ਨੈਸ਼ਨਲ ਕਰੀਅਰ ਸਰਵਿਸ ਸੈਂਟਰ (ਅੰਗਹੀਣਾਂ ਲਈ) ਵੱਲੋਂ ‘ਆਜ਼ਾਦੀ ਦਾ ਅਮ੍ਰਿਤ’ ਮਹਾਂਉਤਸਵ ਤਹਿਤ ਰੋਜ਼ਗਾਰ ਮੇਲਾ ਕਰਵਾਇਆ ਗਿਆ

ਨਿਊਜ਼ ਪੰਜਾਬ 

ਲੁਧਿਆਣਾ, 11 ਮਾਰਚ  – ਨੈਸ਼ਨਲ ਕਰੀਅਰ ਸਰਵਿਸ ਸੈਂਟਰ ਲੁਧਿਆਣਾ (ਅੰਗਹੀਣਾਂ ਲਈ) ਵੱਲੋਂ ‘ਆਜ਼ਾਦੀ ਦਾ ਅਮ੍ਰਿਤ’ ਮਹਾਂਉਤਸਵ ਤਹਿਤ ਰੋਜ਼ਗਾਰ ਮੇਲਾ ਕਰਵਾਇਆ ਗਿਆ ਜਿਸ ਵਿੱਚ 52 ਉਮੀਦਵਾਰਾਂ ਨੇ ਹਿੱਸਾ ਲਿਆ ਅਤੇ 38 ਯੋਗ ਉਮੀਦਵਾਰਾਂ ਦੀ ਚੌਣ ਹੋਈ ਹੈ।

ਜ਼ਿਕਰਯੋਗ ਹੈ ਕਿ ਨੈਸ਼ਨਲ ਕਰੀਅਰ ਸਰਵਿਸ ਸੈਂਟਰ (ਅੰਗਹੀਣਾਂ ਲਈ), ਭਾਰਤ ਸਰਕਾਰ ਦੀ ਕਿਰਤ ਤੇ ਰੋਜ਼ਗਾਰ ਮੰਤਰਾਲੇ ਦੁਆਰਾ 1973 ਤੋਂ ਅੰਗਹੀਣ ਵਿਅਕਤੀਆਂ ਦੀ ਸਿਖਲਾਈ ਤੇ ਰੋਜ਼ਗਾਰ ਲਈ ਸਥਾਪਤ ਕੀਤੀ ਗਈ ਇੱਕ ਉੱਘੀ ਸੰਸਥਾ ਹੈ। ਇਹ ਕੇਂਦਰ ਅੰਗਹੀਣ ਵਿਅਕਤੀਆਂ ਲਈ ਰੋਜ਼ਗਾਰ ਰਜਿਸ਼ਟ੍ਰੇਸ਼ਨ, ਸਵੈ-ਰੋਜ਼ਗਾਰ, ਹੁਨਰ ਵਿਕਾਸ ਅਤੇ ਕਿੱਤਾਮੁਖੀ ਮਾਰਗਦਰਸ਼ਨ ਦੀਆਂ ਸੇਵਾਵਾਂ ਪ੍ਰਦਾਨ ਕਰਕੇ ਉਨ੍ਹਾਂ ਨੂੰ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਦਾ ਬੱਲ ਪ੍ਰਦਾਨ ਕਰਦਾ ਹੈ।

ਨੈਸ਼ਨਲ ਕਰੀਅਰ ਸਰਵਿਸ ਸੈਂਟਰ ਵੱਲੋਂ ‘ਆਜ਼ਾਦੀ ਦਾ ਅਮ੍ਰਿਤ’ ਮਹਾਂਉਤਸਵ ਤਹਿਤ ਸਾਰਥਕ ਐਜੂਕੇਸ਼ਨਲ ਟਰੱਸਟ ਦੇ ਸਹਿਯੋਗ ਨਾਲ ਰੋਜ਼ਗਾਰ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ ਕੁੱਲ 7 ਉੱਘੀਆਂ ਕੰਪਨੀਆਂ ਨੇ ਸ਼ਮੂਲੀਅਤ ਕੀਤੀ ਜਿਸ ਵਿੱਚ ਐਸ.ਕੇ. ਇੰਡਸਟਰੀ, ਵਿਸ਼ਾਲ ਮੈਗਾ ਮਾਰਟ, ਜੇ.ਐਸ. ਗਾਰਮੈਂਟ, ਕਾਰ ਸਕਵਾਇਅਰ, ਜੀ.ਟੀ.ਬੀ. ਇੰਜੀਨੀਅਰ, ਕੋਚਰ ਇੰਫੋਟੈਕ ਅਤੇ ਕੋਰ ਪਰੋ ਸ਼ਾਮਲ ਹਨ। ਇਸ ਰੋਜ਼ਗਾਰ ਮੇਲੇ ਦੌਰਾਨ 52 ਉਮੀਦਵਾਰਾਂ ਨੇ ਹਿੱਸਾ ਲਿਆ ਅਤੇ 38 ਯੋਗ ਉਮੀਦਵਾਰਾਂ ਦੀ ਚੌਣ ਹੋਈ ਹੈ।

ਸ੍ਰੀ ਆਰ.ਸੀ. ਮੀਣਾ ਸੰਯੁਕਤ ਡਾਇਰੈਕਟਰ ਸਿਖਲਾਈ ਐਨ.ਏ.ਐਸ.ਟੀ.ਆਈ. ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮਾਗਮ ਨੂੰ ਸੰਬੋਧਨ ਕੀਤਾ। ਰੋਜ਼ਗਾਰ ਮੇਲੇ ਮੌਕੇ ਸਹਾਇਕ ਡਾਇਰੈਕਟਰ ਰੋਜ਼ਗਾਰ ਸ੍ਰੀ ਆਸ਼ੀਸ਼ ਕੁੱਲੂ ਵਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।