ਜ਼ਿਲ੍ਹੇ ਭਰ ‘ਚ 12 ਮਾਰਚ ਤੱਕ ਮਨਾਇਆ ਜਾਵੇਗਾ ਕਾਲਾ ਮੋਤੀਆ ਹਫ਼ਤਾ
ਨਿਊਜ਼ ਪੰਜਾਬ
ਲੁਧਿਆਣਾ, 07 ਮਾਰਚ – ਸਿਵਲ ਸਰਜਨ ਲੁਧਿਆਣਾ ਡਾ.ਐਸ.ਪੀ. ਸਿੰਘ ਦੇ ਦਿਸ਼ਾ ਨਿਰਦੇਸਾਂ ਤਹਿਤ ਜ਼ਿਲ੍ਹੇ ਭਰ ਵਿੱਚ ਵਿਸ਼ਵ ਗਲੋਕੋਮਾ ਹਫ਼ਤਾ 6 ਤੋ 12 ਮਾਰਚ ਤੱਕ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਖਾਂ ਦੇ ਮਾਹਿਰ ਡਾ. ਮਨੂੰ ਵਿਜ ਨੇ ਦੱਸਿਆ ਕਿ ਵਿਸ਼ਵ ਗਲੋਕੋਮਾ ਹਫ਼ਤਾ (ਕਾਲਾ ਮੋਤੀਆ ਹਫਤਾ) ਸਿਹਤ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਜ਼ਿਲ੍ਹੇ ਭਰ ਵਿਚ ਸਾਰੀਆਂ ਸਰਕਾਰੀ ਸੰਸਥਾਂਵਾਂ ਵਿਖੇ ਮਨਾਇਆ ਜਾਵੇਗਾ।
ਇਸ ਦੌਰਾਨ ਆਮ ਲੋਕਾਂ ਨੂੰ ਕਾਲਾ ਮੋਤੀਆ ਦੀ ਬਿਮਾਰੀ ਦੇ ਲੱਛਣ ਅਤੇ ਬਚਾਅ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਕਾਲਾ ਮੋਤੀਆ ਦੇ ਮੁੱਖ ਕਾਰਨ ਅਸਾਧਾਰਣ ਸਿਰ ਦਰਦ ਜਾਂ ਅੱਖਾਂ ਵਿਚ ਦਰਦ, ਪੜ੍ਹਨ ਵਾਲੇ ਚਸ਼ਮਿਆਂ ਦਾ ਵਾਰ ਵਾਰ ਬਦਲਣਾ, ਪ੍ਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ, ਅੱਖਾਂ ਵਿਚ ਦਰਦ ਅਤੇ ਲਾਲੀ ਦੇ ਨਾਲ ਦ੍ਰਿਸ਼ਟੀ ਦੀ ਅਚਾਨਕ ਹਾਨੀ ਅਤੇ ਦ੍ਰਿਸ਼ਟੀ ਦੇ ਖੇਤਰ ਦਾ ਸੀਮਿਤ ਹੋਣਾ ਹੈ। ਇਸ ਹਫਤੇ ਦੌਰਾਨ ਕਾਲਾ ਮੋਤੀਆ ਦੇ ਸ਼ੱਕੀ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਜਾਵੇਗੀ। ਇਸ ਬਿਮਾਰੀ ਤੋ ਪੀੜਤ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆ ਜਾਣਗੀਆ ਅਤੇ ਕਾਲਾ ਮੋਤੀਆ ਦੀ ਸ਼ਿਕਾਇਤ ਹੋਣ ਵਾਲੇ ਮਰੀਜਾਂ ਦੇ ਮੁਫਤ ਆਪ੍ਰੇਸ਼ਨ ਵੀ ਕੀਤੇ ਜਾਣਗੇ।
ਡਾ. ਵਿਜ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿਹਤ ਵਿਭਾਗ ਵਲੋ ਮਨਾਏ ਜਾ ਰਹੇ ਇਸ ਹਫ਼ਤੇ ਦਾ ਵੱਧ ਤੋ ਵੱਧ ਲਾਹਾ ਲੈਣ।