ਦਾਤਿ।੯।
ਗਾਇ = ਗਾ ਕੇ। ਸੁਨਿ = ਸੁਣ ਕੇ। ਲਿਖਿ = ਲਿਖ ਕੇ। ਦੇਇ = ਦੇਂਦਾ ਹੈ। ਸਰਬ ਫਲ ਹਰਿ = ਸਾਰੇ ਫਲ ਦੇਣ ਵਾਲਾ ਹਰੀ। ਲੇਇ = (ਮਿਲਾਪ) ਹਾਸਲ ਕਰਦਾ ਹੈ। ਕੁਲ ਸਮੂਹ = ਸਾਰੀਆਂ ਕੁਲਾਂ ਦਾ। ਉਧਾਰੁ = ਪਾਰ = ਉਤਾਰਾ। ਉਤਰਸਿ = ਪਾਰ ਲੰਘ ਜਾਂਦਾ ਹੈ। ਬੋਹਿਥ = ਜਹਾਜ਼। ਤਾਹਿ = ਉਹਨਾਂ ਵਾਸਤੇ। ਮਿਲਿ = ਮਿਲ ਕੇ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਜਸੁ = ਸਿਫ਼ਤਿ-ਸਾਲਾਹ। ਗਾਹਿ = ਗਾਂਦੇ ਹਨ {ਬਹੁ-ਵਚਨ}। ਪੈਜ = ਲਾਜ ਇੱਜ਼ਤ। ਦੁਆਰਿ = ਦਰ ਤੇ।੧੦।
ਅਰਥ: ਜਿਵੇਂ ਹਰਨ ਦਾ ਘੰਡੇਹੇੜੇ ਦੀ ਆਵਾਜ਼ ਨਾਲ ਪਿਆਰ ਹੁੰਦਾ ਹੈ, ਜਿਵੇਂ ਪਪੀਹਾ (ਹਰ ਵੇਲੇ) ਮੀਂਹ ਮੰਗਦਾ ਹੈ, ਤਿਵੇਂ, ਹੇ ਨਾਨਕ! ਪਰਮਾਤਮਾ ਦੇ) ਸੇਵਕ ਦਾ (ਸੁਖੀ) ਜੀਵ ਸਾਧ ਸੰਗਤਿ ਵਿਚ (ਹੀ ਹੁੰਦਾ) ਹੈ, ਸੇਵਕ ਪਿਆਰ ਨਾਲ ਪਰਮਾਤਮਾ (ਦੇ ਨਾਮ) ਨੂੰ ਜਪਦਾ ਹੈ, (ਆਪਣੀ) ਜੀਭ ਨਾਲ (ਪਰਮਾਤਮਾ ਦਾ) ਨਾਮ ਉਚਾਰਦਾ ਰਹਿੰਦਾ ਹੈ ਅਤੇ (ਪਰਮਾਤਮਾ ਦੇ) ਦਰਸਨ ਦੀ ਦਾਤਿ (ਮੰਗਦਾ ਰਹਿੰਦਾ ਹੈ) ।੯।
ਜਿਹੜਾ ਮਨੁੱਖ (ਪਰਮਾਤਮਾ ਦੇ) ਗੁਣ ਗਾ ਕੇ, ਸੁਣ ਕੇ, ਲਿਖ ਕੇ (ਇਹ ਦਾਤਿ ਹੋਰਨਾਂ ਨੂੰ ਭੀ) ਦੇਂਦਾ ਹੈ, ਉਹ ਮਨੁੱਖ ਸਾਰੇ ਫਲ ਦੇਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ, ਉਹ ਮਨੁੱਖ (ਆਪਣੀਆਂ) ਸਾਰੀਆਂ ਕੁਲਾਂ ਦਾ (ਹੀ) ਪਾਰ-ਉਤਾਰਾ ਕਰਾ ਲੈਂਦਾ ਹੈ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।
ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, (ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਲਈ) ਪਰਮਾਤਮਾ ਦੇ ਚਰਨ ਉਹਨਾਂ ਵਾਸਤੇ ਜਹਾਜ਼ (ਦਾ ਕੰਮ ਦੇਂਦੇ) ਹਨ। ਮੁਰਾਰੀ ਪ੍ਰਭੂ ਉਹਨਾਂ ਦੀ ਲਾਜ ਰੱਖਦਾ ਹੈ, ਉਹ ਹਰੀ ਦੀ ਸਰਨ ਪਏ ਰਹਿੰਦੇ ਹਨ, ਉਹ ਹਰੀ ਦੇ ਦਰ ਤੇ ਟਿਕੇ ਰਹਿੰਦੇ ਹਨ।੧੦।੨।
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਹਿ ਜੀ ॥