ਬਿਜਲੀ ਮੰਤਰੀ ਨੇ ਸੜਕੀ ਹਾਦਸੇ ਦੀ ਸ਼ਿਕਾਰ ਗਰੀਬ ਔਰਤ ਦੇ ਘਰ ਦਾ ਬਿਜਲੀ ਕੁਨੈਕਸ਼ਨ ਬਹਾਲ ਕਰਵਾਇਆ
ਨਿਊਜ਼ ਪੰਜਾਬ
ਚੰਡੀਗੜ੍ਹ, 20 ਮਈ:
ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਦੀਆਂ ਹਦਾਇਤਾਂ ‘ਤੇ ਅੱਜ ਜ਼ਿਲ੍ਹਾ ਤਰਨਤਾਰਨ ਦੀ ਗਰੀਬ ਔਰਤ ਜੋ ਪਿਛਲੇ ਦਿਨੀਂ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਦੇ ਘਰ ਦਾ ਬਿਜਲੀ ਕੁਨੈਕਸ਼ਨ ਬਹਾਲ ਕਰ ਦਿੱਤਾ ਗਿਆ ਹੈ।
ਬਿਜਲੀ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਮੰਤਰੀ ਨੂੰ ਇਕ ਵੀਡਿਓ ਰਾਹੀਂ ਪਤਾ ਲੱਗਿਆ ਸੀ ਕਿ ਜੰਡੋ ਕੇ ਸਰਹਾਲੀ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ ਦੀ ਵਸਨੀਕ ਸ੍ਰੀਮਤੀ ਸਵਰਨਜੀਤ ਕੌਰ ਪਤਨੀ ਸ. ਦਿਲਬਾਗ ਸਿੰਘ ਆਪਣੇ ਤਿੰਨ ਛੋਟੇ ਬੱਚਿਆਂ ਨਾਲ ਗਰਮੀ ਦੇ ਮੌਸਮ ‘ਚ ਬਿਨਾਂ ਬਿਜਲੀ/ਪੱਖੇ ਤੋਂ ਰਹਿ ਰਹੀ ਹੈ। ਇਹ ਵੀ ਪਤਾ ਲੱਗਾ ਸੀ ਕਿ ਉਹ ਕੁੱਝ ਸਮਾਂ ਪਹਿਲਾਂ ਇੱਕ ਸੜਕੀ ਹਾਦਸੇ ਦੀ ਸ਼ਿਕਾਰ ਹੋ ਗਈ ਸੀ ਅਤੇ ਉਸ ਦੇ ਚੂਲੇ ‘ਤੇ ਸੱਟ ਲੱਗੀ ਹੋਈ ਹੈ, ਜੋ ਕਿ ਤੁਰਨ ਤੇ ਕੰਮ ਕਰਨ ‘ਚ ਅਸਮਰੱਥ ਹੈ।
ਜ਼ਿਕਰਯੋਗ ਹੈ ਕਿ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਨਿਗਰਾਨ ਇੰਜੀਨੀਅਰ, ਤਰਨ ਤਾਰਨ ਨੂੰ ਸਬੰਧਤ ਔਰਤ ਦੇ ਘਰ ਬਿਜਲੀ ਦਾ ਪ੍ਰਬੰਧ ਕਰਨ ਲਈ ਕਿਹਾ ਸੀ ਅਤੇ ਉਸ ਔਰਤ ਦੇ ਘਰ ਬਿਜਲੀ ਦਾ ਪ੍ਰਬੰਧ ਕਰਕੇ ਉਸ ਨੂੰ ਗਰਮੀ ਦੇ ਮੌਸਮ ‘ਚ ਕੁਝ ਰਾਹਤ ਦੇਣ ਲਈ ਕਿਹਾ ਸੀ।
ਬਿਜਲੀ ਮੰਤਰੀ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਹੈ ਕਿ ਸੂਬੇ ਵਿੱਚ ਅਜਿਹੇ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਬਿਜਲੀ ਬਹਾਲ ਕਰਨ ਦੇ ਮਾਮਲਿਆਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਮਦਦ ਕੀਤੀ ਜਾਵੇ।