ਐਗਜ਼ਿਟ ਪੋਲ ਤੋਂ ਬਾਅਦ ਜਿੱਤਣ ਵਾਲੇ ਵਿਧਾਇਕਾਂ ਨੂੰ ਸੰਭਾਲਣ ਦੀ ਹੋਣ ਲੱਗੀ ਤਿਆਰੀ – ਕਾਂਗਰਸ ਨੇ ਲਾਏ ਅਬਜ਼ਰਵਰ
ਨਿਊਜ਼ ਪੰਜਾਬ
ਐਗਜ਼ਿਟ ਪੋਲ ਤੋਂ ਬਾਅਦ ਰਾਜਸੀ ਪਾਰਟੀਆਂ ਜਿੱਤਣ ਵਾਲੇ ਆਪਣੇ ਵਿਧਾਇਕਾਂ ਨੂੰ ਸੰਭਾਲਣ ਅਤੇ ਜੋੜ – ਭੰਨ ਕਰਨ ਲਈ ਤਿਆਰੀ ਆਰੰਭ ਦਿੱਤੀ ਹੈ। ਕਾਂਗਰਸ ਪਾਰਟੀ ਨੇ ਪੰਜਾਬ, ਉੱਤਰਾਖੰਡ, ਗੋਆ ਅਤੇ ਮਣੀਪੁਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਪਸ਼ਟ ਬਹੁਮਤ ਨਾ ਮਿਲਣ ਦੀ ਸਥਿਤੀ ਵਿੱਚ ਆਪਣੇ ਨਵੇਂ ਚੁਣੇ ਵਿਧਾਇਕਾਂ ਨੂੰ ਇਕਜੁੱਟ ਰੱਖਣ ਲਈ ਇਨ੍ਹਾਂ ਸੂਬਿਆਂ ਵਿੱਚ ਕੁਝ ਸੀਨੀਅਰ ਆਗੂਆਂ ਨੂੰ ਅਬਜ਼ਰਵਰ ਦੀ ਜ਼ਿੰਮੇਵਾਰੀ ਸੌਂਪੀ ਹੈ। ਸੂਤਰਾਂ ਅਨੁਸਾਰ ਜਨਰਲ ਸਕੱਤਰ ਅਜੈ ਮਾਕਨ ਅਤੇ ਪਾਰਟੀ ਦੇ ਬੁਲਾਰੇ ਪਵਨ ਖੇੜਾ ਨੂੰ ਪੰਜਾਬ, ਦੀਪਿੰਦਰ ਹੂਡਾ ਨੂੰ ਉੱਤਰਾਖੰਡ, ਕਰਨਾਟਕ ਕਾਂਗਰਸ ਦੇ ਮੁਖੀ ਡੀਕੇ ਸ਼ਿਵਕੁਮਾਰ ਨੂੰ ਗੋਆ ਅਤੇ ਮੁਕੁਲ ਵਾਸਨਿਕ, ਛੱਤੀਸਗੜ੍ਹ ਦੇ ਸਿਹਤ ਮੰਤਰੀ ਟੀਐਸ ਦਿਓ ਤੇ ਵਿਨਸੈਂਟ ਪਾਲਾ ਨੂੰ ਮਣੀਪੁਰ ਦਾ ਅਬਜ਼ਰਵਰ ਲਾਇਆ ਗਿਆ ਹੈ।ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਉੱਤਰਾਖ਼ੰਡ ਵਿੱਚ ਵਿਧਾਇਕਾਂ ਨੂੰ ਇਕਜੁੱਟ ਰੱਖਣ ਵਿੱਚ ਆਪਣੀ ਭੂਮਿਕਾ ਨਿਭਾਉਣਗੇ। ਸੂਬਿਆਂ ਦੇ ਇੰਚਾਰਜ ਅਤੇ ਚੋਣ ਅਬਜ਼ਰਵਰ ਅਗਲੇ ਕੁਝ ਦਿਨ ਚਾਰੇ ਸੂਬਿਆਂ ਵਿੱਚ ਮੌਜੂਦ ਰਹਿਣਗੇ।