ਵਿਧਾਇਕ ਸਿੱਧੂ ਵੱਲੋਂ ਵਾਰਡ ਨੰਬਰ 44 ‘ਚ 8 ਪਾਰਕਾਂ ਦੇ ਸੁ਼ੰਦਰੀਕਰਨ ਦਾ ਉਦਘਾਟਨ

ਨਿਊਜ਼ ਪੰਜਾਬ 

ਲੁਧਿਆਣਾ, 01 ਜੂਨ  – ਸਾਫ ਸੁਥਰਾ ਅਤੇ ਹਰਿਆਵਲ ਭਰਿਆ ਵਾਤਾਵਰਣ ਮੁਹੱਈਆ ਕਰਾਉਣ ਦੇ ਮੰਤਵ ਨਾਲ, ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਅੱਜ ਵਾਰਡ ਨੰਬਰ 44 ਵਿੱਚ 8 ਪਾਰਕਾਂ ਦੇ ਸੁ਼ੰਦਰੀਕਰਨ ਦਾ ਉਦਘਾਟਨ ਕੀਤਾ ਗਿਆ ਜਿਸ ‘ਤੇ ਕਰੀਬ 75 ਲੱਖ ਰੁਪਏ ਦੀ ਲਾਗਤ ਆਵੇਗੀ।
ਇਸ ਮੌਕੇ ਉਨ੍ਹਾਂ ਦੇ ਨਾਲ ਜੇ.ਈ. ਸ੍ਰੀ ਤਰੁਨ ਸ਼ਰਮਾ ਅਤੇ ਠੇਕੇਦਾਰ ਸੁਪਰਵਾਈਜ਼ਰ ਸ. ਹਰਪ੍ਰੀਤ ਸਿੰਘ ਤੋਂ ਇਲਾਵਾ ਇਲਾਕਾ ਨਿਵਾਸੀ ਵੀ ਮੌਜੂਦ ਸਨ।
ਵਿਧਾਇਕ ਸਿੱਧੂ ਵੱਲੋਂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਨਿਵਾਸੀਆਂ ਲਈ ਸਵੇਰੇ-ਸ਼ਾਮ ਦੀ ਸੈਰ ਕਰਨ ਅਤੇ ਬੱਚਿਆਂ ਦੇ ਮਨੋਰੰਜਨ ਲਈ ਸਾਰੇ ਪਾਰਕਾਂ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਪਾਰਕਾਂ ਦੇ ਸੁੰਦਰੀਕਰਨ ਤਹਿਤ ਨਵੇਂ ਫੁੱਲਾਂ ਦੇ ਬੂਟੇ, ਬੱਚਿਆਂ ਲਈ ਝੂਲੇ, ਬੱਚਿਆਂ ਲਈ ਸਵਿੰਗਜ਼, ਨੌਜਵਾਨਾਂ ਨੂੰ ਕਸਰਤ ਕਰਨ ਲਈ ਓਪਨ ਜਿੰਮ, ਪਾਰਕਾਂ ਦੀ ਚਾਰ ਦਿਵਾਰੀ ਦੀ ਮੁਰੰਮਤ, ਗ੍ਰਿੱਲਾਂ ਲਗਾਉਣਾ, ਛਾਂਦਾਰ ਰੁੱਖਾਂ ਦੇ ਬੂਟੇ ਲਗਾਉਣਾ, ਬਜ਼ੁਰਗਾਂ ਨੂੰ ਸਵੇਰ-ਸ਼ਾਮ ਦੀ ਸੈਰ ਲਈ ਸਮਰਪਿਤ ਫੁੱਟਪਾਥ ਆਦਿ ਸ਼ਾਮਲ ਹਨ।
ਉਨ੍ਹਾ ਅੱਗੇ ਦੱਸਿਆ ਕਿ ਹਲਕਾ ਆਤਮ ਨਗਰ ਵਿੱਚ ਪੈਂਦੇ ਵਾਰਡ ਨੰਬਰ 44 ਵਿੱਚ 8 ਪਾਰਕਾਂ ਦੇ ਸੁ਼ੰਦਰੀਕਰਨ ਦਾ ਕੰਮ ਸੁ਼ਰੂ ਕਰ ਦਿੱਤਾ ਗਿਆ ਹੈ ਜਿਸ ‘ਤੇ ਕਰੀਬ 75 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਪਾਰਕਾਂ ਦੇ ਸੁੰਦਰੀਕਰਨ ਦਾ ਕੰਮ ਤੈਅ ਸਮੇਂ ਵਿੱਚ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਇਸ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਇਸ ਪ੍ਰੋਜੈਕਟ ਅਧੀਨ ਕਿਸੇ ਵੀ ਤਰ੍ਹਾ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਵਸਨੀਕਾਂ ਨੂੰ ਸਾਫ-ਸੁੱਥਰਾ ਤੇ ਹਰਿਆ ਭਰਿਆ ਵਾਤਾਵਰਨ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸੇ ਲਈ ਕਈ ਸੁੰਦਰੀਕਰਨ ਪ੍ਰਾਜੈਕਟ ਪਾਈਪ ਲਾਈਨ ਵਿੱਚ ਵੀ ਹਨ।