ਵਿਜੀਲੈਂਸ ਵੱਲੋਂ 20 ਲੱਖ ਰੁਪਏ ਦੇ ਘਪਲੇ ਦੇ ਦੋਸ਼ ਚ ਪੰਚਾਇਤ ਵਿਭਾਗ ਦੇ ਦੋ ਜੇਈ, ਇੱਕ ਪੰਚਾਇਤ ਸਕੱਤਰ ਤੇ ਦੋ ਸਰਪੰਚਾਂ ਖਿਲਾਫ਼ ਮੁਕੱਦਮਾ ਦਰਜ

ਚੰਡੀਗੜ੍ਹ 25 ਮਈ ,

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਿੰਡ ਕੋਟਲਾ ਸੁਲੇਮਾਨ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਸਰਪੰਚ ਤਰਲੋਚਨ ਸਿੰਘ, ਅਧਿਕਾਰਤ ਪੰਚ ਰਣਜੋਧ ਸਿੰਘ, ਬੀਡੀਪੀਓ ਦਫ਼ਤਰ ਫਤਹਿਗਡ਼੍ਹ ਸਾਹਿਬ ਦੇ ਦੋ ਜੂਨੀਅਰ ਇੰਜਨੀਅਰ ਲਲਿਤ ਗੋਇਲ ਜੂਨੀਅਰ ਇੰਜੀਨੀਅਰ ਅਤੇ ਲੁਕੇਸ਼ ਥੰਮ੍ਹਣ ਸਮੇਤ ਪੰਚਾਇਤ ਸਕੱਤਰ ਪਵਿੱਤਰ ਸਿੰਘ ਨੂੰ ਗ੍ਰਾਮ ਪੰਚਾਇਤ ਦੇ ਫੰਡਾਂ ਵਿੱਚ 20.67 ਲੱਖ ਰੁਪਏ ਦਾ ਘਪਲਾ ਕਰਨ ਅਤੇ ਪੰਚਾਇਤ ਦੀ 2.86 ਕਰੋੜ ਰੁਪਏ ਦੇ ਹਿਸਾਬ ਵਾਲੀ ਮਾਪ ਪੁਸਤਕ ਖੁਰਦ-ਬੁਰਦ ਕਰਨ ਬਦਲੇ ਵੱਖ-ਵੱਖ ਫੌਜਦਾਰੀ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀਆਂ ਖਿਲਾਫ ਖ਼ਿਲਾਫ਼ ਵਿਜੀਲੈਂਸ ਬਿਉਰੋ ਦੇ ਥਾਣਾ ਪਟਿਆਲਾ ਵਿਖੇ ਆਈ ਪੀ ਸੀ ਦੀ ਧਾਰਾ 409, 201, 120-B ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1)ਏ ਤੇ 13(2) ਤਹਿਤ ਅੱਜ ਮਿਤੀ 25-05-2022 ਨੂੰ ਮੁਕੱਦਮਾ ਨੰਬਰ 10 ਦਰਜ ਕਰਕੇ ਮੁਲਜਮਾਂ ਦੀ ਗ੍ਰਿਫਤਾਰੀ ਲਈ ਟੀਮਾਂ ਗਠਿਤ ਕਰ ਦਿੱਤੀਆਂ ਹਨ।
ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤ ਨੰਬਰ 65/2019 ਫਤਹਿਗੜ੍ਹ ਸਾਹਿਬ ਦੀ ਪਡ਼ਤਾਲ ਦੌਰਾਨ ਪਾਇਆ ਗਿਆ ਕਿ ਰਣਜੋਧ ਸਿੰਘ ਅਧਿਕਾਰਤ ਪੰਚ ਤੋਂ ਪਹਿਲਾਂ ਗ੍ਰਾਮ ਪੰਚਾਇਤ ਪਿੰਡ ਕੋਟਲਾ ਸੁਲੇਮਾਨ ਦਾ ਸਰਪੰਚ ਤਰਲੋਚਨ ਸਿੰਘ ਰਿਹਾ ਸੀ ਜਿਸ ਦੇ ਕਾਰਜਕਾਲ ਦੌਰਾਨ ਗ੍ਰਾਮ ਪੰਚਾਇਤ ਪਿੰਡ ਕੋਟਲਾ ਸੁਲੇਮਾਨ ਦੀ ਪੰਚਾਇਤੀ ਜ਼ਮੀਨ ਨੂੰ ਰੇਲਵੇ ਵਿਭਾਗ ਵੱਲੋਂ ਐਕਵਾਇਰ ਹੋਣ ਕਰਕੇ ਗ੍ਰਾਮ ਪੰਚਾਇਤ ਪਿੰਡ ਕੋਟਲਾ ਸੁਲੇਮਾਨ ਨੂੰ ਰਕਮ ਕਰੀਬ 4,18,00000ਰੁਪਏ ਅਤੇ ਹੋਰਾਂ ਵਸੀਲਿਆਂ ਤੋਂ ਕੁੱਲ 4,20,25,000 ਰੁਪਏ ਪ੍ਰਾਪਤ ਹੋਏ ਸਨ ਅਤੇ ਇਸ ਉਕਤ ਰਕਮ ਵਿੱਚੋਂ ਤਰਲੋਚਨ ਸਿੰਘ ਸਾਬਕਾ ਸਰਪੰਚ ਵੱਲੋਂ ਰਕਮ 2,86,25000 ਰੁਪਏ ਪਿੰਡ ਵਿਚ ਵਿਕਾਸ ਦੇ ਕੰਮਾਂ ਉੱਪਰ ਖ਼ਰਚ ਕੀਤੀ ਗਈ ਹੈ ਅਤੇ ਤਰਲੋਚਨ ਸਿੰਘ ਵੱਲੋਂ 1,34,00000 ਰੁਪਏ ਪੰਚਾਇਤੀ ਖਾਤੇ ਵਿਚ ਛੱਡੇ ਗਏ ਸਨ
ਇਹ ਬਚਦੀ ਰਕਮ ਰਣਜੋਧ ਸਿੰਘ ਅਧਿਕਾਰਤ ਪੰਚ ਵੱਲੋਂ ਵਿਕਾਸ ਦੇ ਨਾਮ ਪਰ ਖਰਚ ਕੀਤੀ ਗਈ ਦਿਖਾਈ ਗਈ ਹੈ ਜਦੋਂ ਕਿ ਰਣਜੋਧ ਸਿੰਘ ਅਧਿਕਾਰਤ ਪੰਚ ਵੱਲੋਂ ਕਰਵਾਏ ਗਏ ਕੰਮਾਂ ਦੀ ਪਹਿਲਾਂ ਸ੍ਰੀ ਤਰਸੇਮ ਲਾਲ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਲੋਕ ਨਿਰਮਾਣ ਮੰਡਲ ਜਲੰਧਰ ਵੱਲੋਂ ਪੜਤਾਲ ਕਰਕੇ ਰਕਮ 27,59,538 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਲਈ ਰਿਪੋਰਟ ਤਿਆਰ ਕੀਤੀ ਗਈ ਸੀ
ਰਣਜੋਧ ਸਿੰਘ ਅਧਿਕਾਰਤ ਪੰਚ ਗ੍ਰਾਮ ਪੰਚਾਇਤ ਪਿੰਡ ਕੋਟਲਾ ਸੁਲੇਮਾਨ ਦੇ ਅਰਸੇ ਦੌਰਾਨ ਕਰਵਾਏ ਗਏ ਕੰਮਾਂ ਦੀ ਵਿਜੀਲੈਂਸ ਬਿਊਰੋ ਪੰਜਾਬ ਐਸਏਐਸ ਨਗਰ ਦੀ ਤਕਨੀਕੀ ਟੀਮ-1 ਨੂੰ ਨਾਲ ਲੈ ਕੇ ਚੈਕਿੰਗ ਕੀਤੀ ਗਈ ਸੀ ਅਤੇ ਤਕਨੀਕੀ ਟੀਮ ਦੀ ਫਾੲੀਨਲ ਰਿਪੋਰਟ ਅਨੁਸਾਰ ਮਿਤੀ 5-1-2018 ਤੋਂ ਮਿਤੀ 13-7-2018 ਤਕ ਪਿੰਡ ਵਿੱਚ ਵਿਕਾਸ ਦੇ ਕਰਵਾਏ ਗਏ ਕੰਮਾਂ ਵਿੱਚ ਰਕਮ 20,67,068 ਰੁਪਏ ਦੀ ਘਪਲੇਬਾਜ਼ੀ ਰਣਜੋਧ ਸਿੰਘ ਅਧਿਕਾਰਤ ਪੰਚ, ਲੁਕੇਸ਼ ਥੰਮ੍ਹਣ ਜੇ ਈ ਅਤੇ ਪਵਿੱਤਰ ਸਿੰਘ ਪੰਚਾਇਤ ਸੈਕਟਰੀ ਵਗੈਰਾ ਵੱਲੋਂ ਕਰਨੀ ਪਾਈ ਗਈ ਹੈ।
ਵਿਜੀਲੈਂਸ ਦੀ ਤਕਨੀਕੀ ਟੀਮ ਦੀ ਰਿਪੋਰਟ ਮੁਤਾਬਕ ਗ੍ਰਾਮ ਪੰਚਾਇਤ ਪਿੰਡ ਕੋਟਲਾ ਸਲਮਾਨ ਵੱਲੋਂ ਵਿਕਾਸ ਦੇ ਕੰਮਾਂ ਨੂੰ ਕਰਵਾਉਣ ਤੋਂ ਪਹਿਲਾਂ ਉਸ ਦੀ ਤਕਨੀਕੀ ਪ੍ਰਵਾਨਗੀ ਲੈਣੀ ਜ਼ਰੂਰੀ ਸੀ ਕਿਉਂਕਿ ਉਸ ਦੇ ਮੁਤਾਬਕ ਹੀ ਮਟੀਰੀਅਲ ਦੀ ਮਿਕਦਾਰ ਅਤੇ ਰੇਟ ਮਨਜ਼ੂਰ ਕੀਤੇ ਜਾਂਦੇ ਹਨ ਪਰ ਲੁਕੇਸ਼ ਥੰਮ੍ਹਣ ਜੇ ਈ ਅਤੇ ਪਵਿੱਤਰ ਸਿੰਘ ਪੰਚਾਇਤ ਸੈਕਟਰੀ ਵੱਲੋਂ ਰਣਜੋਧ ਸਿੰਘ ਸਾਬਕਾ ਅਧਿਕਾਰਤ ਪੰਚ ਨਾਲ ਆਪਸ ਵਿਚ ਮਿਲੀਭੁਗਤ ਕਰਕੇ ਤਕਨੀਕੀ ਪ੍ਰਵਾਨਗੀ ਨਹੀਂ ਲਈ ਗਈ ਜਿਸ ਤੋਂ ਇਨ੍ਹਾਂ ਦੀ ਆਪਸ ਵਿਚ ਮਿਲੀਭੁਗਤ ਸਾਬਤ ਹੁੰਦੀ ਹੈ। ਇਸ ਤੋਂ ਇਲਾਵਾ ਤਰਲੋਚਨ ਸਿੰਘ ਸਾਬਕਾ ਸਰਪੰਚ ਦੇ ਅਰਸੇ ਦੌਰਾਨ ਤਾਇਨਾਤ ਰਹੇ ਲਲਿਤ ਗੋਇਲ ਜੇ ਈ ਪਾਸੋਂ ਵਾਰ ਵਾਰ ਮਾਪ ਪੁਸਤਕ (ਐਮਬੀ) ਦੀ ਮੰਗ ਕੀਤੀ ਗਈ ਤਾਂ ਜੋ ਤਰਲੋਚਨ ਸਿੰਘ ਸਾਬਕਾ ਸਰਪੰਚ ਦੇ ਅਰਸੇ ਦੌਰਾਨ ਪਿੰਡ ਕੋਟਲਾ ਸੁਲੇਮਾਨ ਵਿੱਚ ਕਰਵਾਏ ਗਏ ਕੰਮਾਂ ਬਾਰੇ ਚੈਕਿੰਗ ਕੀਤੀ ਜਾ ਸਕੇ ਪਰ ਲਲਿਤ ਗੋਇਲ ਜੇ ਈ ਵੱਲੋਂ ਪੜਤਾਲ ਦੌਰਾਨ ਆਪਣੀ ਮਾਪ ਪੁਸਤਕ ਵਾਰ ਵਾਰ ਮੰਗਣ ਉਪਰੰਤ ਵੀ ਪੇਸ਼ ਨਹੀਂ ਕੀਤੀ ਗਈ ਅਤੇ ਨਾ ਹੀ ਲਲਿਤ ਗੋਇਲ ਜੇ ਈ ਵੱਲੋਂ ਪਿੰਡ ਕੋਟਲਾ ਸੁਲੇਮਾਨ ਵਿਚ ਵਿਕਾਸ ਦੇ ਕੰਮਾਂ ਨਾਲ ਸਬੰਧਤ ਮਾਪ ਪੁਸਤਕ ਵਿਭਾਗ ਪਾਸ ਜਮ੍ਹਾਂ ਕਰਵਾਈ ਗਈ ਅਤੇ ਨਾ ਹੀ ਲੁਕੇਸ਼ ਥੰਮ੍ਹਣ ਜੇਈ ਵੱਲੋਂ ਲਲਿਤ ਗੋਇਲ ਜੇਈ ਪਾਸੋਂ ਮਾਪ ਪੁਸਤਕ ਦੀ ਮੰਗ ਕੀਤੀ ਗਈ ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਲਲਿਤ ਗੋਇਲ ਜੇ ਈ ਵੱਲੋਂ ਤਰਲੋਚਨ ਸਿੰਘ ਦੇ ਅਰਸੇ ਦੌਰਾਨ ਕਰਵਾਏ ਗਏ ਕੰਮਾਂ ਨਾਲ ਸਬੰਧਤ ਮਾਪ ਪੁਸਤਕ ਨੂੰ ਖੁਰਦ ਬੁਰਦ ਕੀਤਾ ਗਿਆ ਹੈ ਅਤੇ ਲੋਕੇਸ਼ ਥੰਮ੍ਹਣ ਜੇ ਈ ਵੱਲੋਂ ਗਰਾਮ ਪੰਚਾਇਤ ਪਿੰਡ ਕੋਟਲਾ ਸੁਲੇਮਾਨ ਦੇ ਕੰਮਾਂ ਨੂੰ ਕਰਵਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਬਿਨਾਂ ਵਿਭਾਗ ਦੇ ਬੀ ਡੀ ਪੀ ਓ ਦਫਤਰ ਨੂੰ ਸੂਚਿਤ ਕੀਤੇ ਹੀ ਰਣਜੋਧ ਸਿੰਘ ਅਧਿਕਾਰਤ ਸਰਪੰਚ ਨਾਲ ਮਿਲੀਭੁਗਤ ਕਰਕੇ ਨਵੀਂ ਮਾਪ ਪੁਸਤਕ ਲਗਾ ਕੇ ਕੰਮ ਸ਼ੁਰੂ ਕਰਵਾ ਦਿੱਤੇ ਗਏ।
ਜਾਂਚ ਮੁਤਾਬਿਕ ਰਣਜੋਧ ਸਿੰਘ ਸਾਬਕਾ ਅਧਿਕਾਰਤ ਪੰਚ, ਤਰਲੋਚਨ ਸਿੰਘ ਸਾਬਕਾ ਸਰਪੰਚ ਪਿੰਡ ਕੋਟਲਾ ਸੁਲੇਮਾਨ ਅਤੇ ਲਲਿਤ ਗੋਇਲ ਜੇ ਈ, ਲੁਕੇਸ਼ ਥੰਮ੍ਹਣ ਜੇ ਈ, ਪਵਿੱਤਰ ਸਿੰਘ ਪੰਚਾਇਤ ਸੈਕਟਰੀ ਦਫ਼ਤਰ ਬੀ ਡੀ ਪੀ ਓ ਫ਼ਤਹਿਗੜ੍ਹ ਸਾਹਿਬ ਵੱਲੋਂ ਆਪਸ ਵਿਚ ਮਿਲੀਭੁਗਤ ਕਰਕੇ ਅਤੇ ਗਰਾਮ ਪੰਚਾਇਤ ਪਿੰਡ ਕੋਟਲਾ ਸੁਲੇਮਾਨ ਨੂੰ ਰੇਲਵੇ ਵਿਭਾਗ ਪਾਸੋਂ ਪੰਚਾਇਤੀ ਜ਼ਮੀਨ ਨੂੰ ਐਕਵਾਇਰ ਕਰਨ ਅਤੇ ਹੋਰਾਂ ਵਸੀਲਿਆਂ ਤੋਂ ਮਿਲੀ ਕੁੱਲ 4,20,25000 ਰੁਪਏ ਦੀ ਰਕਮ ਵਿਚੋਂ 2,86,25000 ਰੁਪਏ ਨਾਲ ਸੰਬੰਧਤ ਮਾਪ ਪੁਸਤਕ ਨੂੰ ਖੁਰਦ ਬੁਰਦ ਕਰਕੇ ਅਤੇ ਤਕਨੀਕੀ ਟੀਮ ਦੀ ਰਿਪੋਰਟ ਮੁਤਾਬਕ 20,67,068 ਰੁਪਏ ਦਾ ਘਪਲਾ ਕੀਤਾ ਗਿਆ ਹੈ। ਇਸ ਜਾਂਚ ਦੇ ਅਧਾਰ ਤੇ ਵਿਜੀਲੈਂਸ ਵੱਲੋਂ ਉਕਤ ਮੁਲਜਮਾਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭੀ ਗਈ ਹੈ।