ਗੋਲੀਆਂ ਦਾ ਸ਼ਿਕਾਰ ਬਣੇ ਗਾਇਕ ਸਿੱਧੂ ਮੂਸੇਵਾਲਾ ਸਮੇਤ ਕਈ ਪ੍ਰਮੁੱਖ ਵਿਅਕਤੀਆਂ ਦੀ ਸੁਰੱਖਿਆ ਵਿੱਚ ਤਾਇਨਾਤ 500 ਤੋਂ ਵੱਧ ਪੁਲੀਸ ਕਰਮਚਾਰੀਆਂ ਨੂੰ ਬੁਲਾਇਆ ਸੀ ਵਾਪਸ – ਪੜ੍ਹੋ ਹਸਤੀਆਂ ਦੇ ਨਾਮ

ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤੀ ਸੁਰੱਖਿਆ ਛਤਰੀ ਵਿਚੋਂ ਕੁਝ ਸੁਰੱਖਿਆ ਕਰਮਚਾਰੀ ਵਾਪਸ ਲੈਣ ਮਗਰੋਂ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਬਹਾਲ ਕਰਨ ਦੇ ਹੁਕਮ ਦਿੱਤੇ ਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰੀ ਸੁਰੱਖਿਆ ਲੈਣ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਸਾਰੇ ਸੁਰੱਖਿਆ ਕਰਮਚਾਰੀ ਅਤੇ ਵਾਹਨ ਵਾਪਸ ਕਰ ਦਿੱਤੇ ਹਨ। ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਦੀ ਸੁਰੱਖਿਆ ਲਈ ਟਾਸਕ ਫੋਰਸ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ ਜਥੇਦਾਰ ਵਲੋਂ ਕੌਮ ਦੇ ਨਾਂ ਵਧਾਈ ਸੰਦੇਸ਼ ਦੌਰਾਨ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਸਲਾਹ ਦਿੱਤੀ ਗਈ ਸੀ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਾਕੀ ਰਹਿ ਗਏ ਸੁਰੱਖਿਆ ਕਰਮਚਾਰੀ ਅਤੇ ਸਰਕਾਰ ਵਲੋਂ ਦਿੱਤਾ ਵਾਹਨ ਵੀ ਵਾਪਸ ਭੇਜਣ ਦਾ ਫੈਸਲਾ ਕੀਤਾ।

 

ਨਿਊਜ਼ ਪੰਜਾਬ
ਪੰਜਾਬ ਪੁਲੀਸ ਨੇ ਕਤਲ ਹੋਏ ਗਾਇਕ ਸਿੱਧੂ ਮੂਸੇਵਾਲਾ ਸਮੇਤ ਸੂਬੇ ਦੇ ਕਈ ਸਿਆਸਤਦਾਨਾਂ, ਤਖ਼ਤਾਂ ਦੇ ਜਥੇਦਾਰਾਂ , ਡੇਰੇਦਾਰਾਂ, ਸੇਵਾਮੁਕਤ ਸਿਵਲ ਅਤੇ ਪੁਲੀਸ ਅਫ਼ਸਰਾਂ ਸਮੇਤ ਕਈ ਹਸਤੀਆਂ ਦੀ ਸੁਰੱਖਿਆ ’ਚ ਕੱਲ ਹੀ ਵੱਡੀ ਕਟੌਤੀ ਕੀਤੀ ਸੀ । ਸਰਕਾਰ ਦੇ ਨਿਰਦੇਸ਼ਾਂ ’ਤੇ ਪੁਲੀਸ ਵੱਲੋਂ 424 ਵਿਅਕਤੀਆਂ ਦੀ ਸੁਰੱਖਿਆ ਘਟਾਈ ਜਾਂ ਵਾਪਸ ਲਈ ਗਈ ਹੈ। ਸੁਰੱਖਿਆ ਲਈ ਤਾਇਨਾਤ 500 ਤੋਂ ਵੱਧ ਪੁਲੀਸ ਕਰਮਚਾਰੀਆਂ ਨੂੰ ਪੁਲੀਸ ਦੀ ਡਿਊਟੀ ’ਤੇ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਵਧੀਕ ਡੀਜੀਪੀ (ਸੁਰੱਖਿਆ) ਵੱਲੋਂ ਜਾਰੀ ਪੱਤਰ ਮੁਤਾਬਕ ਜਿਨ੍ਹਾਂ ਵਿਸ਼ੇਸ਼ ਵਿਅਕਤੀਆਂ ਦੀ ਸੁਰੱਖਿਆ ’ਚ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਵਾਪਸ ਸੱਦਿਆ ਗਿਆ ਹੈ, ਉਨ੍ਹਾਂ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਹੋਰ ਆਗੂ ਸ਼ਾਮਲ ਹਨ। ਡੇਰਾ ਰਾਧਾ ਸੁਆਮੀ ਬਿਆਸ ਦੀ ਸੁਰੱਖਿਆ ’ਚ ਤਾਇਨਾਤ 10 ਪੁਲੀਸ ਕਰਮਚਾਰੀ ਵਾਪਸ ਬੁਲਾ ਲਏ ਹਨ। ਦੁਆਬੇ ਦੇ ਮਸ਼ਹੂਰ ਡੇਰਾ ਬੱਲਾਂ, ਦਿਵਿਆ ਜੋਤੀ ਜਾਗਰਣ ਸੰਸਥਾਨ ਡੇਰਾ ਨੂਰਮਹਿਲ, ਬਾਬਾ ਸੁਖਦੇਵ ਸਿੰਘ ਡੇਰਾ ਰੂਮੀ ਭੁੱਚੋ, ਡੇਰਾ ਭੈਣੀ ਸਾਹਿਬ ਨਾਲ ਸਬੰਧਤ ਨਾਮਧਾਰੀ ਆਗੂ, ਨਾਨਕਸਰ ਕਲੇਰਾਂ ਸਮੇਤ ਕਈ ਧਾਰਮਿਕ ਆਗੂਆਂ ਦੀ ਸੁਰੱਖਿਆ ’ਚ ਵੱਡੀ ਕਟੌਤੀ ਕੀਤੀ ਗਈ ਹੈ। ਜਿਨ੍ਹਾਂ ਸਿਆਸਤਦਾਨਾਂ ਦੀ ਸੁਰੱਖਿਆ ਘਟਾਈ ਗਈ ਹੈ ਉਨ੍ਹਾਂ ਵਿੱਚ ਸੁਖਦੇਵ ਸਿੰਘ ਢੀਂਡਸਾ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਧੀ ਪ੍ਰਨੀਤ ਕੌਰ ਕੈਰੋਂ, ਸ਼ਮਸ਼ੇਰ ਸਿੰਘ ਦੂਲੋ, ਅਕਾਲੀ ਵਿਧਾਇਕਾ ਗਨੀਵ ਮਜੀਠੀਆ, ਨਵੀਂ ਦਿੱਲੀ ’ਚ ਸਰਗਰਮ ਕਾਂਗਰਸ ਆਗੂ ਰਾਜੀਵ ਸ਼ੁਕਲਾ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਭਾਜਪਾ ਆਗੂ ਫਤਿਹਜੰਗ ਸਿੰਘ ਬਾਜਵਾ, ਕਾਂਗਰਸ ਆਗੂ ਤੇ ਡੇਰਾ ਸਿਰਸਾ ਮੁਖੀ ਦੇ ਕਰੀਬੀ ਰਿਸ਼ਤੇਦਾਰ ਹਰਮਿੰਦਰ ਸਿੰਘ ਜੱਸੀ, ਸਾਬਕਾ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ, ਭਾਜਪਾ ਅਗੂ ਤੀਕਸ਼ਣ ਸੂਦ, ਸਾਬਕਾ ਮੰਤਰੀ ਪਰਗਟ ਸਿੰਘ, ਕਾਂਗਰਸ ਆਗੂ ਤੇ ਗਾਇਕ ਸਿੱਧੂ ਮੂਸੇਵਾਲਾ, ਬਾਬਾ ਕਸ਼ਮੀਰਾ ਸਿੰਘ ਜਲੰਧਰ, ਵਿਵਾਦਾਂ ’ਚ ਰਹਿਣ ਵਾਲੇ ਸਾਬਕਾ ਪੁਲੀਸ ਇੰਸਪੈਕਟਰ ਗੁਰਮੀਤ ਸਿੰਘ ਪਿੰਕੀ ਆਦਿ ਪ੍ਰਮੁੱਖ ਹਨ। ਕੁੱਝ ਮੌਜੂਦਾ ਪੁਲੀਸ ਅਧਿਕਾਰੀਆਂ ਦੀ ਸੁਰੱਖਿਆ ’ਚ ਵੀ ਕਟੌਤੀ ਕੀਤੀ ਗਈ ਹੈ। ਉਨ੍ਹਾਂ ਵਿੱਚ ਏਡੀਜੀਪੀ ਐੱਸ ਕੇ ਅਸਥਾਨਾ, ਐੱਲ ਕੇ ਯਾਦਵ, ਐੱਮ ਐੱਫ ਫਾਰੂਕੀ, ਬੀ ਵੀ ਨੀਰਜਾ, ਚੰਦਰਸ਼ੇਖਰ, ਸਾਬਕਾ ਡੀਜੀਪੀਜ਼ ਵਿੱਚ ਐੱਨ ਪੀ ਐੱਸ ਔਲਖ, ਐੱਮ ਪੀ ਐੱਸ ਔਲਖ, ਡੀ ਐੱਸ ਮਾਂਗਟ, ਪੀ ਲਾਲ, ਰਾਜਿੰਦਰ ਸਿੰਘ, ਪੀ ਸੀ ਡੋਗਰਾ, ਆਰ ਪੀ ਸਿੰਘ, ਆਰ ਕੇ ਗੁਪਤਾ, ਐੱਸ ਕੇ ਵਰਮਾ, ਐੱਸ ਐੱਮ ਸ਼ਰਮਾ, ਸੂਬੇ ਸਿੰਘ, ਐੱਸ ਵੀ ਸਿੰਘ, ਸੰਜੀਵ ਗੁਪਤਾ, ਮੁਹੰਮਦ ਮੁਸਤਫਾ, ਐੱਮ ਕੇ ਤਿਵਾੜੀ, ਡੀ ਆਰ ਭੱਟੀ, ਜਸਮਿੰਦਰ ਸਿੰਘ ਅਤੇ ਰਾਜਨ ਗੁਪਤਾ ਦੇ ਨਾਮ ਪ੍ਰਮੁੱਖ ਹਨ। ਸੁਰੱਖਿਆ ’ਚ ਕਟੌਤੀ ਦੀ ਕੈਂਚੀ ਕਾਂਗਰਸ, ਅਕਾਲੀ ਦਲ ਅਤੇ ‘ਆਪ’ ਦੇ ਸਾਬਕਾ ਵਿਧਾਇਕਾਂ, ਜਿਨ੍ਹਾਂ ਦਾ ਸੱਤਾਧਾਰੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ, ’ਤੇ ਵੀ ਚੱਲੀ ਹੈ। ਸੱਤਾਧਾਰੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਅਤੇ ਮੰਤਰੀਆਂ ਦੀ ਸੁਰੱਖਿਆ ’ਚ ਕਟੌਤੀ ਨਹੀਂ ਕੀਤੀ ਗਈ ਹੈ। ਇਸ ਸੂਚੀ ਵਿੱਚ ‘ਆਪ’ ਦਾ ਇੱਕੋ ਵਿਧਾਇਕ ਮਦਨ ਲਾਲ ਬੱਗਾ ਸ਼ਾਮਲ ਹੈ ਜਿਸ ਨਾਲ ਤਾਇਨਾਤ ਪੁਲੀਸ ਕਰਮਚਾਰੀਆਂ ਵਿੱਚੋਂ ਇੱਕ ਦੀ ਵਾਪਸੀ ਕੀਤੀ ਗਈ ਹੈ। ਪੰਜਾਬ ਵਿੱਚ ‘ਆਪ’ ਦੀ ਸਰਕਾਰ ਦੇ ਗਠਨ ਤੋਂ ਬਾਅਦ ਸੁਰੱਖਿਆ ਵਾਪਸੀ ਦਾ ਇਹ ਤੀਜਾ ਝਟਕਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ, ਸੁਨੀਲ ਜਾਖੜ, ਰਾਜਿੰਦਰ ਕੌਰ ਭੱਠਲ ਅਤੇ ਹੋਰ ਕਈ ਆਗੂਆਂ ਦੀ ਸੁਰੱਖਿਆ ’ਚ ਕਟੌਤੀ ਕੀਤੀ ਗਈ ਸੀ। ਪੰਜਾਬ ਪੁਲੀਸ ਦੇ ਅਧਿਕਾਰੀਆਂ ਮੁਤਾਬਕ ਹੁਣ ਤੱਕ ਇੱਕ ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਸਿਆਸਤਦਾਨਾਂ ਦੀ ਸੁਰੱਖਿਆ ਤੋਂ ਵਾਪਸ ਬੁਲਾ ਕੇ ਪੁਲੀਸ ਦੀ ਡਿਊਟੀ ’ਤੇ ਤਾਇਨਾਤ ਕੀਤਾ ਜਾ ਚੁੱਕਾ ਹੈ।

ਤਸਵੀਰ — ਸੰਕੇਤਕ ਤਸਵੀਰ