ਕਾਂਗਰਸ ਦੀ ਚਿੰਤਾ – ਜੀ-23 ਗਰੁੱਪ ਨਾਲ ਨਰਾਜ਼ਗੀ ਦੂਰ ਕਰਨ ਲਈ ਯਤਨ – ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਸੋਨੀਆ ਗਾਂਧੀ ਦੇ ਸੱਦੇ ਤੇ ਉਹਨਾਂ ਨੂੰ ਮਿਲਣ ਲਈ 10 ਜਨਪਥ ਪਹੁੰਚੇ
ਨਿਊਜ਼ ਪੰਜਾਬ
ਪੰਜ ਰਾਜਾਂ ‘ਚ ਹੋਈਆਂ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ‘ਚ ਫੁੱਟ ਫਿਰ ਤੋਂ ਉਜਾਗਰ ਹੋਣ ਤੋਂ ਬਾਅਦ ਪਾਰਟੀ ਨੇ ਜੀ-23 ਗਰੁੱਪ ਨਾਲ ਨਰਾਜ਼ਗੀ ਦੂਰ ਕਰਨ ਲਈ ਕੋਸ਼ਿਸ਼ਾਂ ਆਰੰਭ ਦਿੱਤੀਆਂ ਹਨ। ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੇ ਸੱਦੇ ਤੇ ਉਹਨਾਂ ਨੂੰ ਮਿਲਣ ਲਈ 10 ਜਨਪਥ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੋਨੀਆ ਗਾਂਧੀ ਨੇ ਆਜ਼ਾਦ ਨਾਲ ਦੋ ਵਾਰ ਫ਼ੋਨ ‘ਤੇ ਗੱਲ ਕੀਤੀ।ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਬਾਗੀ ਕੈਂਪ ਦੇ ਭੁਪਿੰਦਰ ਸਿੰਘ ਹੁੱਡਾ ਨਾਲ ਮੁਲਾਕਾਤ ਕੀਤੀ ਸੀ ,ਦੋਵਾਂ ਵਿਚਾਲੇ ਇਹ ਮੁਲਾਕਾਤ ਕਰੀਬ 45 ਮਿੰਟ ਤੱਕ ਚੱਲੀ।
ਬਾਗੀ ਧੜੇ ਨੇ ਦੋ ਦਿਨਾਂ ਵਿੱਚ ਦੋ ਮੀਟਿੰਗਾਂ ਸੱਦੀਆਂ ਹਨ। ਗੁਲਾਮ ਬਾਨੀ ਆਜ਼ਾਦ ਦੇ ਘਰ ਹੋਈ ਇਨ੍ਹਾਂ ਮੀਟਿੰਗਾਂ ਵਿੱਚ ਕਪਿਲ ਸਿੱਬਲ, ਆਨੰਦ ਸ਼ਰਮਾ, ਭੁਪਿੰਦਰ ਸਿੰਘ ਹੁੱਡਾ, ਸ਼ਸ਼ੀ ਥਰੂਰ, ਐਮਏ ਖ਼ਾਨ, ਮਨੀਸ਼ ਤਿਵਾੜੀ ,ਸੰਦੀਪ ਦੀਕਸ਼ਿਤ, ਵਿਵੇਕ ਤਨਖਾ, ਆਨੰਦ ਸ਼ਰਮਾ, ਪ੍ਰਿਥਵੀਰਾਜ ਚਵਾਨ, ਮਣੀ ਸ਼ੰਕਰ ਅਈਅਰ ਸਮੇਤ ਕਈ ਵੱਡੇ ਨੇਤਾ ਸ਼ਾਮਲ ਹੋਏ। ਪਾਰਟੀ ਦੇ ਜੀ-23 ਗਰੁੱਪ ਇਕ ਵਾਰ ਫਿਰ ਸਰਗਰਮ ਹੋ ਗਿਆ ਹੈ। ਮੀਟਿੰਗ ਤੋਂ ਬਾਅਦ ਕਾਂਗਰਸ ਦੇ ਜੀ-23 ਆਗੂਆਂ ਦਾ ਸਾਂਝਾ ਬਿਆਨ ਜਾਰੀ ਕੀਤਾ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਭਾਜਪਾ ਦਾ ਵਿਰੋਧ ਕਰਨ ਲਈ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਅਸੀਂ ਕਾਂਗਰਸ ਪਾਰਟੀ ਤੋਂ ਮੰਗ ਕਰਦੇ ਹਾਂ ਕਿ ਉਹ 2024 ਲਈ ਇੱਕ ਭਰੋਸੇਯੋਗ ਬਦਲ ਦਾ ਰਾਹ ਪੱਧਰਾ ਕਰੇ ਅਤੇ ਪਾਰਟੀ ਵਿਚਾਰਧਾਰਾ ਨਾਲ ਸਹਿਮਤ ਹੋਣ ਵਾਲੀਆਂ ਦੂਜੀਆਂ ਪਾਰਟੀਆਂ ਨਾਲ ਵੀ ਗੱਲਬਾਤ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।
ਸੰਕੇਤਕ ਤਸਵੀਰ