ਪੰਜਾਬ ਪੁਲਿਸ ਨੇ ਕੋਵਿਡ-19 ਟੀਕਾਕਰਨ ਬੂਸਟਰ ਡੋਜ਼ ਲਈ ਵਿਸ਼ੇਸ ਕੈਂਪ ਲਗਾਇਆ
ਨਿਊਜ਼ ਪੰਜਾਬ
ਚੰਡੀਗੜ੍ਹ, 24 ਮਾਰਚ:
ਪੰਜਾਬ ਪੁਲਿਸ ਨੇ ਵੀਰਵਾਰ ਨੂੰ ਇੱਥੇ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਵਿਖੇ ਪੁਲਿਸ ਕਰਮੀਆਂ ਨੂੰ ਕੋਵਿਡ-19 ਵੈਕਸੀਨੇਸ਼ਨ ਬੂਸਟਰ ਡੋਜ਼ ਲਗਾਉਣ ਲਈ ਵਿਸ਼ੇ਼ਸ਼ ਕੈਂਪ ਲਗਾਇਆ।ਇਸ ਦੌਰਾਨ ਪੰਜਾਬ ਪੁਲਿਸ ਹੈੱਡਕੁਆਰਟਰ ਅਤੇ ਮੋਹਾਲੀ ਜਿ਼ਲ੍ਹੇ ਵਿਖੇ ਤਾਇਨਾਤ 142 ਪੁਲਿਸ ਅਧਿਕਾਰੀਆਂ ਨੇ ਕੋਵਿਡ-19 ਬੂਸਟਰ ਡੋਜ਼ ਦਾ ਟੀਕਾ ਲਗਵਾਇਆ।
ਡੀਜੀਪੀ, ਪੰਜਾਬ ਸ੍ਰੀ ਵੀ.ਕੇ. ਭਾਵਰਾ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਪੁਲਿਸ ਦੇ ਭਲਾਈ ਵਿੰਗ ਵੱਲੋਂ ਅਜਿਹੇ ਵੈਕਸੀਨੇਸ਼ਨ ਕੈਂਪ ਲ਼ਗਾਏ ਜਾ ਰਹੇ ਹਨ।ਉਨ੍ਹਾਂ ਨੇ ਟੀਕਾ (ਬੂਸਟਰ ਡੋਜ਼) ਲਗਵਾਉਣ ਲਈ ਸਾਰੇ ਪੁਲਿਸ ਕਰਮੀਆਂ ਨੂੰ ਉਤਸ਼ਾਹਿਤ ਵੀ ਕੀਤਾ।
ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਭਲਾਈ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸਾਰੇ ਪੁਲਿਸ ਕਰਮਚਾਰੀਆਂ ਨੂੰ ਇੱਕ ਅਗਾਊਂ ਸੰਦੇਸ਼ ਦਿੱਤਾ ਗਿਆ ਸੀ ਕਿ ਸਿਰਫ ਉਹੀ ਕਰਮਚਾਰੀ ਬੂਸਟਰ ਡੋਜ਼ ਲਈ ਯੋਗ ਹਨ ਜੋ ਦੂਜੀ ਡੋਜ਼ ਲਗਵਾਉਣ ਤੋਂ ਬਾਅਦ 9 ਮਹੀਨੇ ਦਾ ਵਕਫ਼ਾ ਪੂਰਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੋ ਕਰਮਚਾਰੀ ਅਜ ਬੂਸਟਰ ਡੋਜ਼ ਨਹੀ ਲਗਵਾ ਸਕੇ ਉਨ੍ਹਾਂ ਲਈ 28 ਮਾਰਚ, 2022 ਨੂੰ ਅਜਿਹਾ ਹੀ ਕੈਂਪ ਫਿਰ ਲਗਾਇਆ ਜਾਵੇਗਾ ਤਾਂ ਜੋ ਉਹ ਵੀ ਟੀਕਾ (ਬੂਸਟਰ ਡੋਜ਼) ਲਗਵਾ ਸਕਣ।