ਸੂਬੇ ਦੇ ਨਵੇਂ ਮੁੱਖ ਮੰਤਰੀ – ਭਗਵੰਤ ਸਿੰਘ ਮਾਨ ਅੱਜ ਲੈਣਗੇ ਮੁੱਖ ਮੰਤਰੀ ਵਜੋਂ ਹਲਫ਼
ਨਿਊਜ਼ ਪੰਜਾਬ
ਭਗਵੰਤ ਸਿੰਘ ਮਾਨ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਪਹਿਲੇ ਮੁੱਖ ਮੰਤਰੀ ਵਜੋਂ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਬੁੱਧਵਾਰ ਨੂੰ 12.30 ਵਜੇ ਤੋਂ ਬਾਅਦ ਹਲਫ਼ ਲੈਣਗੇ , ਪੰਜਾਬ ਦੇ ਰਾਜਪਾਲ ਬਨਬਾਰੀ ਲਾਲ ਪੁਰੋਹਿਤ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਣੇ ਇੱਕ ਦਰਜਨ ਦੇ ਕਰੀਬ ਆਗੂ ਸ਼ਾਮਲ ਹੋਣਗੇ । ਪੰਜਾਬ ਦੇ ਸਾਰੇ ਵਿਧਾਇਕਾਂ ਅਤੇ ਸੂਬੇ ਦੀ ਜਨਤਾ ਨੂੰ ਹਲਫ਼ਦਾਰੀ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਸਮਾਗਮ ਨੂੰ ਵਿਸ਼ੇਸ਼ ਬਣਾਉਣ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਪੰਜਾਬ ਭਰ ਤੋਂ ਦੋ ਲੱਖ ਤੋਂ ਵੱਧ ਲੋਕਾਂ ਦੇ ਆਉਣ ਦਾ ਦਾਅਵਾ ਕੀਤਾ ਗਿਆ ਹੈ। ਸ਼ਹੀਦੀ ਸਮਾਰਕ ਦੇ ਪਿੱਛੇ ਇੱਕ ਲੱਖ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ, ਜਦੋਂਕਿ ਯਾਦਗਾਰ ਦੀ ਜ਼ਮੀਨ ’ਤੇ ਸਾਢੇ ਛੇ ਏਕੜ ਰਕਬੇ ਵਿੱਚ ਪੰਡਾਲ ਬਣਾਇਆ ਗਿਆ ਹੈ । ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਨੇ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਸਮਾਗ਼ਮ ਵਿੱਚ ਪੁੱਜਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਹੀ ਨਹੀਂ ਪੰਜਾਬ ਦੇ ਤਿੰਨ ਕਰੋੜ ਲੋਕ ਵੀ ਮੇਰੇ ਨਾਲ ਸਹੁੰ ਚੁੱਕਣਗੇ। ਅਸੀਂ ਰਲ ਕੇ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ ਅਤੇ 16 ਮਾਰਚ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਲਾਗੂ ਕਰਾਂਗੇ। ਮਾਨ ਨੇ ਅੱਗੇ ਕਿਹਾ, ਮੈਂ ਇਕੱਲਾ ਮੁੱਖ ਮੰਤਰੀ ਨਹੀਂ ਬਣਿਆ। ਤੁਸੀਂ ਸਾਰੇ ਮੁੱਖ ਮੰਤਰੀ ਬਣ ਗਏ ਹੋ। ਹੁਣ ਤੁਹਾਡੀ ਆਪਣੀ ਸਰਕਾਰ ਹੋਵੇਗੀ।