ਭਗਵੰਤ ਮਾਨ ਵੱਲੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਚੰਡੀਗੜ੍ਹ ਤੋਂ ਕੈਨੇਡਾ, ਅਮਰੀਕਾ ਅਤੇ ਯੂ.ਕੇ. ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਨਾਂ ਤੁਰੰਤ ਸ਼ੁਰੂ ਕਰਨ ਲਈ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਏ.ਏ.ਆਈ. ਨਾਲ ਤਾਲਮੇਲ ਕਰਨ ਦੇ ਨਿਰਦੇਸ਼
ਨਿਊਜ਼ ਪੰਜਾਬ
ਚੰਡੀਗੜ੍ਹ, 23 ਮਈ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਨਾਂ ਖਾਸ ਕਰਕੇ ਕੈਨੇਡਾ, ਅਮਰੀਕਾ ਅਤੇ ਯੂ.ਕੇ. ਲਈ ਸ਼ੁਰੂ ਕਰਨ ਵਾਸਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ.ਏ.ਆਈ.) ਨਾਲ ਤੁਰੰਤ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ।
ਜ਼ਿਕਰਯੋਗ ਹੈ ਕਿ ਇਸ ਸਮੇਂ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਬਈ ਅਤੇ ਸ਼ਾਰਜਾਹ ਲਈ ਸਿਰਫ਼ ਦੋ ਅੰਤਰਰਾਸ਼ਟਰੀ ਉਡਾਨਾਂ ਹੀ ਚੱਲ ਰਹੀਆਂ ਹਨ।
ਅੱਜ ਸਵੇਰੇ ਇੱਥੇ ਆਪਣੇ ਸਰਕਾਰੀ ਨਿਵਾਸ ਸਥਾਨ ‘ਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੈਨੇਡਾ, ਅਮਰੀਕਾ, ਯੂ.ਕੇ., ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਪੰਜਾਬੀ ਵਸੋਂ ਦਾ ਵੱਡਾ ਹਿੱਸਾ ਵੱਸਦਾ ਹੈ ਜਿਸ ਕਰਕੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਪੰਜਾਬ ਵਿੱਚ ਆਪਣੇ ਜੱਦੀ ਸਥਾਨਾਂ ਉਤੇ ਬਿਨਾਂ ਕਿਸੇ ਦਿੱਕਤ ਤੋਂ ਜਾਣ ਲਈ ਇਹ ਉਪਰਾਲਾ ਹੋਰ ਵੀ ਸੁਵਿਧਾਜਨਕ ਸਾਬਤ ਹੋਵੇਗਾ।
ਸੂਬੇ ਵਿੱਚ ਖੇਤੀ ਤੇ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਨੇ ਵਿਭਾਗ ਨੂੰ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਾਰਗੋ ਉਡਾਨਾਂ ਤੁਰੰਤ ਸ਼ੁਰੂ ਕਰਨ ਲਈ ਵੀ ਆਖਿਆ ਤਾਂ ਜੋ ਪੰਜਾਬ ਨੂੰ ਖੁੱਲ੍ਹੀ ਮੰਡੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਹਿਤੈਸ਼ੀ ਇਹ ਕਦਮ ਦੁਨੀਆ ਭਰ ਵਿੱਚ ਖੁਰਾਕੀ ਵਸਤਾਂ ਦੀ ਬਰਾਮਦ ਨੂੰ ਅਤਿ ਲੋੜੀਂਦਾ ਹੁਲਾਰਾ ਦੇਣ ਅਤੇ ਖਾਸ ਕਰਕੇ ਸੂਬੇ ਦੇ ਕਿਸਾਨਾਂ ਦੀ ਆਮਦਨ ਕਈ ਗੁਣਾ ਵਧਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।
ਇਸੇ ਤਰ੍ਹਾਂ ਮੁੱਖ ਮੰਤਰੀ ਨੇ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਮੋਹਾਲੀ ਰੱਖਣ ਵਾਸਤੇ ਵਿਆਪਕ ਰੂਪ ਵਿਚ ਸਹਿਮਤੀ ਬਣਾਉਣ ਲਈ ਵਿਭਾਗ ਨੂੰ ਤੁਰੰਤ ਹਰਿਆਣਾ ਸ਼ਹਿਰੀ ਹਵਾਬਾਜ਼ੀ ਵਿਭਾਗ ਨਾਲ ਮੀਟਿੰਗ ਕਰਨ ਲਈ ਕਿਹਾ।
ਸੂਬਾ ਭਰ ਵਿੱਚ ਸਨਅਤੀਕਰਨ ਨੂੰ ਅੱਗੇ ਵਧਾਉਣ ਲਈ ਸ਼ਹਿਰੀ ਹਵਾਬਾਜ਼ੀ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਹਲਵਾਰਾ ਵਿਖੇ ਅੰਤਰਰਾਸ਼ਟਰੀ ਸਿਵਲ ਇਨਕਲੇਵ ਨੂੰ ਛੇਤੀ ਤੋਂ ਛੇਤੀ ਚਾਲੂ ਕਰਨ ਲਈ ਆਖਿਆ ਜਿਸ ਨਾਲ ਸੂਬੇ ਦੇ ਉਦਯੋਗਿਕ ਧੁਰੇ-ਲੁਧਿਆਣਾ ਦੇ ਆਸ-ਪਾਸ ਵਪਾਰਕ ਅਤੇ ਉਦਯੋਗਿਕ ਗਤੀਵਿਧੀਆਂ ਸ਼ੁਰੂ ਹੋਣ ਨਾਲ ਇਸ ਨੂੰ ਵੱਡਾ ਹੁਲਾਰਾ ਮਿਲ ਸਕਦਾ ਹੈ।
ਪੰਜਾਬ ਰਾਜ ਸ਼ਹਿਰੀ ਹਵਾਬਾਜ਼ੀ ਕੌਂਸਲ (ਪੀ.ਐਸ.ਸੀ.ਏ.ਸੀ.) ਦੇ ਕੰਮਕਾਜ ਨੂੰ ਸੁਚਾਰੂ ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਭਗਵੰਤ ਮਾਨ ਨੇ ਸ਼ਹਿਰੀ ਹਵਾਬਾਜ਼ੀ ਦੇ ਸਕੱਤਰ ਨੂੰ ਪੇਸ਼ੇਵਰ ਸਿਖਲਾਈ ਪ੍ਰਾਪਤ ਪਾਇਲਟਾਂ ਵਜੋਂ ਪੂਰੀ ਤਰ੍ਹਾਂ ਲੈਸ ਹੋਣ ਲਈ ਉਡਾਨਾਂ ਦੀ ਸਿਖਲਾਈ ਦੇਣ ਵਿਚ ਸੂਬੇ ਦੇ ਨੌਜਵਾਨਾਂ ਨੂੰ ਤਰਜੀਹ ਦੇਣ ਵਾਸਤੇ ਰੂਪ-ਰੇਖਾ ਤਿਆਰ ਕਰਨ ਲਈ ਵੀ ਕਿਹਾ। ਇਸ ਤਰ੍ਹਾਂ ਇਹ ਕੌਂਸਲ ਸਥਾਨਕ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਉਡਾਨ ਦੀ ਸਿਖਲਾਈ ਦੇਣ ਵਿੱਚ ਸਹਾਈ ਸਿੱਧ ਹੋਵੇਗੀ। ਭਗਵੰਤ ਮਾਨ ਨੇ ਕਿਹ ਕਿ ਇਸ ਤੋਂ ਪਹਿਲਾਂ ਨੌਜਵਾਨਾਂ ਨੂੰ ਫਲਾਇੰਗ ਟ੍ਰੇਨਿੰਗ ਲਈ ਦੇਸ਼ ਦੇ ਹੋਰ ਹਿੱਸਿਆਂ ਅਤੇ ਇੱਥੋਂ ਤੱਕ ਕਿ ਵਿਦੇਸ਼ਾਂ ਵਿਚ ਜਾਣਾ ਪੈਂਦਾ ਸੀ ਪਰ ਹੁਣ ਉਨ੍ਹਾਂ ਨੂੰ ਇਸ ਨਾਲ ਆਪਣੇ ਹੀ ਸੂਬੇ ਦੇ ਅੰਦਰ ਕਿਫਾਇਤੀ ਦਰਾਂ ‘ਤੇ ਇਹ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ।
ਮੁੱਖ ਮੰਤਰੀ ਨੇ ਵਿਭਾਗ ਨੂੰ ਸੀ.ਏ.ਟੀ.-2 ਨੂੰ ਅਗਾਂਹਵਧੂ ਸਿਸਟਮ ਕੇ.ਏ.ਟੀ.-3 ਵਿੱਚ ਅੱਪਗ੍ਰੇਡ ਕਰਨ ਲਈ ਆਪਣੇ ਯਤਨਾਂ ਨੂੰ ਤੇਜ਼ ਕਰਨ ਲਈ ਕਿਹਾ ਹੈ ਤਾਂ ਜੋ ਖਾਸ ਕਰਕੇ ਸਰਦੀਆਂ ਵਿਚ ਸੰਘਣੀ ਧੁੰਦ ਦੌਰਾਨ ਦੂਰ ਤੱਕ ਦੇਖਣ ਦੀ ਸਮਰੱਥਾ ਘਟ ਜਾਣ ਕਰਕੇ ਉਡਾਨ ਦੇ ਸੰਚਾਲਨ ਦੀ ਸਹੂਲਤ ਦਿੱਤੀ ਜਾ ਸਕੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਏ.ਵੇਨੂੰ ਪ੍ਰਸਾਦ, ਸਕੱਤਰ ਸ਼ਹਿਰੀ ਹਵਾਬਾਜ਼ੀ ਐਮ.ਐਸ ਜੱਗੀ, ਡਾਇਰੈਕਟਰ ਸ਼ਹਿਰੀ ਹਵਾਬਾਜ਼ੀ ਸੁਮੀਤ ਜਾਰੰਗਲ ਅਤੇ ਸਲਾਹਕਾਰ ਸ਼ਹਿਰੀ ਹਵਾਬਾਜ਼ੀ ਕੈਪਟਨ ਅਭੈ ਚੰਦਰਾ ਹਾਜ਼ਰ ਸਨ।